ਵੱਡੀ ਖ਼ਬਰ: IPS Officer ਦੀ ਨਾਬਾਲਗ ਧੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ; ਜਾਂਚ ‘ਚ ਜੁਟੀ ਪੁਲਿਸ

 

ਵੱਡੀ ਖ਼ਬਰ: IPS Officer ਦੀ ਨਾਬਾਲਗ ਧੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ; ਜਾਂਚ ‘ਚ ਜੁਟੀ ਪੁਲਿਸ

11ਵੀਂ ਜਮਾਤ ਦੀ ਵਿਦਿਆਰਥਣ ਨੇ ਘਰ ਵਿੱਚ ਕੋਈ ਨਾ ਹੋਣ ‘ਤੇ ਚੁੱਕਿਆ ਖ਼ੌਫਨਾਕ ਕਦਮ

ਮੌਕੇ ਤੋਂ ਨਹੀਂ ਮਿਲਿਆ ਕੋਈ ਸੁਸਾਈਡ ਨੋਟ; ਪੁਲਿਸ ਨੇ ਲੈਪਟਾਪ ਅਤੇ ਮੋਬਾਈਲ ਫੋਨ ਕੀਤੇ ਜ਼ਬਤ

ਭੋਪਾਲ, 27 May 2026- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇੱਕ ਬੇਹੱਦ ਵੀ.ਆਈ.ਪੀ. ਇਲਾਕੇ ‘ਚਾਰ ਇਮਲੀ’ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

ਇੱਥੇ ਰਹਿਣ ਵਾਲੇ ਇੱਕ ਸੀਨੀਅਰ ਆਈ.ਪੀ.ਐਸ. (IPS Officer) ਅਧਿਕਾਰੀ ਦੀ 17 ਸਾਲਾ ਨਾਬਾਲਗ ਧੀ ਨੇ ਫਾਹਾ ਲੈ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਛਾਤਰਾ 11ਵੀਂ ਜਮਾਤ ਵਿੱਚ ਪੜ੍ਹਦੀ ਸੀ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਭਾਣਾ ਵਾਪਰਿਆ, ਉਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਤੁਰੰਤ IPS ਅਧਿਕਾਰੀ ਦੇ ਸਰਕਾਰੀ ਬੰਗਲੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਹਬੀਬਗੰਜ ਥਾਣੇ ਦੇ ਐਸ.ਐਚ.ਓ. (SHO) ਸੰਜੀਵ ਚੌਕਸੇ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਦਿਆਰਥਣ ‘ਚਾਰ ਇਮਲੀ’ ਸਥਿਤ ਸਰਕਾਰੀ ਬੰਗਲੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ।

ਜਿਸ ਕਮਰੇ ਵਿੱਚ ਉਸ ਨੇ ਫਾਹਾ ਲਗਾਇਆ, ਉੱਥੋਂ ਪੁਲਿਸ ਨੂੰ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਵੱਲੋਂ ਵਿਦਿਆਰਥਣ ਦੀਆਂ ਕਿਤਾਬਾਂ ਅਤੇ ਹੋਰ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ, ਪਰ ਉੱਥੋਂ ਵੀ ਕੋਈ ਅਜਿਹਾ ਸੰਕੇਤ ਨਹੀਂ ਮਿਲਿਆ ਜਿਸ ਨਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਸਪੱਸ਼ਟ ਪਤਾ ਲੱਗ ਸਕੇ।

ਪੁਲਿਸ ਅਧਿਕਾਰੀਆਂ ਮੁਤਾਬਕ ਉਹ ਇਸ ਮਾਮਲੇ ਦੀ ਸਿਰਫ਼ ਖ਼ੁਦਕੁਸ਼ੀ ਦੇ ਐਂਗਲ ਤੋਂ ਹੀ ਜਾਂਚ ਨਹੀਂ ਕਰ ਰਹੇ, ਸਗੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਹਰ ਪਹਿਲੂ ਨੂੰ ਖੰਗਾਲਿਆ ਜਾ ਰਿਹਾ ਹੈ।

ਵਿਦਿਆਰਥਣ ਦੇ ਨਜ਼ਦੀਕੀਆਂ, ਜਿਨ੍ਹਾਂ ਵਿੱਚ ਉਸ ਦੀਆਂ ਸਹੇਲੀਆਂ ਅਤੇ ਸਕੂਲ ਦੇ ਦੋਸਤ ਸ਼ਾਮਲ ਹਨ, ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਤੋਂ ਵੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਛਾਤਰਾ ਕਿਸੇ ਮਾਨਸਿਕ ਤਣਾਅ ਜਾਂ ਪੜ੍ਹਾਈ ਦੇ ਬੋਝ ਹੇਠਾਂ ਤਾਂ ਨਹੀਂ ਸੀ?

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਵਿਦਿਆਰਥਣ ਦਾ ਮੋਬਾਈਲ ਫੋਨ ਅਤੇ ਲੈਪਟਾਪ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਡਿਜੀਟਲ ਡਾਟਾ ਅਤੇ ਫੋਨ ਦੀ ਜਾਂਚ ਤੋਂ ਕੋਈ ਨਾ ਕੋਈ ਅਜਿਹਾ ਸੁਰਾਗ ਜ਼ਰੂਰ ਮਿਲੇਗਾ, ਜਿਸ ਨਾਲ ਇਸ ਰਹੱਸਮਈ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।