ਪੰਜਾਬ ਸਰਕਾਰ ਨੇ 500 ਤੋਂ ਵੱਧ ਕੱਚੇ ਮੁਲਾਜ਼ਮ ਕੀਤੇ ਪੱਕੇ! CM ਮਾਨ ਵੱਲੋਂ ਠੇਕੇਦਾਰੀ ਪ੍ਰਥਾ ਖਤਮ ਕਰਨ ਦਾ ਐਲਾਨ
ਹੁਣ ਮੁਲਾਜ਼ਮ ਕੱਚੇ ਨਹੀਂ ਰਹਿਣਗੇ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੰਗਲਾਤ ਵਿਭਾਗ ਦੇ 516 ਕਾਮਿਆਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਜਾਰੀ, ਠੇਕੇਦਾਰੀ ਪ੍ਰਥਾ ਖਤਮ ਕਰਨ ਦਾ ਵੱਡਾ ਦਾਅਵਾ
ਚੰਡੀਗੜ੍ਹ, 13 ਜੁਲਾਈ 2026- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੱਚੇ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜੰਗਲਾਤ ਵਿਭਾਗ (Forest Department) ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ 516 ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਮੁਲਾਜ਼ਮਾਂ ਵਿੱਚ ਮੁੱਖ ਤੌਰ ‘ਤੇ ਡਰਾਈਵਰ, ਬੇਲਦਾਰ ਅਤੇ ਹੋਰ ਦਰਜਾ-ਚਾਰ ਅਹੁਦਿਆਂ ‘ਤੇ ਤੈਨਾਤ ਦਿਹਾੜੀਦਾਰ ਸ਼ਾਮਲ ਹਨ।
ਇਸ ਮੌਕੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ 500 ਤੋਂ ਵੱਧ ਮੁਲਾਜ਼ਮ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣੇ ਹਨ, ਜਿਸ ਦੀ ਉਹ ਉਨ੍ਹਾਂ ਦੇ ਸਮੂਹ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਲੱਖ-ਲੱਖ ਵਧਾਈ ਦਿੰਦੇ ਹਨ। ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਦੇ ਦਰਦ ਨੂੰ ਸਾਂਝਾ ਕਰਦਿਆਂ ਕਿਹਾ ਕਿ ਕੱਚੇ ਕਾਮਿਆਂ ਦੇ ਸਿਰ ‘ਤੇ ਹਮੇਸ਼ਾ ਇੱਕ ਅਨਿਸ਼ਚਿਤਤਾ ਦੀ ਤਲਵਾਰ ਲਟਕਦੀ ਰਹਿੰਦੀ ਸੀ।
ਉਨ੍ਹਾਂ ਨੂੰ ਹਮੇਸ਼ਾ ਇਹ ਫ਼ਿਕਰ ਸਤਾਉਂਦਾ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦਾ ਕੀ ਬਣੇਗਾ, ਪੈਨਸ਼ਨ ਮਿਲੇਗੀ ਜਾਂ ਨਹੀਂ ਅਤੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਸੀਐਮ ਮਾਨ ਨੇ ਭਰੋਸਾ ਦਿੱਤਾ ਕਿ ਅੱਜ ਦੇ ਇਸ ਨਿਯੁਕਤੀ ਪੱਤਰ ਵੰਡ ਸਮਾਰੋਹ ਤੋਂ ਬਾਅਦ ਉਨ੍ਹਾਂ ਦੇ ਸਿਰਾਂ ਤੋਂ ਇਹ ਚਿੰਤਾ ਦੀ ਤਲਵਾਰ ਹਮੇਸ਼ਾ ਲਈ ਹਟ ਗਈ ਹੈ। ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਜਦੋਂ ਇਹ ਮਸਲਾ ਕੈਬਨਿਟ (Cabinet) ਵਿੱਚ ਆਇਆ ਸੀ, ਤਾਂ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਵੱਡੇ ਫੈਸਲੇ ਲਏ।
ਕਿਉਂਕਿ ਕਈ ਮੁਲਾਜ਼ਮ ਪਿਛਲੇ 10, 15 ਜਾਂ 20 ਸਾਲਾਂ ਤੋਂ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਸਨ, ਜਿਸ ਕਾਰਨ ਕਈਆਂ ਦੀ ਉਮਰ ਲੰਘ ਚੁੱਕੀ ਸੀ। ਇਸ ਲਈ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਪੜ੍ਹਾਈ (Qualification) ਅਤੇ ਉਮਰ ਦੀ ਹੱਦ ਵਿੱਚ ਵੱਡੀਆਂ ਛੋਟਾਂ ਦਿੱਤੀਆਂ ਤਾਂ ਜੋ ਕੋਈ ਵੀ ਮਿਹਨਤੀ ਮੁਲਾਜ਼ਮ ਪੱਕਾ ਹੋਣ ਤੋਂ ਵਾਂਝਾ ਨਾ ਰਹਿ ਜਾਵੇ।
ਆਪਣੇ ਖਾਸ ਅੰਦਾਜ਼ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਹੁਣ ਤਾਂ ਦੇਸ਼ ਵਿੱਚੋਂ ਕੱਚੇ ਕੋਠਿਆਂ ਦਾ ਰਿਵਾਜ਼ ਵੀ ਖਤਮ ਹੋ ਗਿਆ ਹੈ, ਕੱਚੀਆਂ ਛੱਤਾਂ ਅਤੇ ਕੱਚੇ ਚੁੱਲ੍ਹੇ ਵੀ ਕਿਤੇ ਲੱਭਣੇ ਮੁਸ਼ਕਿਲ ਹਨ, ਪਰ ਅਫਸੋਸ ਕਿ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਇਕੱਲੇ ਮੁਲਾਜ਼ਮ ਹੀ ਕੱਚੇ ਰਹਿ ਗਏ ਸਨ।” ਉਨ੍ਹਾਂ ਐਲਾਨ ਕੀਤਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕੇਗਾ, ਬਲਕਿ ਬਾਕੀ ਰਹਿੰਦੇ ਹੋਰਨਾਂ ਮਹਿਕਮਿਆਂ ਵਿੱਚ ਵੀ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਆਊਟਸੋਰਸਿੰਗ (Outsourcing) ਅਤੇ ਠੇਕੇਦਾਰੀ ਸਿਸਟਮ ‘ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਇਸ ਠੇਕੇਦਾਰੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਸਰਕਾਰ ਕੋਲੋਂ ਤਾਂ ਮੁਲਾਜ਼ਮਾਂ ਦੇ ਨਾਂ ‘ਤੇ ਪੂਰੀ ਤਨਖਾਹ ਲੈਂਦੇ ਸਨ, ਪਰ ਅੱਗੇ ਗਰੀਬ ਮੁਲਾਜ਼ਮਾਂ ਨੂੰ ਅੱਧੀ ਤਨਖਾਹ ਵੀ ਨਹੀਂ ਦਿੰਦੇ ਸਨ।
ਮੁਲਾਜ਼ਮਾਂ ਤੋਂ ਪੂਰੀ ਤਨਖਾਹ ਦੇ ਸਾਈਨ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਨਾ ਕੋਈ ਛੁੱਟੀ ਮਿਲਦੀ ਸੀ ਅਤੇ ਜਦੋਂ ਮਰਜ਼ੀ ਬਿਨਾਂ ਨੋਟਿਸ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਅਜਿਹੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਇਨ੍ਹਾਂ ਸਾਰੇ ਮੁਲਾਜ਼ਮਾਂ ਦਾ ਭਵਿੱਖ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ।
















