Punjab Weather Storm! ਵੱਡੀ ਖ਼ਬਰ: ਪੰਜਾਬ ‘ਚ ਤੇਜ਼ ਤੂਫ਼ਾਨ ਦਾ ਕਹਿਰ; 21 ਸਾਲਾ ਕੁੜੀ ਦੀ ਮੌਤ
Punjab Weather Storm! ਸਰਹੱਦੀ ਪਿੰਡ ਵਿੱਚ ਵਾਪਰਿਆ ਦਰਦਨਾਕ ਹਾਦਸਾ, ਗਰਦਨ ‘ਤੇ ਚਾਦਰ ਦਾ ਟੁਕੜਾ ਲੱਗਣ ਕਾਰਨ ਕੁੜੀ ਨੇ ਮੌਕੇ ‘ਤੇ ਤੋੜਿਆ ਦਮ- ਪੀੜਤ ਪਰਿਵਾਰ ਦੇ ਸਿਰ ਤੋਂ ਪਹਿਲਾਂ ਹੀ ਉੱਠ ਚੁੱਕਿਆ ਹੈ ਪਿਤਾ ਅਤੇ ਦਾਦੇ ਦਾ ਸਾਇਆ, ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਪਰਿਵਾਰ
ਫ਼ਾਜ਼ਿਲਕਾ, 12 ਜੂਨ 2026- ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਵਿੱਚ ਵੀਰਵਾਰ ਸ਼ਾਮ ਨੂੰ ਆਏ ਤੇਜ਼ ਹਨੇਰੀ-ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੂਦਰਤੀ ਆਫ਼ਤ ਕਾਰਨ ਬਾਰਡਰ ਖੇਤਰ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਅਤੇ ਵੱਡੇ-ਵੱਡੇ ਰੁੱਖਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਸੇ ਦੌਰਾਨ ਫ਼ਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਕੰਬਾਊ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਤੇਜ਼ ਹਵਾ ਕਾਰਨ ਉੱਡ ਕੇ ਆਈ ਸੀਮਿੰਟ ਦੀ ਚਾਦਰ ਦਾ ਇੱਕ ਤਿੱਖਾ ਟੁਕੜਾ 21 ਸਾਲਾ ਮੁਟਿਆਰ ਸੁਨੀਤਾ ਰਾਣੀ ਦੀ ਗਰਦਨ ‘ਤੇ ਜਾ ਲੱਗਿਆ। ਇਹ ਚੋਟ ਇੰਨੀ ਗੰਭੀਰ ਸੀ ਕਿ ਸੁਨੀਤਾ ਰਾਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਿੰਡ ਦੇ ਨਿਵਾਸੀ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਇਸ ਅਚਾਨਕ ਹੋਈ ਮੌਤ ਤੋਂ ਬਾਅਡ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਚਸ਼ਮਦੀਦਾਂ ਮੁਤਾਬਕ, ਵੀਰਵਾਰ ਸ਼ਾਮ ਨੂੰ ਤੂਫ਼ਾਨ ਇੰਨਾ ਤੇਜ਼ ਸੀ ਕਿ ਆਸ-ਪਾਸ ਦੀਆਂ ਛੱਤਾਂ ਤੋਂ ਸਾਮਾਨ ਉੱਡ ਰਿਹਾ ਸੀ।

ਇਸੇ ਦੌਰਾਨ ਸੀਮਿੰਟ ਦੀ ਚਾਦਰ ਦਾ ਇੱਕ ਹਿੱਸਾ ਤੇਜ਼ ਰਫ਼ਤਾਰ ਨਾਲ ਉੱਡਦਾ ਹੋਇਆ ਆਇਆ ਅਤੇ ਸਿੱਧਾ ਸੁਨੀਤਾ ਰਾਣੀ ਦੀ ਗਰਦਨ ਵਿੱਚ ਜਾ ਵੱਜਿਆ। ਖ਼ੂਨ ਜ਼ਿਆਦਾ ਵਹਿ ਜਾਣ ਕਾਰਨ ਉਸ ਨੇ ਘਟਨਾ ਸਥਾਨ ‘ਤੇ ਹੀ ਦਮ ਤੋੜ ਦਿੱਤਾ।
ਪਿੰਡ ਵਾਸੀਆਂ ਨੇ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਮ੍ਰਿਤਕ ਸੁਨੀਤਾ ਰਾਣੀ ਦੇ ਪਰਿਵਾਰ ‘ਤੇ ਪਹਿਲਾਂ ਵੀ ਰੱਬ ਦੀ ਮਾਰ ਪੈ ਚੁੱਕੀ ਹੈ। ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਅਤੇ ਦਾਦਾ ਦਾ ਵੀ ਦਿਹਾਂਤ ਹੋ ਚੁੱਕਾ ਹੈ। ਪਰਿਵਾਰ ਪਹਿਲਾਂ ਹੀ ਗੰਭੀਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਅਤੇ ਹੁਣ ਘਰ ਦੀ ਜਵਾਨ ਧੀ ਦੀ ਇਸ ਤਰ੍ਹਾਂ ਮੌਤ ਹੋ ਜਾਣ ਨਾਲ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ।
ਮੌਜੂਦਾ ਸਮੇਂ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਵੀ ਮੈਂਬਰ ਨਹੀਂ ਬਚਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਬੇਹੱਦ ਮੰਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਉਚਿਤ ਮੁਆਵਜ਼ਾ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ, ਤਾਂ ਜੋ ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਨੂੰ ਕੁਝ ਸਹਾਰਾ ਮਿਲ ਸਕੇ।
ਇਸ ਤੋਂ ਇਲਾਵਾ, ਤੂਫ਼ਾਨ ਕਾਰਨ ਖੇਤਰ ਦੇ ਹੋਰਨਾਂ ਪਿੰਡਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਵੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
















