Canada Social Media Ban! ਕੈਨੇਡੀਅਨ ਮੰਤਰੀ ਮਾਰਕ ਮਿੱਲਰ ਵੱਲੋਂ ਪੇਸ਼ ਬਿੱਲ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਅਤੇ AI ਚੈਟਬੋਟਸ ਦੀ ਜਵਾਬਦੇਹੀ ਹੋਵੇਗੀ ਤੈਅ- ਸਾਈਬਰ ਬੁਲਿੰਗ, ਜਿਨਸੀ ਸ਼ੋਸ਼ਣ ਅਤੇ ਖ਼ੁਦਕੁਸ਼ੀ ਨੂੰ ਉਤਸ਼ਾਹਿਤ ਕਰਨ ਵਾਲੀ ਹਾਨੀਕਾਰਕ ਸਮਗਰੀ ‘ਤੇ ਲੱਗੇਗੀ ਪੂਰਨ ਰੋਕ
ਓਟਾਵਾ (ਕੈਨੇਡਾ), 11 ਜੂਨ 2026-
Canada Social Media Ban! ਕੈਨੇਡਾ ਸਰਕਾਰ ਨੇ ਡਿਜੀਟਲ ਦੁਨੀਆ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਆਨਲਾਈਨ ਖ਼ਤਰਿਆਂ ਤੋਂ ਬਚਾਉਣ ਲਈ ਇੱਕ ਇਤਿਹਾਸਕ ਅਤੇ ਸਖ਼ਤ ਕਾਨੂੰਨੀ ਕਦਮ ਚੁੱਕਿਆ ਹੈ। ਕੈਨੇਡੀਅਨ ਮੰਤਰੀ ਮਾਰਕ ਮਿੱਲਰ ਵੱਲੋਂ ਸੰਸਦ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ‘ਸੇਫ਼ ਸੋਸ਼ਲ ਮੀਡੀਆ ਐਕਟ’ (ਬਿੱਲ ਸੀ-34) ਦਾ ਨਾਂ ਦਿੱਤਾ ਗਿਆ ਹੈ।
ਇਸ ਪ੍ਰਸਤਾਵਿਤ ਕਾਨੂੰਨ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤੇ (Accounts) ਬਣਾਉਣ ’ਤੇ ਪੂਰਨ ਪਾਬੰਦੀ ਲਗਾਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਅਤੇ ਏਆਈ (AI) ਆਧਾਰਿਤ ਚੈਟਬੋਟ ਸੇਵਾਵਾਂ ਨੂੰ ਉਪਭੋਗਤਾਵਾਂ, ਖ਼ਾਸ ਕਰਕੇ ਨਾਬਾਲਗਾਂ ਦੀ ਸੁਰੱਖਿਆ ਲਈ ਸਿੱਧੇ ਤੌਰ ‘ਤੇ ਜਵਾਬਦੇਹ ਬਣਾਇਆ ਜਾਵੇਗਾ।
ਸਰਕਾਰ ਮੁਤਾਬਕ ਡਿਜੀਟਲ ਤਕਨਾਲੋਜੀ ਦੀ ਵਧਦੀ ਵਰਤੋਂ ਦਰਮਿਆਨ ਬੱਚਿਆਂ ਲਈ ਸੁਰੱਖਿਅਤ ਆਨਲਾਈਨ ਮਾਹੌਲ ਯਕੀਨੀ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਬਿੱਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਈਬਰ ਬੁਲਿੰਗ, ਬੱਚਿਆਂ ਦੇ ਜਿਨਸੀ ਸ਼ੋਸ਼ਣ, ਖ਼ੁਦਕੁਸ਼ੀ ਨੂੰ ਉਤਸ਼ਾਹਿਤ ਕਰਨ ਵਾਲੀ ਸਮਗਰੀ, ਨਫ਼ਰਤ ਫੈਲਾਉਣ ਵਾਲੇ ਭਾਸ਼ਣ, ਹਿੰਸਾ ਲਈ ਉਕਸਾਉਣ ਵਾਲੀ ਸਮਗਰੀ ਅਤੇ ਬਿਨਾਂ ਸਹਿਮਤੀ ਦੇ ਸਾਂਝੀ ਕੀਤੀ ਜਾਣ ਵਾਲੀ ਨਿੱਜੀ ਜਾਂ ਅੰਤਰੰਗ ਸਮਗਰੀ (Intimate Content) ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣਾ ਹੈ।
ਨਵੇਂ ਪ੍ਰਸਤਾਵਿਤ ‘ਡਿਜੀਟਲ ਸੇਫ਼ਟੀ ਐਕਟ’ ਅਧੀਨ ਹੁਣ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ ਪਲੇਟਫ਼ਾਰਮਾਂ ਦੀ ਡਿਜ਼ਾਈਨਿੰਗ ਅਤੇ ਸੰਚਾਲਨ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ।
ਕੰਪਨੀਆਂ ਲਈ ਹੇਠ ਲਿਖੇ ਨਿਯਮ ਲਾਜ਼ਮੀ ਹੋਣਗੇ…..
ਆਪਣੇ ਪਲੇਟਫ਼ਾਰਮਾਂ ਨਾਲ ਜੁੜੇ ਜੋਖ਼ਮਾਂ ਦਾ ਮੁਲਾਂਕਣ ਕਰਨਾ ਅਤੇ ‘ਡਿਜੀਟਲ ਸੇਫ਼ਟੀ ਪਲਾਨ’ ਜਾਰੀ ਕਰਨਾ। ਏਆਈ (AI) ਰਾਹੀਂ ਤਿਆਰ ਕੀਤੀ ਸਮਗਰੀ (AI Generated Content) ਨੂੰ ਸਪਸ਼ਟ ਤੌਰ ’ਤੇ ਲੇਬਲ ਕਰਨਾ। ਉਪਭੋਗਤਾਵਾਂ ਲਈ ਸ਼ਿਕਾਇਤ ਦਰਜ ਕਰਨ, ਹਾਨੀਕਾਰਕ ਸਮਗਰੀ ਦੀ ਰਿਪੋਰਟ ਕਰਨ ਅਤੇ ਦੂਜੇ ਯੂਜ਼ਰਾਂ ਨੂੰ ਬਲਾਕ ਕਰਨ ਦੀ ਸੁਵਿਧਾ ਦੇਣੀ, ਹਾਲਾਂਕਿ, ਜਿਹੜੀਆਂ ਸੇਵਾਵਾਂ ਬੱਚਿਆਂ ਦੀ ਸੁਰੱਖਿਆ ਦੇ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨਗੀਆਂ, ਉਨ੍ਹਾਂ ਨੂੰ ਨਿਯਮਕ ਸੰਸਥਾ ਵੱਲੋਂ ਵਿਸ਼ੇਸ਼ ਛੋਟ ਵੀ ਦਿੱਤੀ ਜਾ ਸਕੇਗੀ।
ਐਂਗਸ ਰੀਡ ਵੱਲੋਂ ਮਾਰਚ ਮਹੀਨੇ ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਤਿੰਨ ਚੌਥਾਈ ਕੈਨੇਡੀਅਨ ਨੌਜਵਾਨ ਇਸ ਸੋਸ਼ਲ ਮੀਡੀਆ ਪਾਬੰਦੀ ਦਾ ਸਮਰਥਨ ਕਰਦੇ ਹਨ। ਇਸ ਤੋਂ ਇਲਾਵਾ ਸਸਕੈਚਵਨ, ਮੈਨੀਟੋਬਾ ਅਤੇ ਨਿਊ ਬਰੰਜ਼ਵਿਕ ਸਮੇਤ ਕਈ ਪ੍ਰਾਂਤਾਂ ਦੇ ਪ੍ਰੀਮੀਅਰ ਪਹਿਲਾਂ ਹੀ ਇਸ ਕਾਨੂੰਨ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰ ਚੁੱਕੇ ਹਨ। ਕੈਨੇਡੀਅਨ ਖੋਜਕਾਰਾਂ ਦਾ ਵੀ ਮੰਨਣਾ ਹੈ ਕਿ ਸੋਸ਼ਲ ਮੀਡੀਆ ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਨਕਾਰਾਤਮਿਕ ਪ੍ਰਭਾਵ ਪਾ ਰਿਹਾ ਹੈ, ਜਿਸ ਨਾਲ ਨਸ਼ਾ ਕਰਨ ਵਾਲਾ ਵਿਵਹਾਰ, ਜਬਰਨ ਵਸੂਲੀ (Extortion) ਅਤੇ ਸਾਈਬਰ ਧੱਕੇਸ਼ਾਹੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਸ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਇੱਕ ਸੁਤੰਤਰ ‘ਡਿਜੀਟਲ ਸੇਫ਼ਟੀ ਕਮਿਸ਼ਨ’ ਗਠਿਤ ਕਰਨ ਦਾ ਪ੍ਰਸਤਾਵ ਹੈ। ਇਸ ਕਮਿਸ਼ਨ ਕੋਲ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਹੋਣਗੇ। ਇਸ ਕਾਨੂੰਨ ਦਾ ਮੁੱਖ ਨਿਸ਼ਾਨਾ ਕੈਨੇਡਾ ਵਿੱਚ ਵੱਡਾ ਯੂਜ਼ਰ ਬੇਸ ਰੱਖਣ ਵਾਲੀਆਂ ਅਮਰੀਕਾ-ਆਧਾਰਿਤ ਵੱਡੀਆਂ ਟੈਕਨੌਲੋਜੀ ਕੰਪਨੀਆਂ ਜਿਵੇਂ ਫੇਸਬੁੱਕ (Facebook), ਐਕਸ (X – ਟਵਿਟਰ) ਅਤੇ ਸਨੈਪਚੈਟ (Snapchat) ਹੋਣਗੇ। ਪਰ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਛੋਟਾ ਪਲੇਟਫ਼ਾਰਮ ਵੀ ਨੁਕਸਾਨਦੇਹ ਸਮਗਰੀ ਫੈਲਾਉਣ ਦਾ ਸਾਧਨ ਬਣਦਾ ਹੈ, ਤਾਂ ਉਸ ਨੂੰ ਵੀ ਇਸ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।















