Fake Journalists Arrested! ਇੰਗਲੈਂਡ ਦੀ ਸਿਟੀਜ਼ਨ ਮਹਿਲਾ ਨੂੰ ਝਾਂਸੇ ਵਿੱਚ ਲੈ ਕੇ ਠੱਗੇ 1 ਲੱਖ 20 ਹਜ਼ਾਰ ਰੁਪਏ; 5 ਲੱਖ ਦੀ ਹੋਰ ਕੀਤੀ ਸੀ ਮੰਗ- ਥਾਣਾ ਸਿਟੀ ਜਗਰਾਉਂ ਦੀ ਪੁਲਿਸ ਨੇ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਮੁਕੱਦਮਾ
ਜਗਰਾਉਂ, 10 ਜੂਨ 2026:

Fake Journalists Arrested! ਜਗਰਾਉਂ ਦੇ ਥਾਣਾ ਸਿਟੀ ਦੀ ਪੁਲਿਸ ਨੇ ਪੁਲਿਸ ਅਧਿਕਾਰੀਆਂ ਨਾਲ ਸੈਟਿੰਗ ਕਰਵਾਉਣ ਅਤੇ ਕੇਸ ਵਿੱਚ ਕਾਰਵਾਈ ਕਰਵਾਉਣ ਦੇ ਨਾਂ ‘ਤੇ ਇੱਕ ਐਨਆਰਆਈ (NRI) ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਜਾਅਲੀ ਪੱਤਰਕਾਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦੋਵਾਂ ਨਕਲੀ ਮੀਡੀਆ ਕਰਮੀਆਂ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਦੂਸਰਾ ਸਾਥੀ ਫ਼ਰਾਰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਖੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਕੌਰ ਪਤਨੀ ਅੰਮ੍ਰਿਤਪਾਲ ਸਿੰਘ (ਵਾਸੀ ਨੰਗਲ, ਥਾਣਾ ਡੇਹਲੋਂ, ਜ਼ਿਲ੍ਹਾ ਲੁਧਿਆਣਾ) ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਇੰਗਲੈਂਡ ਦੀ ਸਿਟੀਜ਼ਨ (ਨਾਗਰਿਕ) ਹੈ। ਉਸ ਦਾ ਇੱਕ ਸਿਵਲ ਕੇਸ ਐਸ.ਡੀ.ਐਮ. ਅਦਾਲਤ ਜਗਰਾਉਂ ਵਿਖੇ ਚੱਲ ਰਿਹਾ ਹੈ। ਲੰਘੀ 3 ਜੂਨ 2026 ਨੂੰ ਇਸੇ ਕੇਸ ਦੀ ਤਰੀਕ ਦੌਰਾਨ ਉਸ ਦੀ ਦੂਸਰੀ ਧਿਰ ਨਾਲ ਬਹਿਸ ਹੋ ਗਈ ਸੀ ਅਤੇ ਉਨ੍ਹਾਂ ਨੇ ਮਹਿਲਾ ਨੂੰ ਬੁਰਾ-ਭਲਾ ਬੋਲਿਆ।
ਪੀੜਤ ਮਹਿਲਾ ਮੁਤਾਬਕ ਜਦੋਂ ਉਸ ਨੇ ਇਸ ਦੁਰਵਿਹਾਰ ਬਾਰੇ ਪ੍ਰੈਸ (ਮੀਡੀਆ) ਨੂੰ ਜਾਣਕਾਰੀ ਦੇਣ ਦਾ ਮਨ ਬਣਾਇਆ, ਤਾਂ ਉੱਥੇ ਦੋ ਵਿਅਕਤੀ ਆ ਗਏ। ਉਨ੍ਹਾਂ ਨੇ ਖ਼ੁਦ ਨੂੰ ਪੱਤਰਕਾਰ ਦੱਸ ਕੇ ਮਹਿਲਾ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ। ਮਹਿਲਾ ਨੇ ਇਸ ਸਬੰਧੀ ਇੱਕ ਸ਼ਿਕਾਇਤ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨੂੰ ਦਿੱਤੀ, ਜੋ ਅਗਲੇਰੀ ਕਾਰਵਾਈ ਲਈ ਥਾਣਾ ਸਿਟੀ ਜਗਰਾਉਂ ਵਿਖੇ ਮਾਰਕ ਹੋ ਗਈ।
ਇਸ ਤੋਂ ਬਾਅਦ ਦੋਵਾਂ ਕਥਿਤ ਪੱਤਰਕਾਰਾਂ ਨੇ ਮਹਿਲਾ ਨੂੰ ਕਿਹਾ ਕਿ ਉਨ੍ਹਾਂ ਦੀ ਪੁਲਿਸ ਨਾਲ ਸਿੱਧੀ ਗੱਲਬਾਤ ਹੈ ਅਤੇ ਉਹ ਉਸ ਦੀ ਦਰਖਾਸਤ ‘ਤੇ ਤੁਰੰਤ ਸਖ਼ਤ ਕਾਰਵਾਈ ਕਰਵਾ ਦੇਣਗੇ। ਇਸ ਦੇ ਬਦਲੇ ਉਨ੍ਹਾਂ ਨੇ 5 ਲੱਖ ਰੁਪਏ ਦੀ ਮੰਗ ਕੀਤੀ। ਮਹਿਲਾ ਨੇ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਜਤਾਈ, ਪਰ ਮੁਲਜ਼ਮਾਂ ਨੇ ਝਾਂਸਾ ਦੇ ਕੇ ਉਸ ਕੋਲੋਂ ਪਹਿਲਾਂ 1 ਲੱਖ ਰੁਪਏ ਨਕਦ ਅਤੇ ਬਾਅਦ ਵਿੱਚ 20 ਹਜ਼ਾਰ ਰੁਪਏ ਹੋਰ ਲੈ ਲਏ।
ਬਾਅਦ ਵਿੱਚ ਪੀੜਤ ਪਰਿਵਾਰ ਨੂੰ ਪਤਾ ਲੱਗਾ ਕਿ ਇਹ ਦੋਵੇਂ ਨਕਲੀ ਪੱਤਰਕਾਰ ਹਨ ਅਤੇ ਉਨ੍ਹਾਂ ਨਾਲ ਠੱਗੀ ਵੱਜੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਨਸੀਬ ਸਿੰਘ ਉਰਫ਼ ਨਸੀਬ ਵਿਰਕ ਪੁੱਤਰ ਦਰਸ਼ਨ ਸਿੰਘ (ਵਾਸੀ ਵਿਰਕ) ਅਤੇ ਸੋਨੀ ਸ਼ੇਰਪੁਰੀ (ਵਾਸੀ ਸ਼ੇਰਪੁਰ ਕਲਾਂ) ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 308(2), 318(4), 61(2), 74 ਅਤੇ 351(2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਖੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਸੀਬ ਸਿੰਘ ਵਿਰਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਫ਼ਰਾਰ ਮੁਲਜ਼ਮ ਸੋਨੀ ਸ਼ੇਰਪੁਰੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


















