ਚੰਡੀਗੜ੍ਹ: ਸਰਕਾਰੀ ਮੁਲਾਜ਼ਮਾਂ ਦੇ DA ’ਚ 3% ਵਾਧਾ; ਹੁਣ ਮਿਲੇਗਾ 63 ਫ਼ੀਸਦੀ ਮਹਿੰਗਾਈ ਭੱਤਾ!
ਪੰਜਾਬ ਨੈੱਟਵਰਕ
ਚੰਡੀਗੜ੍ਹ 3 ਨਵੰਬਰ 2026- ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਮਹਿੰਗਾਈ ਭੱਤੇ (DA) ਵਿੱਚ 3 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮੁੱਢਲੀ ਤਨਖ਼ਾਹ ਦਾ 63 ਫ਼ੀਸਦੀ ਮਹਿੰਗਾਈ ਭੱਤਾ ਮਿਲੇਗਾ, ਜਦਕਿ ਪਹਿਲਾਂ ਇਹ ਦਰ 60 ਫ਼ੀਸਦੀ ਸੀ।
ਪ੍ਰਸ਼ਾਸਨ ਦੇ ਵਿੱਤ ਵਿਭਾਗ ਵੱਲੋਂ ਇਸ ਸਬੰਧੀ 3 ਨਵੰਬਰ 2026 ਨੂੰ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਵੀਂ ਦਰ 1 ਜੁਲਾਈ 2026 ਤੋਂ ਲਾਗੂ ਮੰਨੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ (ਲੇਖਾ ਸ਼ਾਖਾ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ 29 ਅਕਤੂਬਰ 2026 ਨੂੰ ਦਫ਼ਤਰੀ ਮੈਮੋਰੰਡਮ ਜਾਰੀ ਕਰਕੇ ਕੇਂਦਰੀ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੀ ਦਰ 60 ਫ਼ੀਸਦੀ ਤੋਂ ਵਧਾ ਕੇ 63 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਸੀ।
ਇਸ ਫ਼ੈਸਲੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 29 ਮਾਰਚ 2022 ਨੂੰ ਜਾਰੀ ਨੋਟੀਫਿਕੇਸ਼ਨ ਦੇ ਪ੍ਰਬੰਧਾਂ ਤਹਿਤ ਇਸ ਨੂੰ ਚੰਡੀਗੜ੍ਹ ਵਿੱਚ ਵੀ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਇਸ ਫ਼ੈਸਲੇ ਦਾ ਲਾਭ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਤਾਇਨਾਤ ਆਈਏਐੱਸ, ਆਈਪੀਐੱਸ, ਆਈਐੱਫਐੱਸ, ਡੈਨਿਕਸ ਅਤੇ ਡੈਨਿਪਸ ਅਧਿਕਾਰੀਆਂ ਸਮੇਤ ਹੋਰ ਕੇਂਦਰੀ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਯੋਗ ਕਰਮਚਾਰੀ ਵੀ ਇਸ ਵਾਧੇ ਦੇ ਦਾਇਰੇ ਵਿੱਚ ਆਉਣਗੇ। ਸਾਰੇ ਯੋਗ ਮੁਲਾਜ਼ਮਾਂ ਨੂੰ ਵਧਿਆ ਹੋਇਆ ਮਹਿੰਗਾਈ ਭੱਤਾ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਦਿੱਤਾ ਜਾਵੇਗਾ।
ਵਿੱਤ ਅਤੇ ਯੋਜਨਾ ਅਧਿਕਾਰੀ ਨੇ ਇਸ ਹੁਕਮ ਦੀਆਂ ਕਾਪੀਆਂ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਭੇਜ ਕੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਵਿੱਤ ਵਿਭਾਗ, ਕੇਂਦਰੀ ਖ਼ਜ਼ਾਨਾ, ਤਨਖ਼ਾਹ ਅਤੇ ਲੇਖਾ ਦਫ਼ਤਰ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਹੈ, ਤਾਂ ਜੋ ਨਵੀਂ ਦਰ ਨੂੰ ਸਰਕਾਰੀ ਵੈੱਬਸਾਈਟ ਅਤੇ ਤਨਖ਼ਾਹ ਪੋਰਟਲ ’ਤੇ ਅਪਡੇਟ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਡੀਏ ਵਿੱਚ ਕੀਤਾ ਗਿਆ ਇਹ ਵਾਧਾ 1 ਜੁਲਾਈ 2026 ਤੋਂ ਲਾਗੂ ਹੋਵੇਗਾ। ਇਸ ਤਰ੍ਹਾਂ ਯੋਗ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਤੋਂ ਵਧੀ ਹੋਈ ਦਰ ਅਨੁਸਾਰ ਮਹਿੰਗਾਈ ਭੱਤੇ ਦਾ ਲਾਭ ਮਿਲੇਗਾ।
















