BTech Student Death! ਬੀ.ਟੈਕ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਵੱਡੀ ਕੰਪਨੀ ‘ਚ ਮਿਲੀ ਸੀ ਇੰਟਰਨਸ਼ਿਪ, ਜਾਣੋ ਪੂਰਾ ਮਾਮਲਾ
IIT ਗੁਹਾਟੀ ਕੈਂਪਸ ‘ਚ ਮਿਲੀ ਵਿਦਿਆਰਥੀ ਦੀ ਲਾਸ਼: ਵੱਡੀ ਕੰਪਨੀ ‘ਚ ਮਿਲੀ ਸੀ ਇੰਟਰਨਸ਼ਿਪ, ਜਾਣੋ ਪੂਰਾ ਮਾਮਲਾ
ਗੁਹਾਟੀ, 28 ਜੁਲਾਈ 2026:
ਭਾਰਤੀ ਤਕਨਾਲੋਜੀ ਸੰਸਥਾਨ (IIT) ਗੁਹਾਟੀ ਦੇ ਕੈਂਪਸ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਲੰਘੇ ਐਤਵਾਰ ਦੁਪਹਿਰ ਨੂੰ ਸੰਸਥਾਨ ਦੇ ਇੱਕ ਹੋਣਹਾਰ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਕੈਂਪਸ ਵਿੱਚ ਹੜਕੰਪ ਮਚ ਗਿਆ ਅਤੇ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਓਡੀਸ਼ਾ ਦੇ ਪੁਰੀ ਦੇ ਰਹਿਣ ਵਾਲੇ ਰਿਤੇਸ਼ ਰਾਜ ਸਿੰਘ ਵਜੋਂ ਹੋਈ ਹੈ, ਜੋ ਕਿ ਆਈ.ਆਈ.ਟੀ. ਗੁਹਾਟੀ ਵਿਖੇ ਬੀ.ਟੈਕ (ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ) ਦੇ ਤੀਜੇ ਸਾਲ ਦਾ ਵਿਦਿਆਰਥੀ ਸੀ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ (26 ਜੁਲਾਈ) ਦੁਪਹਿਰ ਲਗਭਗ 2:30 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਹਾ ਹੈ ਕਿ ਵਿਦਿਆਰਥੀ ਨੇ ਕੈਂਪਸ ਦੀ ਇੱਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਹਾਟੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਸ ਮਾਮਲੇ ਦੀ ਖ਼ੁਦਕੁਸ਼ੀ ਦੇ ਕੋਣ ਤੋਂ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਮਾਤਾ-ਪਿਤਾ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਹਾਟੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਘਟਨਾ ਤੋਂ ਬਾਅਦ ਆਈ.ਆਈ.ਟੀ. ਗੁਹਾਟੀ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। “ਸੰਸਥਾ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਹੀ ਹੈ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਰਿਪੋਰਟ ਆਉਣ ਤੋਂ ਪਹਿਲਾਂ ਕੋਈ ਵੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।”
ਇਸ ਦੇ ਨਾਲ ਹੀ, ਆਈ.ਆਈ.ਟੀ. ਗੁਹਾਟੀ ਦੇ ਡਾਇਰੈਕਟਰ ਪ੍ਰੋਫੈਸਰ ਦੇਵੇਂਦਰ ਜਲੀਹਾਲ ਨੇ ਐਤਵਾਰ ਸ਼ਾਮ ਨੂੰ ਵਿਦਿਆਰਥੀਆਂ ਨੂੰ ਇੱਕ ਈਮੇਲ ਭੇਜ ਕੇ ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ। ਈਮੇਲ ਵਿੱਚ ਲਿਖਿਆ ਗਿਆ, “ਬਹੁਤ ਦੁੱਖ ਨਾਲ ਮੈਨੂੰ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਬੀ.ਟੈਕ ਵਿਦਿਆਰਥੀ ਰਿਤੇਸ਼ ਰਾਜ ਸਿੰਘ ਦੇ ਬੇਵਕਤੀ ਦਿਹਾਂਤ ਦੀ ਸੂਚਨਾ ਦੇਣੀ ਪੈ ਰਹੀ ਹੈ। ਇਹ ਸਾਡੇ ਆਈ.ਆਈ.ਟੀ.ਜੀ. (IITG) ਪਰਿਵਾਰ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਹਾਲਾਂਕਿ, ਇਸ ਈਮੇਲ ਵਿੱਚ ਮੌਤ ਦੇ ਕਾਰਨਾਂ ਜਾਂ ਪੁਲਿਸ ਜਾਂਚ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ।
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਤੇਸ਼ ਰਾਜ ਸਿੰਘ ਪੜ੍ਹਾਈ ਵਿੱਚ ਬਹੁਤ ਹੀ ਹੋਣਹਾਰ ਸੀ। ਉਸ ਦਾ ਸੀ.ਜੀ.ਪੀ.ਏ. (CGPA) 9 ਤੋਂ ਵੀ ਜ਼ਿਆਦਾ ਸੀ। ਇੰਨਾ ਹੀ ਨਹੀਂ, ਉਹ ਆਈ.ਆਈ.ਟੀ. ਗੁਹਾਟੀ ਦੇ ਕੋਡਿੰਗ ਕਲੱਬ ਦਾ ‘ਕੰਪੀਟੀਟਿਵ ਪ੍ਰੋਗਰਾਮਿੰਗ ਹੈੱਡ’ ਵੀ ਸੀ ਅਤੇ ਹਾਲ ਹੀ ਵਿੱਚ ਉਸ ਨੂੰ ਇੱਕ ਬਹੁਤ ਵੱਡੀ ਕੰਪਨੀ ਵਿੱਚ ਇੰਟਰਨਸ਼ਿਪ ਦਾ ਆਫ਼ਰ ਵੀ ਮਿਲਿਆ ਸੀ। ਉਸ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਉਸ ਦੇ ਦੋਸਤ ਅਤੇ ਸੰਸਥਾਨ ਦੇ ਅਧਿਆਪਕ ਸਦਮੇ ਵਿੱਚ ਹਨ।
ਰਿਤੇਸ਼ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਇਕ ਹੋਰ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਰਿਤੇਸ਼ ‘ਤੇ ਦੋਸ਼ ਲੱਗਿਆ ਸੀ ਕਿ ਉਸ ਨੇ ਇੱਕ ਇੰਟਰਨਸ਼ਿਪ ਦੇ ਆਨਲਾਈਨ ਅਸੈਸਮੈਂਟ (ਪ੍ਰੀਖਿਆ) ਦੌਰਾਨ ਆਪਣੇ ਇੱਕ ਦੋਸਤ ਦੀ ਜਗ੍ਹਾ ਫਰਜ਼ੀ ਤਰੀਕੇ (Proxy) ਨਾਲ ਪ੍ਰੀਖਿਆ ਦਿੱਤੀ ਸੀ ਅਤੇ ਉਹ ਫੜਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਇੱਕ ਪ੍ਰੋਫੈਸਰ ਦੁਆਰਾ ਉਸ ਨੂੰ ਸਟੂਡੈਂਟ ਡਿਸਿਪਲਿਨ ਕਮੇਟੀ (Student Discipline Committee) ਵੱਲੋਂ ਕਾਰਵਾਈ ਕੀਤੇ ਜਾਣ ਦੀ ਧਮਕੀ ਦਿੱਤੀ ਗਈ ਸੀ। ਅਜਿਹੇ ‘ਚ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਉਹ ਇਸ ਕਾਰਵਾਈ ਦੇ ਤਣਾਅ ‘ਚ ਤਾਂ ਨਹੀਂ ਸੀ। ਫਿਲਹਾਲ ਪੁਲਿਸ ਹਰ ਪਹਿਲੂ ਨੂੰ ਧਿਆਨ ‘ਚ ਰੱਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।














