Aam Aadmi Clinic Employees Protest : CM ਮਾਨ ਦੇ ਬਿਆਨ ਤੋਂ ਬਾਅਦ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਅਤੇ ਸਟਾਫ਼ ‘ਚ ਨੌਕਰੀਆਂ ਖੁੱਸਣ ਦਾ ਡਰ
ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ‘ਪੱਕਾ ਰੁਜ਼ਗਾਰ’ ਦੇਣ ਦਾ ਦਾਅਵਾ ਕੀਤਾ ਸੀ, ਪਰ ਅਸਲੀਅਤ ਵਿੱਚ ਕਿਸੇ ਨੂੰ ਵੀ ਨੌਕਰੀ ਦੀ ਪੁਖ਼ਤਾ ਗਾਰੰਟੀ ਨਹੀਂ ਮਿਲੀ
ਪੰਜਾਬ ‘ਚ ਵਧਿਆ ਸੰਘਰਸ਼ੀ ਪਾਰਾ: ਆਮ ਆਦਮੀ ਕਲੀਨਿਕ ਮੁਲਾਜ਼ਮਾਂ ਵੱਲੋਂ ਵੱਡੇ ਅੰਦੋਲਨ ਦਾ ਐਲਾਨ: 12 ਅਕਤੂਬਰ ਨੂੰ ਸੰਗਰੂਰ ‘ਚ ਸੀਐੱਮ ਭਗਵੰਤ ਮਾਨ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਚੰਡੀਗੜ੍ਹ / ਸੰਗਰੂਰ, 2 ਅਕਤੂਬਰ 2026- Aam Aadmi Clinic Employees Protest : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ ਹਾਲੀਆ ਬਿਆਨ ਤੋਂ ਬਾਅਦ ਸੂਬੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਹਜ਼ਾਰਾਂ ਮੁਲਾਜ਼ਮਾਂ ਦੇ ਮਨਾਂ ਵਿੱਚ ਆਪਣੀਆਂ ਨੌਕਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਅਤੇ ਖਦਸ਼ਾ ਪੈਦਾ ਹੋ ਗਿਆ ਹੈ। ਮੁੱਖ ਮੰਤਰੀ ਵੱਲੋਂ ਜਤਾਏ ਗਏ ਇਸ ਖਦਸ਼ੇ ਤੋਂ ਬਾਅਦ ਕਿ ‘ਜੇਕਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਨਹੀਂ ਆਉਂਦੀ ਤਾਂ ਇਹ ਕਲੀਨਿਕ ਬੰਦ ਹੋ ਸਕਦੇ ਹਨ’, ਮੁਲਾਜ਼ਮਾਂ ਵਿੱਚ ਤਲਖ਼ੀ ਵਧ ਗਈ ਹੈ। ਇਸਦੇ ਵਿਰੋਧ ਵਿੱਚ ‘ਆਮ ਆਦਮੀ ਕਲੀਨਿਕ ਸਾਂਝਾ ਫਰੰਟ’ ਨੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੇ ਅੰਦੋਲਨ ਦਾ ਬਿਗੁਲ ਵਜਾ ਦਿੱਤਾ ਹੈ।
ਫਰੰਟ ਨੇ ਐਲਾਨ ਕੀਤਾ ਹੈ ਕਿ 12 ਅਕਤੂਬਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਸ ਘਿਰਾਓ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਅਤੇ ਵਿਸ਼ਾਲ ਰੂਪ ਦੇਣਗੇ, ਜਿਸ ਤੋਂ ਨਿਕਲਣ ਵਾਲੇ ਹਰ ਤਰ੍ਹਾਂ ਦੇ ਸਿੱਟਿਆਂ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।
ਆਮ ਆਦਮੀ ਕਲੀਨਿਕ ਫਾਰਮਾਸਿਸਟ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਡਾਕਟਰ ਪਰਮਿੰਦਰ ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਭਰ ਵਿੱਚ ਇਸ ਵੇਲੇ ਲਗਭਗ 1,090 ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਚੱਲ ਰਹੇ ਹਨ। ਇਹਨਾਂ ਰਾਹੀਂ ਹਜ਼ਾਰਾਂ ਡਾਕਟਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਹੋਰ ਸਿਹਤ ਕਰਮਚਾਰੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਟਾਫ਼ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦੇ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਲੰਮੇ ਸਮੇਂ ਦੌਰਾਨ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਇੱਕ ਰੁਪਏ ਦਾ ਵੀ ਵਾਧਾ ਨਹੀਂ ਕੀਤਾ ਗਿਆ।
ਕਰਮਚਾਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਨੌਕਰੀ ਦੀ ਪੱਕੀ ਸੁਰੱਖਿਆ ਨਾ ਹੋਣਾ ਹੈ। ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਮੁਲਾਜ਼ਮਾਂ ਅੰਦਰ ਬੇਰੋਜ਼ਗਾਰ ਹੋਣ ਦਾ ਭੈਅ ਹੋਰ ਪੱਕਾ ਹੋ ਗਿਆ ਹੈ। ਫਰੰਟ ਦੇ ਆਗੂਆਂ ਨੇ ਦਿੱਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੁਹੱਲਾ ਕਲੀਨਿਕਾਂ ਦੀ ਵਿਵਸਥਾ ਪ੍ਰਭਾਵਿਤ ਹੋਈ ਅਤੇ ਬੰਦ ਕਰ ਦਿੱਤੇ ਗਏ। ਮੁੱਖ ਮੰਤਰੀ ਮਾਨ ਦੇ ਬਿਆਨ ਨੇ ਇਸ ਡਰ ਨੂੰ ਹੋਰ ਵਧਾ ਦਿੱਤਾ ਹੈ।
ਇਸ ਤੋਂ ਇਲਾਵਾ, ਆਮ ਆਦਮੀ ਕਲੀਨਿਕ ਕਲੀਨਿਕਲ ਅਸਿਸਟੈਂਟ ਐਸੋਸੀਏਸ਼ਨ ਦੀ ਪ੍ਰਧਾਨ ਜਸਵੀਰ ਕੌਰ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ‘ਪੱਕਾ ਰੁਜ਼ਗਾਰ’ ਦੇਣ ਦਾ ਦਾਅਵਾ ਕੀਤਾ ਸੀ, ਪਰ ਅਸਲੀਅਤ ਵਿੱਚ ਕਿਸੇ ਨੂੰ ਵੀ ਨੌਕਰੀ ਦੀ ਪੁਖ਼ਤਾ ਗਾਰੰਟੀ ਨਹੀਂ ਮਿਲੀ। ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਨੂੰ ਇੰਪੈਨਲਮੈਂਟ (ਠੇਕੇ/ਕੰਟਰੈਕਟ) ਪ੍ਰਣਾਲੀ ਰਾਹੀਂ ਰੱਖਣ ਦੀ ਬਜਾਏ ਕਿਸੇ ਨਿਯਮਿਤ ਸਰਕਾਰੀ ਸਿਹਤ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਆਗੂਆਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਕਈ ਗੇੜ ਦੀਆਂ ਬੈਠਕਾਂ ਕਰ ਚੁੱਕੇ ਹਨ, ਪਰ ਹਰ ਵਾਰ ਮਹਿਜ਼ ਭਰੋਸੇ ਹੀ ਮਿਲੇ ਹਨ ਅਤੇ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਹੈ, ਜਿਸ ਕਾਰਨ 12 ਅਕਤੂਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ।
















