ਸਿੱਖਿਆ ਵਿਭਾਗ ਤੋਂ 3704 ਅਧਿਆਪਕਾਂ ਦੀ ਮੰਗ; ਬਦਲੀਆਂ ਦਾ ਕੰਮ ਜਲਦ ਕੀਤਾ ਜਾਵੇ ਮੁਕੰਮਲ
ਅੱਧਾ ਸਾਲ ਬੀਤਣ ਦੇ ਬਾਵਜੂਦ ਬਦਲੀਆਂ ਨਾ ਹੋਣ ਕਾਰਨ ਅਧਿਆਪਕਾਂ ਚ ਭਾਰੀ ਰੋਸ
ਚੰਡੀਗੜ੍ਹ, 20 ਮਈ 2026-
3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਅਧਿਆਪਕ ਬਦਲੀ ਨੀਤੀ ਨੂੰ ਲੈ ਕੇ ਗੰਭੀਰ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਬਣਾਈ ਗਈ ਆਨਲਾਈਨ ਬਦਲੀ ਨੀਤੀ ਅਨੁਸਾਰ ਹਰ ਸਾਲ ਜਨਵਰੀ ਮਹੀਨੇ ਵਿੱਚ ਬਦਲੀਆਂ ਦਾ ਪੋਰਟਲ ਖੋਲ੍ਹ ਕੇ ਨਵੇਂ ਸੈਸ਼ਨ, ਅਰਥਾਤ ਅਪ੍ਰੈਲ ਮਹੀਨੇ ਤੋਂ ਪਹਿਲਾਂ-ਪਹਿਲਾਂ ਬਦਲੀਆਂ ਦਾ ਸਮੂਹ ਕੰਮ ਮੁਕੰਮਲ ਕੀਤਾ ਜਾਣਾ ਬਣਦਾ ਹੈ, ਤਾਂ ਜੋ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਸਮੇਂ ਸਿਰ ਰਾਹਤ ਮਿਲ ਸਕੇ। ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਬਦਲੀਆਂ ਦੀ ਪ੍ਰਕਿਰਿਆ ਲਟਕਾਈ ਜਾ ਰਹੀ ਹੈ।
ਭਾਵੇਂ ਵਿਭਾਗ ਵੱਲੋਂ ਪੋਰਟਲ ਖੋਲ੍ਹ ਦਿੱਤਾ ਗਿਆ ਹੈ, ਪਰ ਬਿਨਾਂ ਕਿਸੇ ਸਪੱਸ਼ਟ ਕਾਰਨ ਇਸ ਨੂੰ ਲਮਕਾਇਆ ਜਾ ਰਿਹਾ ਹੈ। ਜਿਸ ਨਾਲ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਯੂਨੀਅਨ ਨੇ ਕਿਹਾ ਕਿ ਅਨੇਕਾਂ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ, ਦੁਰਾਡੇ ਤੇ ਬਾਰਡਰ ਦੇ ਜ਼ਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਹ ਅਧਿਆਪਕ ਰੋਜ਼ਾਨਾ ਮਾਨਸਿਕ, ਪਰਿਵਾਰਕ ਅਤੇ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਛੋਟੇ ਬੱਚਿਆਂ, ਬਜ਼ੁਰਗ ਮਾਪਿਆਂ ਅਤੇ ਪਰਿਵਾਰ ਤੋਂ ਦੂਰ ਰਹਿ ਕੇ ਸੇਵਾ ਨਿਭਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ।
ਸਰਕਾਰ ਦੀ ਬਦਲੀ ਨੀਤੀ ਦਾ ਮੁੱਖ ਉਦੇਸ਼ ਹੀ ਅਧਿਆਪਕਾਂ ਨੂੰ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਬਦਲੀ ਦਾ ਮੌਕਾ ਦੇਣਾ ਸੀ, ਪਰ ਮੌਜੂਦਾ ਹਾਲਾਤ ਇਸਦੇ ਉਲਟ ਨਜ਼ਰ ਆ ਰਹੇ ਹਨ।
3704 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਯਾਦਵਿੰਦਰ ਸਿੰਘ ਤੇ ਰਾਜੇਸ਼ਵਰ ਰਾਏ ਨੇ ਮੰਗ ਕੀਤੀ ਕਿ ਵਾਅਦੇ ਅਨੁਸਾਰ ਅੰਗਰੇਜ਼ੀ ਦੇ ਵੱਧ ਤੋਂ ਵੱਧ ਸਟੇਸ਼ਨ ਖੋਲ ਜਾਣ ਤਾਂ ਜੋ ਲੰਮੇ ਸਮੇ ਤੋਂ ਬਦਲੀਆਂ ਦੀ ਉਡੀਕ ਵਿੱਚ ਬੈਠੇ ਅੰਗਰੇਜ਼ੀ ਦੇ ਅਧਿਆਪਕ ਬਦਲੀਆਂ ਕਰਵਾ ਸਕਣ।
ਯੂਨੀਅਨ ਆਗੂਆਂ ਜਗਜੀਵਨਜੋਤ ਸਿੰਘ, ਦਵਿੰਦਰ ਕੁਮਾਰ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਬਲਵੰਤ ਸਿੰਘ ਅਤੇ ਵਿਕਰਮ ਸਿੰਘ ਨੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ।
ਜੇਕਰ ਵਿਭਾਗ ਵੱਲੋਂ ਹੋਰ ਦੇਰੀ ਕੀਤੀ ਗਈ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਹੋਵੇਗੀ।






