ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਆਯੋਜਿਤ
ਮੋਹਾਲੀ, 22 ਜੂਨ 2026 ਫਾਸ਼ੀ ਹਮਲਿਆਂ ਵਿਰੋਧੀ ਫਰੰਟ ਮੋਹਾਲੀ ਵੱਲੋਂ ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਫਰੰਟ ਨਾਲ ਜੁੜੀਆਂ ਖੱਬੇ ਪੱਖੀ ਜਥੇਬੰਦੀਆਂ ਸੀ.ਪੀ.ਆਈ., ਆਰ.ਐੱਮ.ਪੀ.ਆਈ. ਅਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨੇ ਭਰਵਾਂ ਹਿੱਸਾ ਲਿਆ।
ਪ੍ਰਧਾਨਗੀ ਮੰਡਲ ਵਿੱਚ ਮੋਹਾਲੀ ਤਹਿਸੀਲ ਕਮੇਟੀ ਦੇ ਸਕੱਤਰ ਕਾਮਰੇਡ ਗੁਰਦਿਆਲ, ਲਿਬਰੇਸ਼ਨ ਦੇ ਪ੍ਰੋ. ਸੁਧੀਰ ਮਹਿਰਾ ਅਤੇ ਆਰ.ਐੱਮ.ਪੀ.ਆਈ. ਦੇ ਪੀ.ਡੀ.ਐੱਸ. ਉੱਪਲ ਸ਼ਾਮਲ ਸਨ।
ਬੁਲਾਰਿਆਂ ਨੇ ਸੰਘ, ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਫਿਰਕੂ ਸ਼ਕਤੀਆਂ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਕਰਦਿਆਂ ਕਾਰਪੋਰੇਟ ਅਤੇ ਸਰਮਾਏਦਾਰ ਪੱਖੀ ਨੀਤੀਆਂ ਅਪਣਾ ਕੇ ਦੇਸ਼ ਨੂੰ ਆਰਥਿਕ ਸੰਕਟ ਵੱਲ ਧੱਕ ਰਹੀਆਂ ਹਨ ਅਤੇ ਦੇਸ਼ ਨੂੰ ਆਰਥਿਕ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਫਿਰਕੂ ਧਰੁਵੀਕਰਨ ਲਈ ਫਿਰਕੂ ਹਮਲਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਸਥਿਤੀ ਸਾਰੀਆਂ ਲੋਕਤੰਤਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਸਾਰੀਆਂ ਦੇਸ਼ਭਗਤ, ਧਰਮ-ਨਿਰਪੱਖ, ਜਮਹੂਰੀ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਬੁਲਾਰਿਆਂ ਵਿੱਚ ਸੀ.ਪੀ.ਆਈ. ਵੱਲੋਂ ਕਾਮਰੇਡ ਬੰਤ ਬਰਾਡ਼, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਵੱਲੋਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੰਵਲਜੀਤ ਸਿੰਘ, ਆਰ.ਐੱਮ.ਪੀ.ਆਈ. ਵੱਲੋਂ ਕਾਮਰੇਡ ਇੰਦਰਜੀਤ ਗਰੇਵਾਲ ਅਤੇ ਸੀ.ਪੀ.ਆਈ. ਦੇ ਮੋਹਾਲੀ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਦੱਪਰ ਨੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਦਰਪੇਸ਼ ਸੰਕਟ ਦੀ ਵਿਆਖਿਆ ਕੀਤੀ।
ਇਸ ਤੋਂ ਇਲਾਵਾ ਹੋਰ ਵੀ ਉੱਘੇ ਖੱਬੇ ਪੱਖੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਕਾਮਰੇਡ ਦਿਲਦਾਰ, ਕਾਮਰੇਡ ਮਹਿੰਦਰਪਾਲ (ਦੋਵੇਂ ਸੀ.ਪੀ.ਆਈ.), ਲਿਬਰੇਸ਼ਨ ਦੇ ਕਾਮਰੇਡ ਸੁਦਾਮਾ, ਕਾਮਰੇਡ ਅਗਿਨ ਅਤੇ ਕਾਮਰੇਡ ਸੱਜਣ ਸਿੰਘ (ਆਰ.ਐੱਮ.ਪੀ.ਆਈ.) ਦੇ ਨਾਮ ਉਚੇਚੇ ਤੌਰ ‘ਤੇ ਵਰਣਨਯੋਗ ਹਨ।

















