Breaking News: ਪਾਵਰ ਪਲਾਂਟ ‘ਚ ਵੱਡਾ ਹਾਦਸਾ; 17 ਮੁਲਾਜ਼ਮਾਂ ਦੀ ਮੌਤ
ਮੁੱਖ ਮੰਤਰੀ ਵੱਲੋਂ ਸਖ਼ਤ ਜਾਂਚ ਦੇ ਹੁਕਮ; ਪੀੜਤ ਪਰਿਵਾਰਾਂ ਲਈ ਕਰੋੜਾਂ ਦੇ ਮੁਆਵਜ਼ੇ ਦਾ ਐਲਾਨ
ਸਕਤੀ/ਰਾਏਪੁਰ, 15 ਅਪ੍ਰੈਲ 2026:
ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਵਿੱਚ ਸਥਿਤ ਵੇਦਾਂਤਾ ਪਾਵਰ ਪਲਾਂਟ ਵਿੱਚ ਮੰਗਲਵਾਰ ਨੂੰ ਹੋਏ ਭਿਆਨਕ ਬੋਆਇਲਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੰਜ ਰਾਜਾਂ (ਯੂਪੀ, ਬਿਹਾਰ, ਪੱਛਮੀ ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ) ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।
ਮ੍ਰਿਤਕਾਂ ਦੀ ਪਛਾਣ ਮੁਤਾਬਕ ਸਭ ਤੋਂ ਵੱਧ ਨੁਕਸਾਨ ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਨੂੰ ਹੋਇਆ ਹੈ। ਛੱਤੀਸਗੜ੍ਹ ਦੇ 5 ਮਜ਼ਦੂਰ (ਸਕਤੀ, ਜਾਂਜਗੀਰ ਅਤੇ ਰਾਏਗੜ੍ਹ ਦੇ ਨਿਵਾਸੀ), ਪੱਛਮੀ ਬੰਗਾਲ ਦੇ 5 ਮਜ਼ਦੂਰ, ਝਾਰਖੰਡ ਦੇ 3 ਮਜ਼ਦੂਰ, ਬਿਹਾਰ ਦੇ 2 ਮਜ਼ਦੂਰ, ਉੱਤਰ ਪ੍ਰਦੇਸ਼ ਦੇ 2 ਮਜ਼ਦੂਰ ਦੀ ਇਸ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਇਹ ਧਮਾਕਾ ਮੰਗਲਵਾਰ ਦੁਪਹਿਰ ਨੂੰ ਸਿੰਘੀਤਰਾਈ ਪਿੰਡ ਵਿੱਚ ਸਥਿਤ ਪਲਾਂਟ ਦੀ ਇੱਕ ਸਟੀਲ ਟਿਊਬ ਵਿੱਚ ਹੋਇਆ। ਇਹ ਟਿਊਬ ਬੋਆਇਲਰ ਤੋਂ ਟਰਬਾਈਨ ਤੱਕ ਬਹੁਤ ਤੇਜ਼ ਦਬਾਅ ਵਾਲੀ ਭਾਫ਼ (Steam) ਲੈ ਕੇ ਜਾ ਰਹੀ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਹੋਰ 17 ਮਜ਼ਦੂਰਾਂ ਦਾ ਰਾਏਪੁਰ ਅਤੇ ਰਾਏਗੜ੍ਹ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਮੁੱਖ ਮੰਤਰੀ ਵੱਲੋਂ ਸਖ਼ਤ ਜਾਂਚ ਦੇ ਹੁਕਮ ਅਤੇ ਮੁਆਵਜ਼ੇ ਦਾ ਐਲਾਨ
ਮੁੱਖ ਮੰਤਰੀ ਵਿਸ਼ਣੂ ਦੇਵ ਸਾਇ ਨੇ ਬਿਲਾਸਪੁਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਥਾਨਕ ਐਸ.ਡੀ.ਐਮ. (SDM) ਨੂੰ 30 ਦਿਨਾਂ ਦੇ ਅੰਦਰ ਮੈਜਿਸਟ੍ਰੇਟ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਪੀੜਤ ਪਰਿਵਾਰਾਂ ਲਈ ਸਰਕਾਰ ਅਤੇ ਕੰਪਨੀ ਵੱਲੋਂ ਵੱਡੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਸਰਕਾਰੀ ਮਦਦ।ਵੇਦਾਂਤਾ ਕੰਪਨੀ ਵੱਲੋਂ ਮ੍ਰਿਤਕਾਂ ਦੇ ਹਰ ਪਰਿਵਾਰ ਨੂੰ 35 ਲੱਖ ਰੁਪਏ ਮੁਆਵਜ਼ਾ ਅਤੇ ਰੁਜ਼ਗਾਰ ਵਿੱਚ ਮਦਦ। ਜ਼ਖ਼ਮੀਆਂ ਨੂੰ 15 ਲੱਖ ਰੁਪਏ ਦਿੱਤੇ ਜਾਣਗੇ ਅਤੇ ਠੀਕ ਹੋਣ ਤੱਕ ਉਨ੍ਹਾਂ ਦੀ ਪੂਰੀ ਸੈਲਰੀ (ਤਨਖਾਹ) ਜਾਰੀ ਰਹੇਗੀ।
ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਨਾਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਰਿਤੇਸ਼ ਕੁਮਾਰ, ਅੰਮ੍ਰਿਤ ਲਾਲ ਪਟੇਲ, ਠੰਡਾਰਾਮ ਲਹਿਰੇ ਅਤੇ ਹੋਰ ਸ਼ਾਮਲ ਹਨ। ਰਾਜ ਸਰਕਾਰ ਨੇ ਜ਼ਖ਼ਮੀਆਂ ਦੇ ਮੁਫ਼ਤ ਅਤੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। LH






