Join WhatsApp

Join Now

ਸਰਕਾਰੀ ਸਕੂਲ ਦਾ ਮਾਨੀਟਰ ਬਦਲਣ ਨੂੰ ਲੈ ਕੇ ਵਿਵਾਦ! ਸਕੂਲ ਦੇ ਬਾਹਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ

On: ਅਗਸਤ 8, 2026 9:07 ਪੂਃ ਦੁਃ

 

ਸਰਕਾਰੀ ਸਕੂਲ ਦਾ ਮਾਨੀਟਰ ਬਦਲਣ ਨੂੰ ਲੈ ਕੇ ਵਿਵਾਦ! ਸਕੂਲ ਦੇ ਬਾਹਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸਕੂਲ ਮਾਨੀਟਰ ਬਦਲਣ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਸਮਝੌਤਾ ਕਰਵਾਉਣ ਆਏ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ; ਅਬੋਹਰ ਦੇ ਸੈਦਾਂਵਾਲੀ ਸਕੂਲ ਬਾਹਰ ਵਿਦਿਆਰਥੀਆਂ ਦੀਆਂ ਦੋ ਧਿਰਾਂ ‘ਚ ਝੜਪ

ਚੰਡੀਗੜ੍ਹ/ਅਬੋਹਰ, 8 ਅਗਸਤ 2026- ਅਬੋਹਰ ਦੇ ਨੇੜਲੇ ਪਿੰਡ ਸੈਦਾਂਵਾਲੀ ਸਥਿਤ ਸਰਕਾਰੀ ਸਕੂਲ ਦੇ ਬਾਹਰੋਂ ਇੱਕ ਬਹੁਤ ਹੀ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਕੂਲ ਦੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਵਿਚਾਲੇ ਹੋਈ ਝੜਪ ਨੇ ਅਜਿਹਾ ਖੂਨੀ ਰੂਪ ਧਾਰਨ ਕਰ ਲਿਆ ਕਿ ਇੱਕ ਪਰਿਵਾਰ ਦਾ ਚਿਰਾਗ ਬੁਝ ਗਿਆ। ਮਾਮੂਲੀ ਗੱਲ ਤੋਂ ਸ਼ੁਰੂ ਹੋਏ ਝਗੜੇ ਵਿੱਚ ਵਿੱਚ-ਬਚਾਅ ਅਤੇ ਸਮਝੌਤਾ ਕਰਵਾਉਣ ਆਏ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਇਸ ਸਾਰੇ ਵਿਵਾਦ ਦੀ ਸ਼ੁਰੂਆਤ ਸੈਦਾਂਵਾਲੀ ਦੇ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਦਾ ਮਾਨੀਟਰ ਬਦਲਣ ਨੂੰ ਲੈ ਕੇ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਕਲਾਸ ਮਾਨੀਟਰ ਬਦਲਣ ਦੀ ਗੱਲ ‘ਤੇ ਦੋ ਵਿਦਿਆਰਥੀ ਧੜਿਆਂ ਵਿਚਾਲੇ ਆਪਸੀ ਕਹਾ-ਸੁਣੀ ਹੋ ਗਈ। ਪਹਿਲੇ ਦਿਨ ਸਕੂਲ ਦੇ ਬਾਹਰ ਦੋਵੇਂ ਧਿਰਾਂ ਆਪਸ ਵਿੱਚ ਉਲਝ ਪਈਆਂ। ਇਸ ਗੱਲ ਦੀ ਰੰਜਿਸ਼ ਰੱਖਦਿਆਂ ਅਗਲੇ ਦਿਨ ਮਾਮਲਾ ਹੋਰ ਗੰਭੀਰ ਹੋ ਗਿਆ।

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ 11ਵੀਂ ਜਮਾਤ ਦੇ ਵਿਦਿਆਰਥੀ 22 ਸਾਲਾ ਗਗਨ ਪੁੱਤਰ ਜਗਮੀਤ ਸਿੰਘ (ਵਾਸੀ ਕਲਿਆਂਵਾਲੀ) ਨੇ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗਗਨ ਨੇ ਦੱਸਿਆ ਕਿ ਪਹਿਲੇ ਦਿਨ ਹੋਏ ਝਗੜੇ ਤੋਂ ਬਾਅਦ ਦੂਜੀ ਧਿਰ ਨੇ ਰੰਜਿਸ਼ ਤਹਿਤ ਅਗਲੇ ਦਿਨ ਸ਼ਹਿਰ ਤੋਂ ਆਪਣੇ ਕੁਝ ਬਾਹਰੀ ਸਾਥੀਆਂ ਨੂੰ ਬੁਲਾ ਲਿਆ ਸੀ। ਜਦੋਂ ਗਗਨ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਸ ਨੂੰ ਦੋਬਾਰਾ ਝਗੜਾ ਹੋਣ ਦਾ ਸ਼ੱਕ ਹੋਇਆ, ਤਾਂ ਉਸ ਨੇ ਤੁਰੰਤ ਆਪਣੇ ਵੱਡੇ ਭਰਾ ਲਵਪ੍ਰੀਤ ਸਿੰਘ ਨੂੰ ਸਕੂਲ ਦੇ ਬਾਹਰ ਬੁਲਾਇਆ।

ਗਗਨ ਦੇ ਅਨੁਸਾਰ, ਉਸ ਦਾ ਵੱਡਾ ਭਰਾ ਲਵਪ੍ਰੀਤ ਸਿੰਘ ਦੋਵਾਂ ਧਿਰਾਂ ਵਿਚਾਲੇ ਮਾਮਲਾ ਸ਼ਾਂਤ ਕਰਨ, ਆਪਸੀ ਸਮਝੌਤਾ ਕਰਵਾਉਣ ਅਤੇ ਮਾਹੌਲ ਨੂੰ ਵਿਗੜਨ ਤੋਂ ਰੋਕਣ ਦੇ ਮਕਸਦ ਨਾਲ ਉੱਥੇ ਪਹੁੰਚਿਆ ਸੀ। ਪਰ ਦੂਜੀ ਧਿਰ ਦੇ ਮਨ ਵਿੱਚ ਪਹਿਲਾਂ ਤੋਂ ਹੀ ਰੰਜਿਸ਼ ਭਰੀ ਹੋਈ ਸੀ। ਲਗਭਗ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਘੇਰਾ ਪਾ ਕੇ ਲਵਪ੍ਰੀਤ ਅਤੇ ਗਗਨ ‘ਤੇ ਤੇਜ਼ਧਾਰ ਹਥਿਆਰਾਂ, ਲਾਠੀਆਂ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ।

ਹਮਲਾਵਰਾਂ ਵੱਲੋਂ ਕੀਤੇ ਗਏ ਇਸ ਅਚਾਨਕ ਅਤੇ ਬੇਰਹਿਮ ਹਮਲੇ ਵਿੱਚ ਲਵਪ੍ਰੀਤ ਸਿੰਘ ਅਤੇ ਗਗਨ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਦੋਵਾਂ ਭਰਾਵਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਇਲਾਜ ਦੌਰਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਗਗਨ ਦਾ ਇਲਾਜ ਅਜੇ ਵੀ ਜਾਰੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਗਗਨ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁੱਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਵਾਰਦਾਤ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Leave a Comment