Big Breaking: Punjabi Family ਨਾਲ ਹਿਮਾਚਲ ‘ਚ ਵਾਪਰਿਆ ਵੱਡਾ ਸੜਕ ਹਾਦਸਾ; ਪਿਓ-ਧੀ ਅਤੇ ਪੁੱਤ ਦੀ ਮੌਤ

On: ਜੂਨ 13, 2026 8:45 ਬਾਃ ਦੁਃ

 

ਪੰਜਾਬੀ ਪਰਿਵਾਰ (Punjabi family) ਨਾਲ ਹਿਮਾਚਲ ਚ ਵਾਪਰਿਆ ਵੱਡਾ ਸੜਕ ਹਾਦਸਾ; ਪਿਓ-ਧੀ ਅਤੇ ਪੁੱਤ ਦੀ ਮੌਤ- ਪਹਿਲਾਂ ਵੀ ਸਰਸਾੜੀ ਨੇੜੇ ਹੀ ਇੱਕ ਬੱਸ ਹਾਦਸਾਗ੍ਰਸਤ ਹੋਈ ਸੀ, ਜਿਸ ਵਿੱਚ 40 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ

ਕੁੱਲੂ/ਜਲੰਧਰ, 13 ਜੂਨ 2026- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭੁੰਤਰ-ਮਣੀਕਰਨ ਮਾਰਗ ‘ਤੇ ਸਰਸਾੜੀ ਨੇੜੇ ਇੱਕ ਸੈਲਾਨੀਆਂ ਦੀ ਗੱਡੀ ਬੇਕਾਬੂ ਹੋ ਕੇ ਕਰੀਬ 200 ਮੀਟਰ ਡੂੰਘੀ ਖੱਡ ਵਿੱਚ ਪਾਰਵਤੀ ਨਦੀ ਦੇ ਕੰਢੇ ਜਾ ਡਿੱਗੀ। ਇਸ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ (Punjabi family) ਦੇ ਜਲੰਧਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਜੀਆਂ (ਪਿਤਾ, ਧੀ ਅਤੇ ਪੁੱਤਰ) ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਸੈਲਾਨੀ ਜਲੰਧਰ ਦੇ ਰਾਮਾਮੰਡੀ ਅਧੀਨ ਪੈਂਦੇ ਬਾਵਾ ਬੁੱਢਾ ਜੀ ਨਗਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਪਰਮਿੰਦਰ ਦੀਵਾਨ (40) ਵਜੋਂ ਹੋਈ ਹੈ, ਜਦੋਂ ਕਿ ਉਨ੍ਹਾਂ ਦੀ 21 ਸਾਲਾ ਧੀ ਨਿਧੀ ਦੀਵਾਨ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਆਦਿੱਤਿਆ ਦੀਵਾਨ ਦੀ ਨੇਰਚੌਕ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਹਾਦਸੇ ਵਿੱਚ ਪਰਮਿੰਦਰ ਦੀਵਾਨ ਦੀ ਪਤਨੀ ਰਿਤੂ ਦੀਵਾਨ (36) ਅਤੇ ਇੱਕ ਹੋਰ 6 ਸਾਲਾ ਬੱਚਾ ਮਾਨਵ ਕਸ਼ਯਪ ਗੰਭੀਰ ਜ਼ਖ਼ਮੀ ਹੋਏ ਹਨ। ਰਿਤੂ ਦੀਵਾਨ ਦਾ ਇਲਾਜ ਕੁੱਲੂ ਦੇ ਖੇਤਰੀ ਹਸਪਤਾਲ ਵਿੱਚ ਚੱਲ ਰਿਹਾ ਹੈ, ਜਦੋਂ ਕਿ ਮਾਨਵ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਨੇਰਚੌਕ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ।

ਮਣਿਕਰਨ ਸਾਹਿਬ ਮੱਥਾ ਟੇਕ ਕੇ ਮਨਾਲੀ ਜਾ ਰਿਹਾ ਸੀ ਪਰਿਵਾਰ

ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਵੀਰਵਾਰ ਨੂੰ ਪ੍ਰਸਿੱਧ ਧਾਰਮਿਕ ਸਥਾਨ ਮਣਿਕਰਨ ਸਾਹਿਬ ਵਿਖੇ ਘੁੰਮਣ ਅਤੇ ਨਤਮਸਤਕ ਹੋਣ ਪਹੁੰਚਿਆ ਸੀ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਜਦੋਂ ਉਹ ਗੱਡੀ ਰਾਹੀਂ ਮਨਾਲੀ ਵੱਲ ਜਾ ਰਹੇ ਸਨ, ਤਾਂ ਸਰਸਾੜੀ ਨਾਮਕ ਜਗ੍ਹਾ ‘ਤੇ ਗੱਡੀ ਅਚਾਨਕ ਸੰਤੁਲਨ ਵਿਗੜਨ ਕਾਰਨ ਖੱਡ ਵਿੱਚ ਜਾ ਡਿੱਗੀ। ਹਾਦਸਾ ਹੁੰਦਾ ਦੇਖ ਸੜਕ ਤੋਂ ਲੰਘ ਰਹੇ ਹੋਰ ਵਾਹਨਾਂ ਦੇ ਸਵਾਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਖੱਡ ਵਿੱਚ ਉਤਰ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖ਼ਮੀਆਂ ਨੂੰ ਸੜਕ ਤੱਕ ਪਹੁੰਚਾਇਆ।

ਕੁੱਲੂ ਦੇ ਐਸ.ਪੀ. ਮਦਨ ਲਾਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਰਾਹਤ ਕਾਰਜਾਂ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਲੋਕਾਂ ਮੁਤਾਬਕ ਮਾਰਗ ਦੀ ਹਾਲਤ ਕਈ ਥਾਵਾਂ ‘ਤੇ ਬੇਹੱਦ ਖਸਤਾ ਬਣੀ ਹੋਈ ਹੈ, ਜਿਸ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।

ਇਸ ਤੋਂ ਪਹਿਲਾਂ ਵੀ ਸਰਸਾੜੀ ਨੇੜੇ ਹੀ ਇੱਕ ਬੱਸ ਹਾਦਸਾਗ੍ਰਸਤ ਹੋਈ ਸੀ, ਜਿਸ ਵਿੱਚ 40 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਸੜਕ ਦੀ ਮਾੜੀ ਹਾਲਤ ਅਤੇ ਤੰਗ ਮੋੜਾਂ ਕਾਰਨ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀਆਂ ਗੱਡੀਆਂ ਅਕਸਰ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ।

 

Join WhatsApp

Join Now

Leave a Comment