ਵੱਡੀ ਖ਼ਬਰ: ਮਾਂ ਨੇ ਦੋ ਬੱਚਿਆਂ ਸਮੇਤ ਕੀਤੀ ਖੁਦਕੁਸ਼ੀ? ਪਾਣੀ ਦੀ ਟੈਂਕੀ ‘ਚੋਂ ਮਿਲੀ ਮਾਂ ਅਤੇ ਦੋ ਮਾਸੂਮ ਬੱਚਿਆਂ ਦੀ ਲਾਸ਼, ਪਤੀ ‘ਤੇ ਨਸ਼ੇ ਅਤੇ ਘਰੇਲੂ ਹਿੰਸਾ ਦੇ ਦੋਸ਼
ਚੰਡੀਗੜ੍ਹ, 7 ਅਗਸਤ 2026- ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਅਧੀਨ ਪੈਂਦੇ ਭੱਟੂ ਇਲਾਕੇ ਦੇ ਪਿੰਡ ਮੇਹੂਵਾਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਪਿੰਡ ਵਿੱਚ ਇੱਕੋ ਘਰ ਦੇ ਅੰਦਰ ਬਣੀ ਪਾਣੀ ਦੀ ਟੈਂਕੀ ਵਿੱਚੋਂ ਔਰਤ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਮੁੱਢਲੀ ਤਪਤੀਸ਼ ਅਤੇ ਮ੍ਰਿਤਕਾ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਇਹ ਪੂਰੀ ਘਟਨਾ ਘਰੇਲੂ ਹਿੰਸਾ (Domestic Violence) ਅਤੇ ਨਸ਼ੇ ਦੀ ਆਦਤ ਦਾ ਸਿੱਟਾ ਮੰਨੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ 31 ਸਾਲਾ ਸੁਦੇਸ਼ (ਜੋ ਕਿ ਆਂਗਣਵਾੜੀ ਵਰਕਰ ਸੀ), ਉਸ ਦੀ 9 ਸਾਲਾ ਧੀ ਜੋਤੀ ਅਤੇ 7 ਸਾਲਾ ਪੁੱਤਰ ਵਨੀਤ ਵਜੋਂ ਹੋਈ ਹੈ। ਵੀਰਵਾਰ ਸ਼ਾਮ ਨੂੰ ਜਦੋਂ ਘਰ ਦੇ ਅੰਦਰੋਂ ਲੰਮੇ ਸਮੇਂ ਤੱਕ ਕੋਈ ਹਲਚਲ ਨਾ ਦਿਖਾਈ ਦਿੱਤੀ ਤਾਂ ਸ਼ੱਕ ਪੈਣ ‘ਤੇ ਆਸ-ਪਾਸ ਦੇ ਲੋਕਾਂ ਨੇ ਘਰ ਦੇ ਵਿਹੜੇ ਵਿੱਚ ਬਣੀ ਪਾਣੀ ਦੀ ਟੈਂਕੀ ਵਿੱਚ ਦੇਖਿਆ। ਟੈਂਕੀ ਦੇ ਅੰਦਰ ਤਿੰਨਾਂ ਦੀਆਂ ਦੇਹਾਂ ਤੈਰਦੀਆਂ ਹੋਈਆਂ ਮਿਲੀਆਂ। ਪਿੰਡ ਵਾਸੀਆਂ ਨੇ ਤੁਰੰਤ ਮੁਸ਼ੱਕਤ ਕਰਕੇ ਤਿੰਨਾਂ ਨੂੰ ਟੈਂਕੀ ‘ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਭੱਟੂ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ (CHC) ਵਿਖੇ ਪਹੁੰਚਾਇਆ। ਹਾਲਾਂਕਿ, ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਮ੍ਰਿਤਕਾ ਸੁਦੇਸ਼ ਦੇ ਭਰਾ ਪ੍ਰਵੀਨ ਕੁਮਾਰ ਨੇ ਆਪਣੇ ਜੀਜੇ ਸੰਦੀਪ ਕੁਮਾਰ ‘ਤੇ ਬਹੁਤ ਹੀ ਗੰਭੀਰ ਦੋਸ਼ ਲਗਾਏ ਹਨ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਸੁਦੇਸ਼ ਦਾ ਵਿਆਹ ਸਾਲ 2014 ਵਿੱਚ ਮੇਹੂਵਾਲਾ ਨਿਵਾਸੀ ਸੰਦੀਪ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸੰਦੀਪ ਨਸ਼ੇ ਦਾ ਆਦੀ ਹੋ ਗਿਆ। ਨਸ਼ੇ ਦੀ ਲਤ ਕਾਰਨ ਉਹ ਅਕਸਰ ਘਰ ਵਿੱਚ ਝਗੜਾ ਕਰਦਾ ਰਹਿੰਦਾ ਸੀ ਅਤੇ ਸੁਦੇਸ਼ ਨਾਲ ਕੁੱਟਮਾਰ ਕਰਕੇ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ।
ਪਰਿਵਾਰ ਅਨੁਸਾਰ ਵੀਰਵਾਰ ਦੁਪਹਿਰ ਨੂੰ ਵੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਅਤੇ ਝਗੜਾ ਹੋਇਆ ਸੀ। ਇਸੇ ਕਲੇਸ਼ ਤੋਂ ਤੰਗ ਆ ਕੇ ਇਹ ਖੌਫ਼ਨਾਕ ਕਦਮ ਚੁੱਕੇ ਜਾਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਭੱਟੂ ਕਲਾਂ ਪੁਲਿਸ ਸਟੇਸ਼ਨ ਦੀ ਟੀਮ ਅਤੇ ‘ਸੀਨ ਆਫ਼ ਕ੍ਰਾਈਮ’ (Scene of Crime) ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ experts ਨੇ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਹਨ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲਿਸ ਬੁਲਾਰੇ ਵਿਨੋਦ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਤੀ ਸੰਦੀਪ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾ ਵਿਰੁੱਧ ਬੱਚਿਆਂ ਦੇ ਕਤਲ ਅਤੇ ਪਤੀ ਵਿਰੁੱਧ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ ਜਾਂ ਇਸ ਤੋਂ ਪਹਿਲਾਂ ਕੋਈ ਹੋਰ ਘਟਨਾ ਵਾਪਰੀ ਸੀ, ਇਸ ਦੀ ਪੂਰੀ ਸੱਚਾਈ ਪੋਸਟਮਾਰਟਮ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਪਤੀ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
















