ਕਿਉਂ ਬੀਬਾ ਜੀ! ਆਉਂਦੈ ਸਭ ਨੂੰ ਗੁੱਸਾ
ਗੁਰਪ੍ਰੀਤ
ਮੰਗਲਵਾਰ ਦੀ ਸਵੇਰ ਭਾਵੇਂ ਕਿ, ਬਹੁਤ ਲੋਕਾਂ ਲਈ ਕੁਸ਼ਲ-ਮੰਗਲ ਸੀ, ਪਰ ਇੱਕ ਟਰੱਕ ਡਰਾਈਵਰ ਵਾਸਤੇ ਇਹ ਸਵੇਰ ਚੰਗੀ ਨਹੀਂ ਚੜ੍ਹੀ, ਕਿਉਂਕਿ ਇੱਕ ਵਿਧਾਇਕਾ ਨੇ ਉਹਨੂੰ ਅਜਿਹਾ ਥੱਪੜ ਮਾਰਿਆ ਕਿ ਜਿਸ ਤੋਂ ਬਾਅਦ ਉਹਦੀ ਵੀਡੀਓ ਪੂਰੀ ਆਵਾਮ ਦੇ ਵਿੱਚ ਫੈਲ ਗਈ। ਮਸਲਾ ਬਸ ਇੰਨਾ ਹੀ ਸੀ ਕਿ ਜਿਸ ਵਿਧਾਇਕਾ ਨੇ ਟਰੱਕ ਡਰਾਈਵਰ ਨੂੰ ਥੱਪੜ ਮਾਰਿਆ, ਉਹ ਵਿਧਾਇਕਾ ਦੀ ਗੱਡੀ ਜਾਮ ਦੇ ਵਿੱਚ ਫਸੀ ਹੋਈ ਸੀ। ਗੱਡੀ ਲੰਘਣ ਵਿੱਚ ਦੇਰੀ ਤੋਂ ਗੁੱਸੇ ਵਿੱਚ ਆਈ ਵਿਧਾਇਕਾ ਬੀਬੀ ਨੇ ਚਪੇੜ ਕੱਢ ਮਾਰੀ।
ਜਾਣਕਾਰ ਦੱਸਦੇ ਨੇ ਕਿ ਟਰੱਕ ਚਾਲਕ ਵੱਲੋਂ ਟਰੱਕ ਹੌਲੀ ਚਲਾਇਆ ਜਾ ਰਿਹਾ ਸੀ, ਕਿਉਂਕਿ ਅੱਗੇ ਟ੍ਰੈਫਿਕ ਜਾਮ ਸੀ ਅਤੇ ਵਿਧਾਇਕਾ ਬੀਬੀ ਦੀ ਗੱਡੀ ਟਰੱਕ ਦੇ ਪਿੱਛੇ ਸੀ, ਤਾਂ ਬੀਬੀ ਨੇ ਖੁਦ ਹੀ ਟ੍ਰੈਫਿਕ ਪੁਲਿਸ, ਇੰਸਪੈਕਟਰ, ਐਸਐਸਪੀ ਤੇ ਹੋਰ ਪਤਾ ਨਹੀਂ ਕੀ ਕੁਝ ਬਣ ਕੇ ਪਹਿਲਾਂ ਤਾਂ ਆਪਣੀ ਕਥਿਤ ਧੱਕੇਸ਼ਾਹੀ ਨਾਲ ਟਰੱਕ ਦਾ ਦਰਵਾਜ਼ਾ ਖੋਲ੍ਹਿਆ, ਉਹਦੇ ਬਾਅਦ ਡਰਾਈਵਰ ਨੂੰ ਥੱਲੇ ਉਤਾਰਿਆ ਅਤੇ ਚਪੇੜ ਕੱਢ ਮਾਰੀ। ਚਪੇੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫ਼ੈਲ ਗਈ। ਇਹ ਵਿਧਾਇਕਾ ਕੋਈ ਹੋਰ ਨਹੀਂ, ਬਲਕਿ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਦੀ ਹੀ ਵਿਧਾਇਕਾ ਸਨ।
ਖੈਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਇੱਕ ਵਾਰ ਫਿਰ ਸੱਤਾ ਦੇ ਨਸ਼ੇ ਦਾ ਭਾਂਡਾ ਭੰਨ ਕੇ ਰੱਖ ਦਿੱਤਾ ਹੈ। ਵੈਸੇ ਵੇਖਿਆ ਜਾਵੇ ਤਾਂ ਵਿਧਾਇਕਾ ਬੀਬੀ ਨੇ ਚੰਗਾ ਕੀਤਾ ਜਾਂ ਮਾੜਾ, ਇਹਦੇ ਬਾਰੇ ਤਾਂ ਫੈਸਲਾ ਕਾਨੂੰਨ ਹੀ ਕਰ ਸਕਦਾ ਹੈ, ਪਰ ਸਾਡੀਆਂ ਨਜ਼ਰਾਂ ਦੇ ਵਿੱਚ ਅਜਿਹਾ ਹੋਣਾ ਆਮ ਗੱਲ ਹੈ। ਪੰਜਾਬ ਦੀਆਂ ਸੜਕਾਂ ‘ਤੇ ਇਸ ਵੇਲੇ ਟ੍ਰੈਫਿਕ ਜਾਮ ਤੋਂ ਲੈ ਕੇ ਹੋਰ ਪਤਾ ਨਹੀਂ ਕੀ ਕੁਝ ਹੋ ਰਿਹਾ? ਰੋਜ਼ਾਨਾ ਸੜਕਾਂ ਤੇ ਲੁੱਟ-ਖੋਹ, ਕਤਲ ਅਤੇ ਕਾਤਲੋਗਾਰਦ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਵੱਲ ਵਿਧਾਇਕਾ ਜਾਂ ਫਿਰ ਸਰਕਾਰ ਧਿਆਨ ਨਹੀਂ ਦੇ ਰਹੀ।
ਪੰਜਾਬ ਦੇ ਲੱਖਾਂ ਹੀ ਲੋਕ ਬਿਨਾਂ ਹੈਲਮਟ ਤੋਂ ਚਲਦੇ ਨੇ, ਨਾ ਤਾਂ ਉਹਨਾਂ ਨੂੰ ਪੁਲਿਸ ਰੋਕਦੀ ਹੈ ਤੇ ਨਾ ਹੀ ਅਜਿਹੇ ਵਿਧਾਇਕ ਜਿਹੜੇ ਦੂਜਿਆਂ ਨੂੰ ਕਾਨੂੰਨ ਸਿਖਾਉਣਾ ਜਾਣਦੇ ਹੋਣ। ਜਿਵੇਂ ਹੀ ਟਰੱਕ ਡਰਾਈਵਰ ਨੂੰ ਚਪੇੜ ਪਈ ਤਾਂ ਆਸ-ਪਾਸ ਦੇ ਟਰੱਕ ਡਰਾਇਵਰਾਂ ਦੇ ਕੰਨਾਂ ਤੱਕ ਇਹਦੀ ਆਵਾਜ਼ ਸੁਣਾਈ ਦਿੱਤੀ। ਟਰੱਕ ਡਰਾਈਵਰਾਂ ਦੀ ਫੋਰਸ ਇਕੱਠੀ ਹੋ ਗਈ ਅਤੇ ਉਨ੍ਹਾਂ ਧਰਨਾ ਮਾਰ ਦਿੱਤਾ, ਅਤੇ ਕਿਹਾ ਕਿ MLA ਬੀਬੀ ਮਾਫੀ ਮੰਗੇ। ਪਰ, ਅਜਿਹੇ ਲੀਡਰ ਕਿੱਥੇ ਮੁਆਫ਼ੀ ਮੰਗਦੇ ਨੇ, ਜਿਨ੍ਹਾਂ ਸਿਰ ਸੱਤਾ ਦਾ ਨਸ਼ਾ ਸਵਾਰ ਹੋਵੇ।
ਭਾਵੇਂ ਕਿ ਚਸ਼ਮਦੀਦ ਦੱਸਦੇ ਨੇ ਕਿ ਡਰਾਈਵਰ ਦਾ ਕੋਈ ਕਸੂਰ ਨਹੀਂ ਸੀ, ਪਰ ਵਿਧਾਇਕਾ ਨੇ ਥੱਪੜ ਕਿਉਂ ਮਾਰਿਆ? ਇਸ ਸਭ ਨੂੰ ਵੇਖ ਕੇ ਸਾਰੇ ਹੈਰਾਨ ਜ਼ਰੂਰ ਸੀ। ਵੈਸੇ ਵਿਧਾਇਕਾ ਬੀਬੀ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਹੋਣੀ ਹੈ, ਪਰ ਪਰੇਸ਼ਾਨ ਹੋਵੇ ਵੀ ਕਿਉਂ ਨਾ, ਲੁਧਿਆਣਾ ਸ਼ਹਿਰ ਹੀ ਐਸਾ ਹੈ। ਲੁਧਿਆਣੇ ਵਿੱਚ ਸਿਵਾਏ ਟ੍ਰੈਫਿਕ ਤੋਂ ਕੁਝ ਨਹੀਂ ਮਿਲਦਾ… ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਜਾਣ ਤੱਕ ਚਾਰ ਤੋਂ ਪੰਜ ਘੰਟੇ ਆਰਾਮ ਨਾਲ ਹੀ ਲੱਗ ਜਾਂਦੇ ਨੇ। ਖੈਰ, ਇਸ ਆਰਾਮ ਦੇ ਚੱਕਰ ਵਿੱਚ ਇੱਕ ਟਰੱਕ ਡਰਾਈਵਰ ਕੁੱਟਿਆ ਗਿਆ, ਵਿਚਾਰਾ।
ਵੈਸੇ MLA ਬੀਬੀ ਨੂੰ ਸਵਾਲ ਹੈ ਕਿ ਚਲੋ ਤੁਸੀਂ ਤਾਂ ਟਰੱਕ ਡਰਾਈਵਰ ਨੂੰ ਕੁੱਟ ਲਿਆ, ਪਰ ਕੀ ਤੁਹਾਨੂੰ ਪਤਾ ਕਿ ਸਿਆਸੀ ਪਾਰਟੀਆਂ ਦੇ ਰੌਲੇ-ਗੋਲੇ ਅਤੇ ਕੀਤੇ ਜਾਂਦੇ ਰੋਡ ਰੈਲੀਆਂ ਅਤੇ ਚੱਕੇ ਜਾਮ ਦੇ ਕਾਰਨ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ? ਤੁਸੀਂ ਤਾਂ ਆ ਕੇ ਹੂਟਰ ਮਾਰ ਕੇ ਲੰਘ ਜਾਂਦੇ ਹੋ, ਆਮ ਬੰਦਾ ਕਿੱਥੇ ਜਾਂਦਾ? ਆਮ ਬੰਦੇ ਨੂੰ ਤਾਂ ਹੌਲਦਾਰ ਵੀ ਕੁੱਦ ਕੇ ਪੈ ਜਾਂਦਾ ਹੈ, ਕਿੱਧਰ ਮੂੰਹ ਚੁੱਕਿਆ ਜਾਵੇ।
ਇਸ ਰੌਲੇ-ਰੱਪੇ ਅਤੇ ਵਿਧਾਇਕਾ ਬੀਬੀ ਦੀ ਕਥਿਤ ਧੱਕੇਸ਼ਾਹੀ ਨੇ ਇੱਕ ਵਾਰ ਫਿਰ ਤੋਂ ਸੱਤਾ ਦੇ ਨਸ਼ੇ ਦਾ ਭਾਂਡਾ ਤਾਂ ਭੰਨ ਕੇ ਰੱਖ ਦਿੱਤਾ ਹੈ। ਨਾਲ ਹੀ ਕਾਨੂੰਨ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕਿ ਜਦੋਂ ਉਹ ਰਸਤੇ ਵਿੱਚ ਖੜ੍ਹਾ ਸੀ, ਤਾਂ ਉਸ ਵੇਲੇ ਪੁਲਿਸ ਕੀ ਕਰਦੀ ਸੀ? ਪੁਲਿਸ ਕਿੱਥੇ ਸੀ? ਕੀ ਲੋੜ ਪਈ ਇੱਕ ਵਿਧਾਇਕ ਬੀਬੀ ਨੂੰ ਡਰਾਈਵਰ ਨੂੰ ਥੱਪੜ ਮਾਰਨ ਦੀ? ਕੀ MLA ਬੀਬੀ ਨੂੰ ਅਧਿਕਾਰ ਹੈ ਕਿ ਕਿਸੇ ਨੂੰ ਵੀ ਇੱਦਾਂ ਸ਼ਰੇਆਮ ਸੜਕ ਦੇ ਵਿਚਾਲੇ ਥੱਪੜ ਮਾਰਨ ਦਾ?
ਸਿਆਸੀ ਮਾਹਿਰ ਕਹਿੰਦੇ ਨੇ ਕਿ, ਅਜਿਹੇ ਲੀਡਰਾਂ ਦੇ ਵਿਰੁੱਧ ਸਭ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੇ ਕਾਨੂੰਨ ਤੋਂ ਉੱਪਰ ਹੋ ਕੇ ਕਿਸੇ ਦੇ ਨਾਲ ਵੀ ਗੁੰਡਾਗਰਦੀ ਕਰਨ ਵਿੱਚ ਰੁੱਝ ਜਾਂਦੇ ਨੇ। ਵਿਧਾਇਕਾ ਬੀਬੀ ਨੂੰ ਆਮ ਅਵਾਮ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਇਹ ਕਹਿਣਾ ਚਾਹੀਦਾ ਹੈ ਕਿ ਉਹ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰੇਗੀ। ਜੇਕਰ ਕੱਲ੍ਹ ਨੂੰ ਇਹਦੀ ਰੈਲੀ ਹੁੰਦੀ ਹੈ ਅਤੇ ਆਮ ਅਵਾਮ ਧਰਨਾ ਮਾਰ ਕੇ ਬੈਠ ਜਾਵੇ, ਤਾਂ ਫਿਰ ਉਹ ਕਿਹੜੇ ਮੂੰਹ ਦੇ ਨਾਲ ਉਥੋਂ ਲੰਘੇਗੀ? ਕੀ ਉਸ ਵੇਲੇ ਪੁਲਿਸ ਦੀ ਲਾਠੀ ਦਾ ਪ੍ਰਯੋਗ ਕੀਤਾ ਜਾਵੇਗਾ?
ਲੀਡਰਾਂ ਦੀਆਂ ਲੰਮੀਆਂ-ਚੌੜੀਆਂ ਰੈਲੀਆਂ ਅਤੇ ਹੂਟਰ ਮਾਰਦੀਆਂ ਗੱਡੀਆਂ ਦੇ ਕਾਰਨ ਆਮ ਲੋਕ ਹਮੇਸ਼ਾ ਹੀ ਪਰੇਸ਼ਾਨ ਰਹਿੰਦੇ ਨੇ। ਪੰਜਾਬ ਵਿੱਚ ਤਾਂ ਅਜਿਹੀ ਗੁੰਡਾਗਰਦੀ ਹਰ ਲੀਡਰ ਕਰਦਾ ਹੀ ਹੈ। ਲੀਡਰਾਂ ਨੂੰ ਆਪਣੀ ਲੰਮੀ-ਚੌੜੀ ਕਾਰ ਦੀ ਫਿਕਰ ਹੁੰਦੀ ਹੈ ਕਿ ਮੇਰੀ ਕਾਰ ਲੰਘਣੀ ਚਾਹੀਦੀ ਹੈ, ਭਾਵੇਂ ਆਮ ਜਨਤਾ ਮਰ ਜਾਵੇ।
ਜੇਕਰ ਕੋਈ ਇੱਕ ਲੀਡਰ ਉੱਠ ਕੇ ਕਿਸੇ ਗਰੀਬ ਦੀ ਮਦਦ ਕਰ ਵੀ ਦਿੰਦਾ ਹੈ, ਤਾਂ ਉਹ ਵੀ ਸੋਸ਼ਲ ਮੀਡੀਆ ‘ਤੇ ਉਡ-ਉਡ ਕੇ ਦੱਸਦਾ ਹੈ ਕਿ ਮੈਂ ਫਲਾਣੇ ਬੰਦੇ ਦੀ ਮਦਦ ਕੀਤੀ। ਖੈਰ, ਇਹ ਸਭ ਕੁਝ ਤਾਂ ਚੱਲਦਾ ਹੀ ਰਹਿੰਦਾ ਹੈ। ਸੱਤਾ ਦਾ ਨਸ਼ਾ ਜਦੋਂ ਤੱਕ ਹਾਵੀ ਹੋਵੇਗਾ, ਉਦੋਂ ਅਜਿਹੇ ਥੱਪੜ ਮਾਰਨ ਵਾਲੀਆਂ ਕਈ ਵੀਡੀਓ ਸਾਹਮਣੇ ਆਉਂਦੀਆਂ ਰਹਿਣਗੀਆਂ।















