BREAKING- ਸੀਨੀਅਰ ਲੀਡਰ ਨੇ ਅਕਾਲੀ ਦਲ ਅਤੇ SGPC ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
“ਕਿਰਦਾਰਕੁਸ਼ੀ ਦੀ ਕੋਸ਼ਿਸ਼”: FIR ਦਰਜ ਹੋਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੇ ਸੁਖਬੀਰ ਬਾਦਲ ਤੇ ਧਾਮੀ ਨੂੰ ਭੇਜਿਆ ਅਸਤੀਫ਼ਾ
ਚੰਡੀਗੜ੍ਹ, 16 ਸਤੰਬਰ 2026- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਖ਼ਿਲਾਫ਼ ਦਰਜ ਹੋਈ ਇੱਕ ਐੱਫ਼.ਆਈ.ਆਰ. (FIR) ਤੋਂ ਬਾਅਦ ਇਹ ਵੱਡਾ ਕਦਮ ਚੁੱਕਦਿਆਂ ਚਾਵਲਾ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਇੱਕ ਡੂੰਘੀ ਸਾਜ਼ਿਸ਼ ਤਹਿਤ ਝੂਠਾ ਕੇਸ ਦਰਜ ਕਰਵਾ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਦਿੱਤਾ ਹੈ। ਅਮਰਜੀਤ ਸਿੰਘ ਚਾਵਲਾ ਨੇ ਅਸਤੀਫ਼ਾ ਦਿੰਦਿਆਂ ਬਹੁਤ ਹੀ ਭਾਵੁਕ ਅਤੇ ਗੰਭੀਰ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, “ਮੈਨੂੰ ਅੱਜ ਬੜੇ ਅਫ਼ਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਕੁੱਝ ਲੋਕ ਮੇਰੇ ਪਿੱਛੇ ਹੱਥ ਧੋ ਕੇ ਪਏ ਹੋਏ ਸਨ ਅਤੇ ਮੇਰੀ ਕਿਰਦਾਰਕੁਸ਼ੀ ਕਰ ਰਹੇ ਸਨ। ਇਲੈਕਸ਼ਨਾਂ ਦੇ ਨੇੜੇ ਆਉਂਦਿਆਂ ਹੀ ਅਜਿਹੀਆਂ ਗਤੀਵਿਧੀਆਂ ਵਧ ਜਾਂਦੀਆਂ ਹਨ। ਮੇਰੇ ਖ਼ਿਲਾਫ਼ ਜੋ ਝੂਠੀ ਅਤੇ ਬੇਬੁਨਿਆਦ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ, ਇਹ ਪੂਰੀ ਤਰ੍ਹਾਂ ਨਾਲ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।”
ਉਨ੍ਹਾਂ ਅੱਗੇ ਕਿਹਾ ਕਿ ਉਹ ਇਲਾਕੇ ਦੀ ਸੰਗਤ ਵਿੱਚ ਨਿਰੰਤਰ ਵਿਚਰਦੇ ਰਹੇ ਹਨ ਅਤੇ ਸਤਿਗੁਰੂ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਨੇ ਹਮੇਸ਼ਾ ਤਨਦੇਹੀ ਨਾਲ ਸੰਗਤ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ, “ਕੁੱਝ ਲੋਕਾਂ ਨੂੰ ਮੇਰੀ ਦਿਨ-ਰਾਤ ਦੀ ਭੱਜ-ਨੱਠ ਅਤੇ ਸੇਵਾ ਪਸੰਦ ਨਹੀਂ ਸੀ, ਇਸੇ ਕਰਕੇ ਮੇਰੇ ਪੈਰਾਂ ਵਿੱਚ ਸੰਗਲ ਪਾਉਣ ਦਾ ਯਤਨ ਕੀਤਾ ਗਿਆ ਹੈ।”
ਚਾਵਲਾ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਜਥੇਬੰਦੀ ਜਾਂ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਵਿੱਚ ਨਹੀਂ ਪਾਉਣਾ ਚਾਹੁੰਦੇ। ਉਨ੍ਹਾਂ ਕਿਹਾ, “ਇਸ ਸਾਜ਼ਿਸ਼ ਪਿੱਛੇ ਜੋ ਵੀ ਕਹਾਣੀ ਬੁਣੀ ਗਈ ਹੈ, ਉਹ ਮਾਮਲਾ ਅਜੇ ਅਦਾਲਤ ਵਿੱਚ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰਾ ਸੱਚ ਸੰਗਤ ਦੇ ਸਾਹਮਣੇ ਆ ਜਾਵੇਗਾ। ਪਰ ਇੱਕ ਅਖ਼ਲਾਕੀ ਜ਼ੁੰਮੇਵਾਰੀ ਨੂੰ ਸਮਝਦਿਆਂ ਮੈਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਐੱਸਜੀਪੀਸੀ ਮੈਂਬਰਸ਼ਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।”
ਆਪਣੇ ਸਿਆਸੀ ਅਤੇ ਧਾਰਮਿਕ ਜੀਵਨ ਬਾਰੇ ਗੱਲ ਕਰਦਿਆਂ ਉਨ੍ਹਾਂ ਯਾਦ ਕਰਵਾਇਆ ਕਿ ਉਹ ਇੱਕ ਲੰਬੇ ਸੰਘਰਸ਼ ਵਿੱਚੋਂ ਲੰਘੇ ਹਨ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਭਾਈ ਅਮਰੀਕ ਸਿੰਘ ਦੇ ਨਾਲ ਰਹਿ ਕੇ ਉਨ੍ਹਾਂ ਨੇ ਪੰਥਕ ਸੰਘਰਸ਼ ਵਿੱਚ ਬੜਾ ਯੋਗਦਾਨ ਪਾਇਆ ਹੈ ਅਤੇ ਜੇਲ੍ਹਾਂ ਵੀ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸੰਗਤ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਪੂਰੀ ਈਮਾਨਦਾਰੀ ਨਾਲ ਨਿਭਾਇਆ।
ਅਮਰਜੀਤ ਸਿੰਘ ਚਾਵਲਾ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਜਿੰਨੀ ਦੇਰ ਤੱਕ ਉਹ ਇਸ ਝੂਠੇ ਕੇਸ ਤੋਂ ਪੂਰੀ ਤਰ੍ਹਾਂ ਦੋਸ਼ ਮੁਕਤ (ਕਲੀਅਰ) ਨਹੀਂ ਹੋ ਜਾਂਦੇ, ਉੱਨੀ ਦੇਰ ਤੱਕ ਉਹ ਮੁੜ ਸੇਵਾ ਵਿੱਚ ਹਾਜ਼ਰ ਨਹੀਂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤੀ ਚਾਰਜੂਈ ਤੋਂ ਬਾਅਦ ਜਦੋਂ ਸਾਰਾ ਸੱਚ ਸਾਹਮਣੇ ਆਵੇਗਾ, ਤਾਂ ਉਹ ਪੂਰੀ ਤਰ੍ਹਾਂ ਨਿਰਦੋਸ਼ ਸਾਬਤ ਹੋ ਕੇ ਦੁਬਾਰਾ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਣਗੇ।
















