ਵੱਡੀ ਖ਼ਬਰ: AAP ਲੀਡਰ ਅਤੇ ਸਾਬਕਾ ਮੰਤਰੀ ਸਤਿੰਦਰ ਜੈਨ ਸਮੇਤ 6 ਗ੍ਰਿਫ਼ਤਾਰ
ਨਵੀਂ ਦਿੱਲੀ, 18 ਅਗਸਤ 2026:
ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਨੇ ਦਿੱਲੀ ਜਲ ਬੋਰਡ ਦੇ ਸੀਵਰੇਜ ਸੋਧ ਪਲਾਂਟ (ਐੱਸਟੀਪੀ) ਟੈਂਡਰ ਵਿੱਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਕੁਮਾਰ ਜੈਨ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ 18 ਅਗਸਤ 2026 ਨੂੰ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਵਿੱਚ ਦਿੱਲੀ ਜਲ ਬੋਰਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਆਈਏਐੱਸ ਅਧਿਕਾਰੀ ਉਦਿਤ ਪ੍ਰਕਾਸ਼ ਰਾਏ, ਸਾਬਕਾ ਠੇਕਾ ਸਲਾਹਕਾਰ ਅੰਕਿਤ ਸ੍ਰੀਵਾਸਤਵ, ਏਐੱਨ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨਾਗੇਂਦਰ ਯਾਦਵ, ਯੂਰੋਟੈਕ ਐਨਵਾਇਰਨਮੈਂਟ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਾਜਾ ਕੁਮਾਰ ਕੁਰਰਾ ਅਤੇ ਸ੍ਰੀਜਨਹਾਰ ਦੇ ਮਾਲਕ ਪੰਕਜ ਵਰਮਾ ਸ਼ਾਮਲ ਹਨ।
ਏਸੀਬੀ ਦਾ ਦੋਸ਼ ਹੈ ਕਿ ਐੱਸਟੀਪੀ ਦੇ ਟੈਂਡਰ ਦੀਆਂ ਸ਼ਰਤਾਂ ਵਿੱਚ ਕਥਿਤ ਤੌਰ ’ਤੇ ਤਬਦੀਲੀਆਂ ਕਰਕੇ ਇੱਕ ਵਿਸ਼ੇਸ਼ ਤਕਨੀਕ ਅਤੇ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਇਆ ਗਿਆ। ਜਾਂਚ ਦੌਰਾਨ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਤਕਨੀਕੀ ਸ਼ਰਤਾਂ ਲਗਾਉਣ, ਲੋੜੀਂਦੀ ਪ੍ਰਯੋਗਾਤਮਕ ਜਾਂਚ ਨਾ ਕਰਵਾਉਣ ਅਤੇ ਟੈਂਡਰ ਦੀਆਂ ਸ਼ਰਤਾਂ ਬਦਲਣ ਦੇ ਮਾਮਲੇ ਸਾਹਮਣੇ ਆਏ ਹਨ।
ਜਾਂਚ ਏਜੰਸੀ ਮੁਤਾਬਕ ਨਿੱਜੀ ਕੰਪਨੀਆਂ, ਵਿਚੋਲਿਆਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਕਥਿਤ ਮਿਲੀਭੁਗਤ ਦੇ ਸਬੂਤ ਵੀ ਮਿਲੇ ਹਨ। ਏਸੀਬੀ ਦਾ ਦਾਅਵਾ ਹੈ ਕਿ ਏਐੱਨ ਐਂਟਰਪ੍ਰਾਈਜ਼ਿਜ਼ ਰਾਹੀਂ ਉਦਿਤ ਪ੍ਰਕਾਸ਼ ਰਾਏ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਕਰੀਬ 1.52 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਪਹੁੰਚਾਈ ਗਈ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਜਾਇਦਾਦ ਖਰੀਦਣ ਲਈ ਕੀਤੀ ਗਈ।
ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਨੇ ਸਰਕਾਰ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਗਾਏ ਹਨ। ਪਾਰਟੀ ਆਗੂ ਅਨੁਰਾਗ ਢਾਂਡਾ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਸਮੇਂ ਦੀ ਜਲ ਬੋਰਡ ਕਾਰਵਾਈ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਸ ਵੇਲੇ ਸਤਿੰਦਰ ਜੈਨ ਜੇਲ੍ਹ ਵਿੱਚ ਸਨ। ਏਸੀਬੀ ਵੱਲੋਂ ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਜਾਰੀ ਹੈ।
















