ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਥਾਵਾਂ ‘ਤੇ ਕੱਲ੍ਹ ਪੈਣਗੀਆਂ ਵੋਟਾਂ! ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂਹਰਸਹਾਏ, ਜਲਾਲਾਬਾਦ ਅਤੇ ਨਗਰ ਪੰਚਾਇਤ ਮਮਦੋਟ ਦੀ ਚੋਣ ਲਈ 5 ਜੁਲਾਈ ਨੂੰ ਵੋਟਾਂ ਪੈਣਗੀਆਂ
Punjab News, 4 ਜੁਲਾਈ 2026:
ਪੰਜਾਬ ਵਿੱਚ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂਹਰਸਹਾਏ, ਜਲਾਲਾਬਾਦ ਅਤੇ ਨਗਰ ਪੰਚਾਇਤ ਮਮਦੋਟ ਦੀ ਚੋਣ ਲਈ 5 ਜੁਲਾਈ ਨੂੰ ਵੋਟਾਂ ਪੈਣਗੀਆਂ। ਪੰਜਾਬ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਚੋਣਾਂ ਲਈ ਵੋਟਿੰਗ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਜਦਕਿ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਹ ਚੋਣਾਂ ਈ. ਵੀ. ਐੱਮ. ਮਸ਼ੀਨਾਂ ਰਾਹੀਂ ਕਰਵਾਈਆਂ ਜਾਣਗੀਆਂ। ਕਮਿਸ਼ਨ ਵੱਲੋਂ ਚੋਣਾਂ ਨੂੰ ਪੂਰੀ ਤਰ੍ਹਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸੇ ਦੇ ਮੱਦੇਨਜ਼ਰ ਰਜਿਸਟਰਡ ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਵੋਟ ਦੇ ਅਧਿਕਾਰ ਦੇ ਵਰਤੋਂ ਕਰਨ ਲਈ ਛੁੱਟੀ ਰਹੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਇਨ੍ਹਾਂ ਕਾਮਿਆਂ ਨੂੰ ਵਿਸ਼ੇਸ਼ ਛੁੱਟੀ ਕੀਤੀ ਗਈ ਹੈ ਜੋ ਸਬੰਧਤ ਸਥਾਨਿਕ ਸੰਸਥਾਵਾਂ ਦੇ ਮਾਲੀਆ ਅਧਿਕਾਰ ਖੇਤਰ ਅਧੀਨ ਰਜਿਸਟਰਡ ਵੋਟਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ, 1958 ਦੀ ਧਾਰਾ 10 ਦੀ ਉਪਧਾਰਾ (1) ਤਹਿਤ ਰਾਜ ਦੇ ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ ਕੰਮ ਕਰਦੇ ਅਜਿਹੇ ਕਰਮਚਾਰੀਆਂ, ਜੋ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂਹਰਸਹਾਏ, ਜਲਾਲਾਬਾਦ ਅਤੇ ਨਗਰ ਪੰਚਾਇਤ ਮਮਦੋਟ ਦੇ ਵੋਟਰ ਹਨ, ਨੂੰ 5 ਜੁਲਾਈ 2026 ਨੂੰ ਵੋਟਾਂ ਵਾਲੇ ਦਿਨ ਉਕਤ ਨਿਯਮ ਦੀ ਧਾਰਾ 10 ਦੀ ਉਪਧਾਰਾ (1) ਦੇ ਉਪਬੰਧ ਤੋਂ ਛੋਟ ਦਿੱਤੀ ਗਈ ਹੈ, ਤਾਂ ਜੋ ਉਹ ਆਪਣੀ ਵੋਟ ਦਾ ਆਜ਼ਾਦ ਢੰਗ ਨਾਲ ਵਰਤੋਂ ਕਰ ਸਕਣ।
ਉਨ੍ਹਾਂ ਸਪੱਸ਼ਟ ਕੀਤਾ ਕਿ 5 ਜੁਲਾਈ 2026 (ਐਤਵਾਰ) ਨੂੰ ਵੋਟਾਂ ਲਈ ਦਿੱਤੀ ਗਈ ਇਹ ਛੁੱਟੀ ਕਰਮਚਾਰੀਆਂ ਦੇ ਹਫਤਾਵਰੀ ਛੁੱਟੀ ਦੀ ਜਗ੍ਹਾ ’ਤੇ ਮਾਨਤਾ ਨਹੀਂ ਹੋਵੇਗੀ। ਜੇਕਰ ਕਿਸੇ ਕਰਮਚਾਰੀ ਦੀ ਹਫਤਾਵਰੀ ਛੁੱਟੀ 5 ਜੁਲਾਈ ਤੋਂ 11 ਜੁਲਾਈ 2026 ਦਰਮਿਆਨ ਨਿਰਧਾਰਤ ਹੈ, ਤਾਂ 5 ਜੁਲਾਈ ਨੂੰ ਵੋਟਾਂ ਵਾਲੇ ਦਿਨ ਕਾਰਨ ਉਸ ਨੂੰ ’ਕਲੋਜਡ ਡੇਅ’ ਭਾਵ ਹਫਤਾਵਰੀ ਛੁੱਟੀ ਦਾ ਬਦਲ ਨਹੀਂ ਮੰਨਿਆ ਜਾਵੇਗਾ।

















