ਵੱਡੀ ਖ਼ਬਰ: ਗਰਭਵਤੀ ਸਰਕਾਰੀ ਅਫ਼ਸਰ ਨੇ ਕੀਤੀ ਖੁਦਕੁਸ਼ੀ, ਪੜ੍ਹੋ ਪੂਰਾ ਮਾਮਲਾ
ਪਤੀ ਤੇ ਸਹੁਰਿਆਂ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼
ਨਵੀਂ ਦਿੱਲੀ, 23 ਅਗਸਤ 2026: ਦਿੱਲੀ ਦੇ ਦਵਾਰਕਾ ਇਲਾਕੇ ਵਿੱਚ 30 ਸਾਲਾ ਗਰਭਵਤੀ ਮਹਿਲਾ, ਜੋ ਰੱਖਿਆ ਮੰਤਰਾਲੇ ਵਿੱਚ ਅਸਿਸਟੈਂਟ ਸੈਕਸ਼ਨ ਅਫ਼ਸਰ ਵਜੋਂ ਤਾਇਨਾਤ ਸੀ, ਦੀ ਘਰ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ’ਤੇ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕਾ ਦੀ ਪਛਾਣ ਨਾਜ਼ੀਆ ਖ਼ਾਨਮ ਵਜੋਂ ਹੋਈ ਹੈ। ਉਸ ਦਾ ਵਿਆਹ ਆਜ਼ਮ ਅਲੀ ਖ਼ਾਨ ਨਾਲ 11 ਅਪ੍ਰੈਲ ਨੂੰ ਹੋਇਆ ਸੀ ਅਤੇ ਵਿਆਹ ਨੂੰ ਹਾਲੇ ਚਾਰ ਮਹੀਨੇ ਹੀ ਹੋਏ ਸਨ। ਅਧਿਕਾਰੀਆਂ ਮੁਤਾਬਕ ਨਾਜ਼ੀਆ ਤਿੰਨ ਮਹੀਨੇ ਦੀ ਗਰਭਵਤੀ ਸੀ।
ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਨਾਜ਼ੀਆ ਨੇ ਆਪਣੇ ਨਾਲ ਹੋ ਰਹੇ ਕਥਿਤ ਦੁਰਵਿਵਹਾਰ ਬਾਰੇ ਉਨ੍ਹਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਥਿਤ ਤੌਰ ’ਤੇ ਆਪਣੇ ਪਤੀ, ਸੱਸ ਸਮੀਨ ਨਿਸ਼ਾ ਅਤੇ ਸਹੁਰੇ ਬਾਬਰ ਅਲੀ ਖ਼ਾਨ ਵੱਲੋਂ ਲਗਾਤਾਰ ਗਾਲੀ-ਗਲੌਚ, ਕੁੱਟਮਾਰ ਅਤੇ ਘਰੋਂ ਕੱਢਣ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ ਸੀ। ਪਰਿਵਾਰ ਮੁਤਾਬਕ, ਨਾਜ਼ੀਆ ਨੇ ਕਈ ਵਾਰ ਪਤੀ ਦੇ ਵਿਵਹਾਰ ਬਾਰੇ ਸ਼ਿਕਾਇਤ ਕੀਤੀ, ਪਰ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ।
21 ਅਗਸਤ ਨੂੰ ਤੜਕੇ ਕਰੀਬ 4 ਵਜੇ ਪਰਿਵਾਰ ਨੂੰ ਨਾਜ਼ੀਆ ਦੀ ਮੌਤ ਦੀ ਸੂਚਨਾ ਮਿਲੀ। ਪਰਿਵਾਰ ਨੇ ਮੌਤ ਨੂੰ ਖ਼ੁਦਕੁਸ਼ੀ ਦੱਸੇ ਜਾਣ ’ਤੇ ਸ਼ੱਕ ਜਤਾਉਂਦਿਆਂ ਇਸ ਨੂੰ ਕਤਲ ਕਰਾਰ ਦੇਣ ਦੀ ਮੰਗ ਕੀਤੀ ਹੈ। ਨਾਜ਼ੀਆ ਦੇ ਪਿਤਾ ਤਵਾਬ ਖ਼ਾਨ ਨੇ ਉਸ ਦੇ ਪਤੀ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਪੁੱਛਗਿੱਛ ਦੌਰਾਨ ਪਤੀ ਨੇ ਦੱਸਿਆ ਕਿ ਦੋਵਾਂ ਵਿਚਾਲੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਨਾਜ਼ੀਆ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਬਾਅਦ ਵਿੱਚ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ’ਤੇ ਉਸ ਨੇ ਨਾਜ਼ੀਆ ਨੂੰ ਖਿੜਕੀ ਨਾਲ ਲਟਕਦੇ ਹੋਏ ਦੇਖਿਆ।
ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਦੀਨ ਦਿਆਲ ਉਪਾਧਿਆਏ ਹਸਪਤਾਲ ਭੇਜ ਦਿੱਤੀ ਹੈ। ਹਾਲਾਂਕਿ ਪਰਿਵਾਰ ਦੇ ਬਿਆਨ ਦਰਜ ਕਰਨ ਵਿੱਚ ਲੱਗੇ ਸਮੇਂ ਕਾਰਨ ਹਾਲੇ ਪੋਸਟਮਾਰਟਮ ਨਹੀਂ ਹੋਇਆ। ਪਰਿਵਾਰ ਨੇ ਪੋਸਟਮਾਰਟਮ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਅਤੇ ਸਾਰੇ ਸਬੂਤ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਹੈ ਕਿ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ, ਪਰਿਵਾਰ ਦੇ ਬਿਆਨਾਂ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਕੀਤੀ ਜਾਵੇਗੀ।
















