ਖੰਭਾ ਮੁਕਤ ਪੰਜਾਬ! ਖੇਤਾਂ ‘ਚ Electricity Wires ਹੋਣਗੀਆਂ ਅੰਡਰਗਰਾਊਂਡ; ਭਗਵੰਤ ਮਾਨ ਨੇ ਪਾਇਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

 

ਖੰਭਾ ਮੁਕਤ ਪੰਜਾਬ! ਖੇਤਾਂ ‘ਚ ਬਿਜਲੀ ਦੀਆਂ ਤਾਰਾਂ (Electricity Wires) ਹੋਣਗੀਆਂ ਅੰਡਰਗਰਾਊਂਡ; ਭਗਵੰਤ ਮਾਨ ਨੇ ਪਾਇਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਪਿੰਡ ਸਤੌਜ ਵਿੱਚੋਂ ਹਟਾਏ ਜਾਣਗੇ 384 ਬਿਜਲੀ ਦੇ ਖੰਭੇ; 8 ਕਰੋੜ ਦੀ ਲਾਗਤ ਨਾਲ ਬਣੇਗਾ ਪੰਜਾਬ ਦਾ ਪਹਿਲਾ ‘ਖੰਭਾ ਮੁਕਤ’ ਮਾਡਲ ਪਿੰਡ

ਤੂਫ਼ਾਨ ਅਤੇ ਹਨੇਰੀ ਕਾਰਨ ਹੁਣ ਨਹੀਂ ਪ੍ਰਭਾਵਿਤ ਹੋਵੇਗੀ ਬਿਜਲੀ; ਹਾਦਸਿਆਂ ਅਤੇ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਲੱਗੇਗੀ ਲਗਾਮ

ਸਤੌਜ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਪੂਰੇ ਪੰਜਾਬ ਦੇ ਪਿੰਡਾਂ ਅਤੇ ਖੇਤਾਂ ਵਿੱਚ ਲਾਗੂ ਹੋਵੇਗਾ ਇਹ ਹਾਈ-ਟੈਕ ਮਾਡਲ

Electricity Wires! ਚੰਡੀਗੜ੍ਹ/ਸੰਗਰੂਰ, 19 ਮਈ 2026: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਿਜਲੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਇਤਿਹਾਸਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ (ਸੰਗਰੂਰ) ਤੋਂ ਬਿਜਲੀ ਦੀਆਂ ਓਵਰਹੈੱਡ ਤਾਰਾਂ ਅਤੇ ਖੰਭਿਆਂ ਨੂੰ ਹਟਾ ਕੇ ਸਪਲਾਈ ਨੂੰ ਅੰਡਰਗਰਾਊਂਡ (Electricity Wires) ਕਰਨ ਦੇ ਹਾਈ-ਟੈਕ ਪਾਇਲਟ ਪ੍ਰੋਜੈਕਟ ਦਾ ਆਗਾਜ਼ ਕਰ ਦਿੱਤਾ ਹੈ।

‘ਰੋਸ਼ਨ ਪੰਜਾਬ’ ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਖੇਤਾਂ ਅਤੇ ਪਿੰਡਾਂ ਨੂੰ ਤਾਰਾਂ ਦੇ ਜੰਜਾਲ ਅਤੇ ਖ਼ਤਰਿਆਂ ਤੋਂ ਮੁਕਤ ਕਰਨਾ ਹੈ।

ਇਸ ਇਤਿਹਾਸਕ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਪਿੰਡ ਵਾਸੀਆਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਅਕਸਰ ਦੇਖਿਆ ਜਾਂਦਾ ਹੈ ਕਿ ਝੱਖੜ, ਹਨੇਰੀ ਜਾਂ ਭਾਰੀ ਤੂਫ਼ਾਨ ਆਉਣ ਕਾਰਨ ਬਿਜਲੀ ਦੇ ਖੰਭੇ ਡਿੱਗ ਜਾਂਦੇ ਹਨ ਅਤੇ ਤਾਰਾਂ ਟੁੱਟਣ ਕਾਰਨ ਕਈ-ਕਈ ਦਿਨ ਬਿਜਲੀ ਸਪਲਾਈ ਠੱਪ ਰਹਿੰਦੀ ਹੈ।

ਹੁਣ ਤਾਰਾਂ ਅੰਡਰਗਰਾਊਂਡ ਹੋਣ ਨਾਲ ਮੌਸਮ ਜਿੰਨਾ ਮਰਜ਼ੀ ਖ਼ਰਾਬ ਹੋਵੇ, ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਜਾਰੀ ਰਹੇਗੀ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਖੇਤਾਂ ਵਿੱਚੋਂ ਲੰਘਦੀਆਂ ਹਾਈ-ਵੋਲਟੇਜ ਤਾਰਾਂ ਕਈ ਵਾਰ ਢਿੱਲੀਆਂ ਹੋ ਕੇ ਆਪਸ ਵਿੱਚ ਟਕਰਾ ਜਾਂਦੀਆਂ ਹਨ, ਜਿਸ ਕਾਰਨ ਨਿਕਲਣ ਵਾਲੀਆਂ ਚੰਗਿਆੜੀਆਂ (ਸਪਾਰਕਿੰਗ) ਕਰਕੇ ਕਿਸਾਨਾਂ ਦੀਆਂ ਪੱਕੀਆਂ ਹੋਈਆਂ ਕੀਮਤੀ ਫ਼ਸਲਾਂ ਸੜ ਕੇ ਸਵਾਹ ਹੋ ਜਾਂਦੀਆਂ ਹਨ।

ਇਸ ਤੋਂ ਇਲਾਵਾ, ਕੰਬਾਈਨਾਂ ਚੱਲਣ ਵੇਲੇ ਜਾਂ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਕਈ ਦਰਦਨਾਕ ਹਾਦਸੇ ਵਾਪਰਦੇ ਹਨ। ਅੰਡਰਗਰਾਊਂਡ ਕੇਬਲ ਸਿਸਟਮ ਲਾਗੂ ਹੋਣ ਨਾਲ ਇਹ ਸਾਰੇ ਹਾਦਸੇ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ ਅਤੇ ਬਿਜਲੀ ਚੋਰੀ ਤੇ ਲੀਕੇਜ (ਟ੍ਰਾਂਸਮਿਸ਼ਨ ਘਾਟੇ) ‘ਤੇ ਵੀ ਵੱਡੀ ਲਗਾਮ ਲੱਗੇਗੀ।

ਵੇਰਵਿਆਂ ਅਨੁਸਾਰ, ਪਿੰਡ ਸਤੌਜ ਨੂੰ ਪੰਜਾਬ ਦਾ ਪਹਿਲਾ ‘ਖੰਭਾ ਮੁਕਤ’ ਮਾਡਲ ਪਿੰਡ ਬਣਾਉਣ ਦੇ ਇਸ ਪ੍ਰੋਜੈਕਟ ‘ਤੇ ਕਰੀਬ 8 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤਹਿਤ ਪਿੰਡ ਵਿੱਚੋਂ 384 ਬਿਜਲੀ ਦੇ ਖੰਭੇ ਪੂਰੀ ਤਰ੍ਹਾਂ ਹਟਾ ਦਿੱਤੇ ਜਾਣਗੇ।

ਖਾਸ ਗੱਲ ਇਹ ਹੈ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਸੜਕਾਂ ਜਾਂ ਗਲੀਆਂ ਨੂੰ ਪੁੱਟਣ ਦੀ ਬਜਾਏ ਆਧੁਨਿਕ ਡ੍ਰਿਲਿੰਗ ਮਸ਼ੀਨਾਂ ਰਾਹੀਂ ਜ਼ਮੀਨ ਦੇ ਅੰਦਰ 3 ਫੁੱਟ ਡੂੰਘੀਆਂ ਪਾਈਪਾਂ ਪਾਈਆਂ ਜਾਣਗੀਆਂ।

ਇਸ ਪ੍ਰੋਜੈਕਟ ਤਹਿਤ, 7 ਕਿਲੋਮੀਟਰ ਐੱਚ.ਟੀ. (High Tension) ਲਾਈਨ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ। 95 ਕਿਲੋਮੀਟਰ ਐੱਲ.ਟੀ. (Low Tension) ਲਾਈਨ ਜ਼ਮੀਨਦੋਜ਼ ਹੋਵੇਗੀ।

ਇੱਥੋਂ ਤੱਕ ਕਿ ਘਰਾਂ ਨੂੰ ਜਾਣ ਵਾਲੀਆਂ ਤਾਰਾਂ ਅਤੇ ਮੀਟਰ ਬਕਸੇ ਵੀ ਅੰਡਰਗਰਾਊਂਡ ਸਿਸਟਮ ਨਾਲ ਹੀ ਜੋੜੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਹਰ ਖੇਤਰ ਵਿੱਚ ਇਨਕਲਾਬੀ ਸੁਧਾਰ ਕਰ ਰਹੀ ਹੈ।

ਆਪਣੇ ਜੱਦੀ ਪਿੰਡ ਸਤੌਜ ਵਿੱਚ ਇਸ ਪਾਇਲਟ ਪ੍ਰੋਜੈਕਟ ਦੀ ਸਫ਼ਲਤਾ ਨੂੰ ਦੇਖਣ ਤੋਂ ਬਾਅਦ, ਇਸ ਬਿਹਤਰੀਨ ਅੰਡਰਗਰਾਊਂਡ ਮਾਡਲ ਨੂੰ ਪੜਾਅਵਾਰ ਤਰੀਕੇ ਨਾਲ ਪੂਰੇ ਪੰਜਾਬ ਦੇ ਪਿੰਡਾਂ ਅਤੇ ਖੇਤਾਂ ਵਿੱਚ ਲਾਗੂ ਕੀਤਾ ਜਾਵੇਗਾ, ਤਾਂ ਜੋ ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਹਮੇਸ਼ਾ ਲਈ ਬਿਜਲੀ ਦੇ ਖੰਭਿਆਂ ਅਤੇ ਲਟਕਦੀਆਂ ਤਾਰਾਂ ਦੇ ਖ਼ਤਰੇ ਤੋਂ ਨਿਜ਼ਾਤ ਮਿਲ ਸਕੇ।