Europe Heatwave 2026: ਭਿਆਨਕ ਗਰਮੀ ਕਾਰਨ 18 ਲੋਕਾਂ ਦੀ ਮੌਤ

On: ਜੂਨ 23, 2026 9:32 ਪੂਃ ਦੁਃ

 

Europe Heatwave 2026: ਭਿਆਨਕ ਗਰਮੀ ਕਾਰਨ 18 ਲੋਕਾਂ ਦੀ ਮੌਤ

ਫਰਾਂਸ ਦੇ ਕਾਰਪੈਂਟਰਾਸ ‘ਚ ਕਾਰ ਅੰਦਰ ਬੇਹੋਸ਼ ਮਿਲੇ ਦੋ ਮਾਸੂਮ ਬੱਚਿਆਂ ਸਣੇ 18 ਜੀਆਂ ਦੀ ਗਈ ਜਾਨ- ਬ੍ਰਿਟੇਨ ‘ਚ 39 ਡਿਗਰੀ ਨਾਲ ਟੁੱਟ ਸਕਦੈ 1957 ਦਾ ਰਿਕਾਰਡ; ਇਟਲੀ ਦੇ 12 ਸ਼ਹਿਰਾਂ ‘ਚ ‘ਰੈੱਡ ਅਲਰਟ’ ਜਾਰੀ

ਪੈਰਿਸ/ਲੰਡਨ, 23 ਜੂਨ 2026- 

Europe Heatwave 2026; ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ (Climate Change) ਦਾ ਅਸਰ ਹੁਣ ਪੂਰੀ ਦੁਨੀਆ ‘ਚ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਸਮੇਂ ਯੂਰਪ ਦੇ ਕਈ ਪ੍ਰਮੁੱਖ ਦੇਸ਼ ਅੰਨ੍ਹੇਵਾਹ ਅਤੇ ਰਿਕਾਰਡ ਤੋੜ ਗਰਮੀ (Heatwave) ਦੀ ਲਪੇਟ ਵਿੱਚ ਹਨ। ਫਰਾਂਸ ਵਿੱਚ ਇਸ ਕਹਿਰ ਕਾਰਨ ਦੋ ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ਸਮੇਤ 18 ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ।

ਯੂਰਪ ਦੇ ਕਈ ਵੱਡੇ ਸ਼ਹਿਰਾਂ ਵਿੱਚ ਤਾਪਮਾਨ ਨੇ ਆਪਣੇ ਪੁਰਾਣੇ ਸਾਰੇ ਰਿਕਾਰਡ ਧਵਸਤ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫਰਾਂਸ ਦੇ ਦੱਖਣ-ਪੂਰਬੀ ਸ਼ਹਿਰ ਕਾਰਪੈਂਟਰਾਸ ਵਿੱਚ ਦੋ ਅਤੇ ਚਾਰ ਸਾਲ ਦੇ ਦੋ ਮਾਸੂਮ ਬੱਚੇ ਖੜ੍ਹੀ ਕਾਰ ਵਿੱਚ ਬੇਹੋਸ਼ ਮਿਲੇ, ਜਿਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਬੋਰਡੋ (Bordeaux) ਖੇਤਰ ਵਿੱਚ 80 ਤੋਂ 95 ਸਾਲ ਦੀ ਉਮਰ ਦੇ ਤਿੰਨ ਬਜ਼ੁਰਗਾਂ ਦੀ ਗਰਮੀ ਕਾਰਨ ਸਿਹਤ ਵਿਗੜਨ ਨਾਲ ਜਾਨ ਚਲੀ ਗਈ।

ਇਸ ਭਿਆਨਕ ਗਰਮੀ ਤੋਂ ਰਾਹਤ ਪਾਉਣ ਲਈ ਨਦੀਆਂ-ਨਹਿਰਾਂ ਵਿੱਚ ਉਤਰੇ ਲੋਕਾਂ ਵਿੱਚੋਂ ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਕਰਦੇ ਸਮੇਂ 13 ਹੋਰ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਫਰਾਂਸ ਦੇ ਬੋਰਡੋ ਸ਼ਹਿਰ ਵਿੱਚ ਪਾਰਾ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ ਇੱਕ ਨਵਾਂ ਰਿਕਾਰਡ ਹੈ।

ਉੱਥੇ ਹੀ ਪੋਇਟਿਏਰ (Poitiers) ਵਿੱਚ 41.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਿਸ ਨੇ ਸਾਲ 1947 ਦਾ ਰਿਕਾਰਡ ਤੋੜ ਦਿੱਤਾ ਹੈ। ਸਪੇਨ ਦੇ ਸਾਨ ਸੇਬਾਸਤਿਆਨ ਸ਼ਹਿਰ ਵਿੱਚ ਵੀ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।

ਬ੍ਰਿਟੇਨ-ਇਟਲੀ ‘ਚ ਹਾਲਾਤ ਗੰਭੀਰ, ਰੈੱਡ ਅਲਰਟ ਜਾਰੀ

ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਚਾਰ ਦਿਨਾਂ ਦੀ ਹੀਟਵੇਵ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ, ਜਿਸ ਨਾਲ 1957 ਅਤੇ 1976 ਵਿੱਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟਣ ਦੀ ਕਗਾਰ ‘ਤੇ ਹੈ।

ਦੂਜੇ ਪਾਸੇ, ਇਟਲੀ ਸਰਕਾਰ ਨੇ ਦੇਸ਼ ਦੇ 12 ਮੁੱਖ ਸ਼ਹਿਰਾਂ ਵਿੱਚ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਹੈ। ਟਿਊਰਿਨ ਸ਼ਹਿਰ ਵਿੱਚ ਏਸੀ ਅਤੇ ਬਿਜਲੀ ਦੀ ਮੰਗ ਵਧਣ ਕਰਕੇ ਪਾਵਰ ਗਰਿੱਡ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਵਾਧੂ ਜਨਰੇਟਰ ਲਗਾਏ ਗਏ ਹਨ ਅਤੇ ਬਿਜਲੀ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ ਹਨ।

ਬੈਲਜੀਅਮ ਵਿੱਚ ਗਰਮੀ ਦਾ ਸਭ ਤੋਂ ਮਾੜਾ ਅਸਰ ਪੰਛੀਆਂ ਅਤੇ ਜਾਨਵਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਟੈਂਪਲੂਕਸ ਸਥਿਤ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਵਿੱਚ ਪਿਛਲੇ ਤਿੰਨ ਦਿਨਾਂ ਅੰਦਰ 150 ਤੋਂ ਵੱਧ ਪੰਛੀ ਅਤੇ ਹੋਰ ਜਾਨਵਰ ਇਲਾਜ ਲਈ ਲਿਆਂਦੇ ਗਏ ਹਨ।

ਮਾਹਿਰਾਂ ਮੁਤਾਬਕ ਇਮਾਰਤਾਂ ਦੀਆਂ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ, ਜਿਸ ਦੀ ਤਪਸ਼ ਨਾ ਸਹਾਰਦੇ ਹੋਏ ਮਾਸੂਮ ਪੰਛੀ ਆਪਣੇ ਆਲ੍ਹਣਿਆਂ ਵਿੱਚੋਂ ਹੇਠਾਂ ਛਾਲਾਂ ਮਾਰ ਰਹੇ ਹਨ।

ਮੌਸਮ ਮਾਹਿਰਾਂ ਅਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਅੰਨ੍ਹੇਵਾਹ ਹੋ ਰਿਹਾ ਜਲਵਾਯੂ ਪਰਿਵਰਤਨ (Climate Change) ਹੀ ਇਸ ਵਿਨਾਸ਼ਕਾਰੀ ਹੀਟਵੇਵ ਅਤੇ ਤੂਫ਼ਾਨਾਂ ਦਾ ਮੁੱਖ ਕਾਰਨ ਹੈ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਮੌਸਮੀ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ।

 

Join WhatsApp

Join Now

Leave a Comment