ਵੱਡੀ ਖ਼ਬਰ: ਸਾਬਕਾ ਡਿਪਟੀ ਸਪੀਕਰ ਸ਼ੱਕੀ ਹਾਲਾਤਾਂ ‘ਚ ਮੌਤ, ਪਾਰਟੀ ਦਫ਼ਤਰ ’ਚੋਂ ਮਿਲੀ ਲਾਸ਼
ਰਾਮਪੁਰਹਾਟ, 16 ਅਗਸਤ 2026:
ਪੱਛਮੀ ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੀਨੀਅਰ ਨੇਤਾ ਆਸ਼ੀਸ਼ ਬੈਨਰਜੀ ਦੀ ਐਤਵਾਰ ਸਵੇਰੇ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਕਸਬੇ ਦੇ ਹੱਟਲਾਪਾੜਾ ਇਲਾਕੇ ਵਿੱਚ ਸਥਿਤ ਟੀਐਮਸੀ ਦੇ ਪਾਰਟੀ ਦਫ਼ਤਰ ਤੋਂ ਮਿਲੀ। ਪੁਲਿਸ ਮੁਤਾਬਕ, ਉਹ ਦਫ਼ਤਰ ਅੰਦਰ ਫੰਦੇ ਨਾਲ ਲਟਕਦੀ ਹਾਲਤ ਵਿੱਚ ਮਿਲੇ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮੌਤ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਸਾਰੇ ਹਾਲਾਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖ਼ਰੀ ਸਮੇਂ ਵਿੱਚ ਉਨ੍ਹਾਂ ਨਾਲ ਕੀ ਵਾਪਰਿਆ ਸੀ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨਾਂ ਬਾਰੇ ਹੋਰ ਸਪੱਸ਼ਟਤਾ ਮਿਲਣ ਦੀ ਉਮੀਦ ਹੈ।
ਆਸ਼ੀਸ਼ ਬੈਨਰਜੀ ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਸਰਗਰਮ ਰਹੇ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਆਗੂਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਸੀ। ਉਹ ਸਾਲ 2001 ਤੋਂ ਲਗਾਤਾਰ ਪੰਜ ਵਾਰ ਰਾਮਪੁਰਹਾਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। ਆਪਣੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਨੇ ਰਾਜ ਸਰਕਾਰ ਵਿੱਚ ਸਿੱਖਿਆ ਅਤੇ ਖੇਤੀਬਾੜੀ ਮੰਤਰੀ ਵਜੋਂ ਵੀ ਜ਼ਿੰਮੇਵਾਰੀਆਂ ਨਿਭਾਈਆਂ। ਇਸ ਤੋਂ ਇਲਾਵਾ ਉਹ ਪੱਛਮੀ ਬੰਗਾਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ।
ਹਾਲਾਂਕਿ, 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਰਾਮਪੁਰਹਾਟ ਸੀਟ ਤੋਂ ਭਾਜਪਾ ਉਮੀਦਵਾਰ ਧਰੁਵ ਸਾਹਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੋਣਾਂ ਤੋਂ ਬਾਅਦ ਜੂਨ 2026 ਵਿੱਚ ਉਨ੍ਹਾਂ ਨੇ ਬੀਰਭੂਮ ਜ਼ਿਲ੍ਹਾ ਸੰਗਠਨ ਨਾਲ ਜੁੜੀਆਂ ਕੁਝ ਮਹੱਤਵਪੂਰਨ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਸ਼ੀਸ਼ ਬੈਨਰਜੀ ਦੀ ਮੌਤ ਦੀ ਖ਼ਬਰ ਨਾਲ ਟੀਐਮਸੀ ਅਤੇ ਸਥਾਨਕ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
















