ਵੱਡੀ ਖ਼ਬਰ: ਚੰਡੀਗੜ੍ਹ ’ਚ ਕਿਸਾਨਾਂ ਦਾ 7 ਦਿਨਾਂ ਪੱਕਾ ਮੋਰਚਾ, ਪੁਲਿਸ ਨੇ ਟ੍ਰੈਫਿਕ ਰੂਟ ਬਦਲੇ…. IISER ਤੋਂ ਟ੍ਰਿਬਿਊਨ ਚੌਂਕ ਤੱਕ ਆਵਾਜਾਈ ਪ੍ਰਭਾਵਿਤ
ਅਮਰੀਕਾ ਨਾਲ ਪ੍ਰਸਤਾਵਿਤ ਟ੍ਰੇਡ ਡੀਲ ਦੇ ਵਿਰੋਧ ’ਚ ਡਟੇ ਕਿਸਾਨ; ਟਰੈਕਟਰ-ਟਰਾਲੀਆਂ ਨਾਲ ਪਹੁੰਚੇ, ਪੁਲਿਸ ਵੱਲੋਂ ਭਾਰੀ ਬੈਰੀਕੇਡਿੰਗ
ਚੰਡੀਗੜ੍ਹ, 31 ਅਗਸਤ 2026: ਚੰਡੀਗੜ੍ਹ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੱਤ ਦਿਨਾਂ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਲੈ ਕੇ ਚੰਡੀਗੜ੍ਹ ਦੀਆਂ ਸਰਹੱਦਾਂ ’ਤੇ ਪਹੁੰਚੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਵਕ ਧਰਨਾ ਦੇਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਕਿਸਾਨਾਂ ਦੇ ਇਕੱਠ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦਾ ਇਹ ਪ੍ਰਦਰਸ਼ਨ ਮੰਗਲਵਾਰ ਤੋਂ ਸ਼ੁਰੂ ਹੋ ਕੇ ਸੋਮਵਾਰ ਤੱਕ ਜਾਰੀ ਰਹੇਗਾ।
ਮੋਰਚੇ ਦੇ ਪਹਿਲੇ ਦਿਨ ਹੀ IISER ਤੋਂ ਟ੍ਰਿਬਿਊਨ ਚੌਂਕ ਵੱਲ ਜਾਣ ਵਾਲੀ ਮੁੱਖ ਸੜਕ ’ਤੇ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ। ਇਸ ਕਾਰਨ ਆਮ ਰਾਹਗੀਰਾਂ ਅਤੇ ਮੁਸਾਫ਼ਰਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਹੇਠ ਲਿਖੇ ਰੂਟ ਪ੍ਰਭਾਵਿਤ ਰਹਿਣਗੇ……..

ਕਈ ਰੂਟਾਂ ’ਤੇ ਆਵਾਜਾਈ ਪ੍ਰਭਾਵਿਤ
ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਫੈਦਾਨ ਬੈਰੀਅਰ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀ-ਪੁਆਇੰਟ, ਸੈਕਟਰ-48 ਲਾਈਟ ਪੁਆਇੰਟ, ਵਾਈਨ ਸ਼ਾਪ ਨੇੜੇ ਤੋਂ ਸੈਕਟਰ-48 ਦੀ ਅੰਦਰੂਨੀ ਸੜਕ ਵੱਲ ਜਾਣ ਵਾਲੇ ਰਸਤੇ ’ਤੇ ਵੀ ਆਵਾਜਾਈ ਸੀਮਤ ਰਹੇਗੀ। ਸੈਕਟਰ-48/49 ਅਤੇ ਸੈਕਟਰ-49/50 ਤੋਂ ਚੰਡੀਗੜ੍ਹ ਵੱਲ ਜਾਣ ਵਾਲੇ ਰਸਤਿਆਂ ’ਤੇ ਵੀ ਪਾਬੰਦੀਆਂ ਲਾਗੂ ਰਹਿਣਗੀਆਂ।
ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਰੂਟਾਂ ਤੋਂ ਬਚਣ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲਵੇਂ ਰਸਤੇ ਦੀ ਵਰਤੋਂ ਕਰਨ। ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਹਾਸਲ ਕਰਨ ਲਈ ਵੀ ਕਿਹਾ ਗਿਆ ਹੈ।
ਮਾਲਵਾ ਵੱਲੋਂ ਆਉਣ ਵਾਲਿਆਂ ਲਈ ਵਧੇਗੀ ਮੁਸ਼ਕਲ
ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਰਾਜਪੁਰਾ ਸਮੇਤ ਪੰਜਾਬ ਦੇ ਮਾਲਵਾ ਖੇਤਰ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਖਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ ’ਤੇ ਰਾਜਪੁਰਾ ਜਾਂ ਬਨੂੜ ਵੱਲੋਂ ਆਉਣ ਵਾਲੇ ਵਾਹਨ ਪਟਿਆਲਾ ਲਾਈਟ ਪੁਆਇੰਟ ਤੋਂ ਮੁੜ ਕੇ ਏਅਰਪੋਰਟ ਰੋਡ ਰਾਹੀਂ IISER ਨੇੜੇ ਪਹੁੰਚਦੇ ਹਨ। ਇੱਥੋਂ ਸੱਜੇ ਪਾਸੇ ਮੁੜਨ ਵਾਲਾ ਰਸਤਾ ਟ੍ਰਿਬਿਊਨ ਚੌਂਕ ਵੱਲ ਜਾਂਦਾ ਹੈ। ਫਿਲਹਾਲ ਇਸੇ ਮੁੱਖ ਰਸਤੇ ’ਤੇ ਕਿਸਾਨਾਂ ਦਾ ਧਰਨਾ ਅਤੇ ਪੁਲਿਸ ਦੀ ਬੈਰੀਕੇਡਿੰਗ ਹੋਣ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੈ।
ਕਿਸਾਨ ਆਗੂਆਂ ਮੁਤਾਬਕ ਸੱਤ ਦਿਨਾਂ ਦੇ ਇਸ ਮੋਰਚੇ ਦਾ ਮੁੱਖ ਕਾਰਨ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਟ੍ਰੇਡ ਡੀਲ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਜੇਕਰ ਇਹ ਸਮਝੌਤਾ ਹੁੰਦਾ ਹੈ ਤਾਂ ਅਮਰੀਕੀ ਖੇਤੀ ਉਤਪਾਦਾਂ ਦੀ ਭਾਰਤੀ ਬਾਜ਼ਾਰ ਵਿੱਚ ਆਮਦ ਵਧ ਸਕਦੀ ਹੈ, ਜਿਸ ਨਾਲ ਦੇਸ਼ ਦੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਸ ਟ੍ਰੇਡ ਡੀਲ ਨੂੰ ਰੱਦ ਕਰੇ। ਇਸੇ ਮੰਗ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾਇਆ ਹੈ।
















