CM ਮਾਨ ਨੇ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਵਿਖੇ ਲਹਿਰਾਇਆ ਕੌਮੀ ਝੰਡਾ, ਹੁਸੈਨੀਵਾਲਾ ਵਿਖੇ ‘ਵਿਰਾਸਤੀ ਕੰਪਲੈਕਸ’ ਬਣਾਉਣ ਦਾ ਵੱਡਾ ਐਲਾਨ
ਫ਼ਿਰੋਜ਼ਪੁਰ, 15 ਅਗਸਤ 2026
ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਸ਼ੁਭ ਅਵਸਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫ਼ਿਰੋਜ਼ਪੁਰ ਦੇ ਇਤਿਹਾਸਕ ਕੈਂਟੋਨਮੈਂਟ ਬੋਰਡ ਸਟੇਡੀਅਮ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਤੋਂ ਸਲਾਮੀ ਲਈ ਅਤੇ ਸਮੂਹ ਪੰਜਾਬੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਨੇ ਇਸ ਇਤਿਹਾਸਕ ਧਰਤੀ ’ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਅਮਰ ਯਾਦ ਨੂੰ ਸਮਰਪਿਤ ਹੁਸੈਨੀਵਾਲਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਲੀਸ਼ਾਨ ‘ਵਿਰਾਸਤੀ ਕੰਪਲੈਕਸ’ ਬਣਾਉਣ ਦਾ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਰਹਿਬਰਾਂ ਦੇ ਨਿਸ਼ਕਾਮ ਜਜ਼ਬੇ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਏਗਾ।
ਸਮਾਗਮ ਦੌਰਾਨ ਅਨੁਸ਼ਾਸਨ ਅਤੇ ਦੇਸ਼ ਭਗਤੀ ਦਾ ਅਨੂਠਾ ਦ੍ਰਿਸ਼ ਦੇਖਣ ਨੂੰ ਮਿਲਿਆ। ਮਾਰਚ ਪਾਸਟ ਵਿੱਚ ਬੀ.ਐੱਸ.ਐੱਫ਼. (BSF), ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਹਿਮਾਚਲ ਪੁਲਿਸ, ਹੋਮ ਗਾਰਡਜ਼, ਮਹਿਲਾ ਹੋਮ ਗਾਰਡਜ਼, ਐੱਨ.ਸੀ.ਸੀ. (NCC) ਅਤੇ ਸਕਾਊਟਸ ਐਂਡ ਗਾਈਡਜ਼ ਦੀਆਂ ਟੁਕੜੀਆਂ ਨੇ ਸ਼ਾਨਦਾਰ ਮਾਰਚ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਅਤੇ ਬਹਾਦਰੀ ਭਰੇ ਕਾਰਜ ਕਰਨ ਵਾਲੇ 25 ਪੁਲਿਸ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।
ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਓਤਪੋਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਸਰੀਰਕ ਸਿਖਲਾਈ (ਪੀ.ਟੀ.) ਸ਼ੋਅ ਅਤੇ ਦੇਸ਼ ਭਗਤੀ ‘ਤੇ ਕੋਰੀਓਗ੍ਰਾਫ਼ੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬ ਦੇ ਲੋਕ ਨਾਚ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਨੇ ਪੂਰੇ ਸਟੇਡੀਅਮ ਨੂੰ ਜੋਸ਼ ਨਾਲ ਭਰ ਦਿੱਤਾ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਕਾਸਮੁਖੀ ਪ੍ਰਾਪਤੀਆਂ ਅਤੇ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਵੀ ਖਿੱਚ ਦਾ ਕੇਂਦਰ ਰਹੀਆਂ।
















