ਅਧਿਆਪਕਾਂ ਦੀਆਂ ਦੂਹਰੀਆਂ-ਤੀਹਰੀਆਂ ਗ਼ੈਰ ਵਿੱਦਿਅਕ ਡਿਊਟੀਆਂ ਨੇ ਸਕੂਲ ਕੀਤੇ ਖਾਲੀ, ਵਿਦਿਆਰਥੀ ਸਿੱਖਿਆ ਤੋਂ ਵਾਂਝੇ
ਅਖੌਤੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫ਼ੂਕ! ਦੂਹਰੀਆਂ- ਤੀਹਰੀਆਂ ਡਿਊਟੀਆਂ ਲਗਾਉਣ ‘ਤੇ DC ਸੰਗਰੂਰ ਵਿਰੁੱਧ ਮੁਜ਼ਾਹਰਾ 20 ਮਈ ਨੂੰ
ਸੰਗਰੂਰ, 19 ਮਈ 2026- ਅੱਜ ਅਧਿਆਪਕ ਜਥੇਬੰਦੀਆਂ ਡੀ.ਟੀ.ਐੱਫ. (ਦਿਗਵਿਜੇ ਪਾਲ) ਅਤੇ ਡੀ.ਟੀ.ਐੱਫ. (ਸਬੰਧਤ ਡੀ.ਐੱਮ.ਐੱਫ.) ਦੇ ਆਗੂਆਂ ਨੇ ਸਾਂਝੇ ਰੂਪ ਦਾਤਾ ਸਿੰਘ ਨਮੋਲ ਅਤੇ ਸੁਖਵਿੰਦਰ ਗਿਰ ਦੀ ਅਗਵਾਈ ਵਿੱਚ ਸੰਗਰੂਰ ਦੇ ਡੀ.ਸੀ. ਨਾਲ ਮੁਲਾਕਾਤ ਕੀਤੀ।
ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਦੀਆਂ ਜਨਗਣਨਾ,ਡਰੱਗ ਸੈਂਸਜ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਲਾਈਆਂ ਦੂਹਰੀਆਂ-ਤੀਹਰੀਆਂ ਗ਼ੈਰ ਵਿੱਦਿਅਕ ਡਿਊਟੀਆਂ ਕੱਟੀਆਂ ਜਾਣ।
ਗੰਭੀਰ ਬਿਮਾਰੀਆਂ ਤੋਂ ਪੀੜਤ,ਅੰਗਹੀਣ ਅਤੇ ਛੋਟੇ ਬੱਚਿਆਂ ਦੀਆਂ ਮਾਵਾਂ ਦੀ ਕੈਟਾਗਰੀ ਵਿੱਚ ਆਉਂਦੇ ਅਧਿਆਪਕਾਂ ਦੀਆਂ ਇਹ ਡਿਊਟੀਆਂ ਕੱਟੀਆਂ ਜਾਣ ਅਤੇ ਜਨਗਣਨਾ ਡਿਊਟੀ ਲਈ ਹੋਰ ਜ਼ਿਲ੍ਹਿਆਂ ਦੀ ਤਰਜ਼ ’ਤੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫਾਰਗ ਕੀਤਾ ਜਾਵੇ।
ਪਰ ਡੀ.ਸੀ. ਸੰਗਰੂਰ ਵੱਲੋਂ ਇਸ ਮਾਮਲੇ ਵਿੱਚ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਡੀ.ਸੀ. ਸੰਗਰੂਰ ਦੇ ਇਸ ਵਤੀਰੇ ਦੀ ਸਖਤ ਨਿੰਦਾ ਕੀਤੀ।
ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਅਖੌਤੀ ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਅਧਿਆਪਕਾਂ ਦੀਆਂ ਦੂਹਰੀਆਂ – ਤੀਹਰੀਆਂ ਗ਼ੈਰ-ਵਿੱਦਿਅਕ ਡਿਊਟੀਆਂ ਲਗਾ ਕੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕੀਤਾ ਕਰਕੇ ਜਨਤਕ ਸਿੱਖਿਆ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉੱਥੇ ਅਧਿਆਪਕਾਂ ਉੱਤੇ ਸਰੀਰਕ ਅਤੇ ਮਾਨਸਿਕ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਇਸ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ ਅਤੇ ‘ਸਿੱਖਿਆ ਕ੍ਰਾਂਤੀ’ ਦੇ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਰਹੀ ਹੈ। ਪ੍ਰਸ਼ਾਸਨ ਦੇ ਵਤੀਰੇ ਵਿਰੁੱਧ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਇਸ ਸੰਬੰਧੀ 20 ਮਈ ਨੂੰ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਵਫਦ ਵਿੱਚ ਉਕਤ ਤੋਂ ਇਲਾਵਾ ਸੁਖਜਿੰਦਰ ਸਿੰਘ, ਜਗਦੀਪ ਸਿੰਘ, ਚੰਦਰ ਸ਼ੇਖਰ, ਬਲਜੀਤ ਨਮੋਲ, ਕਿਰਪਾਲ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਤੌਜ, ਹਰਪ੍ਰੀਤ ਸਿੰਘ, ਰਮਨ ਗੋਇਲ, ਭੁਪਿੰਦਰ ਸਿੰਘ, ਦਲਜੀਤ ਸਫੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਹੋਏ।






