ਚੰਡੀਗੜ੍ਹ! ਖ਼ੁਦ ਨੂੰ ਡਾਕਟਰ ਦੱਸ ਕੇ ਮਹਿਲਾ ਕਰਮਚਾਰੀ ਨਾਲ ਬਲਾਤਕਾਰ, ਮਾਰੀ ਸਵਾ ਲੱਖ ਦੀ ਠੱਗੀ
ਚੰਡੀਗੜ੍ਹ 26 ਅਪ੍ਰੈਲ 2026: ਚੰਡੀਗੜ੍ਹ ਪੁਲਿਸ ਨੇ ਇੱਕ ਅਜਿਹੇ ਸ਼ਾਤਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਮਹਿਜ਼ ਦਸਵੀਂ ਪਾਸ ਹੋਣ ਦੇ ਬਾਵਜੂਦ ਖ਼ੁਦ ਨੂੰ ਐਮ.ਬੀ.ਬੀ.ਐਸ. (MBBS) ਡਾਕਟਰ ਦੱਸ ਕੇ ਇੱਕ ਮੁਟਿਆਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
ਮੁਲਜ਼ਮ ਦੀ ਪਛਾਣ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਸਤਰੀ ਦੇ ਰਹਿਣ ਵਾਲੇ 30 ਸਾਲਾ ਅੰਕਿਤ ਸ਼ਰਮਾ ਵਜੋਂ ਹੋਈ ਹੈ।
ਸੋਸ਼ਲ ਮੀਡੀਆ ਰਾਹੀਂ ਬੁਣਿਆ ਝੂਠ ਦਾ ਜਾਲ
Mohali ਦੀ ਰਹਿਣ ਵਾਲੀ 22 ਸਾਲਾ ਪੀੜਤ ਮੁਟਿਆਰ, ਜੋ ਇੱਕ ਆਈ.ਟੀ. ਕੰਪਨੀ ਵਿੱਚ ਕੰਮ ਕਰਦੀ ਹੈ, ਦੀ ਮੁਲਾਕਾਤ ਅੰਕਿਤ ਨਾਲ ਸੋਸ਼ਲ ਮੀਡੀਆ ਰਾਹੀਂ ਹੋਈ ਸੀ।
ਅੰਕਿਤ ਨੇ ਉਸ ਨੂੰ ਝੂਠ ਬੋਲਿਆ ਕਿ ਉਹ ਇੱਕ ਡਾਕਟਰ ਹੈ ਅਤੇ ਉਸ ਨੂੰ ਵਿਦੇਸ਼ ਵਿੱਚ ਸੈਟਲ ਕਰਵਾ ਸਕਦਾ ਹੈ। ਵਿਦੇਸ਼ ਜਾਣ ਦੇ ਇਸੇ ਝਾਂਸੇ ਵਿੱਚ ਆ ਕੇ ਮੁਟਿਆਰ ਉਸ ਦੇ ਜਾਲ ਵਿੱਚ ਫਸ ਗਈ।
ਮੁਲਜ਼ਮ ਨੇ ਮੁਟਿਆਰ ਨੂੰ ਇੱਕ ਹੋਟਲ ਵਿੱਚ ਬੁਲਾਇਆ, ਜਿੱਥੇ ਉਸ ਨੇ ਉਸ ਨਾਲ ਜਬਰ-ਜਨਾਹ ਕੀਤਾ। ਇੰਨਾ ਹੀ ਨਹੀਂ, ਮੁਲਜ਼ਮ ਨੇ ਮੁਟਿਆਰ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅੰਕਿਤ ਨੇ ਸਿਰਫ਼ ਸਰੀਰਕ ਸ਼ੋਸ਼ਣ ਹੀ ਨਹੀਂ ਕੀਤਾ, ਸਗੋਂ ਵਿੱਤੀ ਠੱਗੀ ਵੀ ਮਾਰੀ। ਉਸ ਨੇ ਧੋਖੇ ਨਾਲ ਮੁਟਿਆਰ ਦੇ ਬੈਂਕ ਖਾਤੇ ਵਿੱਚੋਂ 1 ਲੱਖ 20 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਲਏ ਸਨ।
ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਅੰਕਿਤ ਸ਼ਰਮਾ ਨੂੰ ਦਬੋਚ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅੰਕਿਤ ਨੇ ਇਸ ਤੋਂ ਪਹਿਲਾਂ ਵੀ ਹੋਰ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।






