Join WhatsApp

Join Now

ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ ਸਮਾਗਮ ਲਈ ਤਲਵੰਡੀ ਸਲੇਮ ‘ਚ ਇਕੱਤਰਤਾ

On: ਅਗਸਤ 18, 2026 6:48 ਬਾਃ ਦੁਃ

 

ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ ਸਮਾਗਮ ਲਈ ਤਲਵੰਡੀ ਸਲੇਮ ‘ਚ ਇਕੱਤਰਤਾ

ਲੋਕ ਜਥੇਬੰਦੀਆਂ ਵੱਲੋਂ ਹੱਥ ਪਰਚਾ ਅਤੇ ਇਸ਼ਤਿਹਾਰ ਲੋਕ ਅਰਪਣ, ਪਾਸ਼ ਲਾਇਬਰੇਰੀ ਲਈ ਦੇਸ਼ ਭਗਤ ਹਾਲ ਵੱਲੋਂ ਕਿਤਾਬਾਂ ਭੇਂਟ

ਮੱਲੀਆਂ ਕਲਾਂ, 18 ਅਗਸਤ 2026

ਉੱਚ ਕੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ‘ਚ ਸਮਾਗਮ ਕਰਨ ਲਈ ਅੱਜ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਹੋਈ ।

ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਲਈ ਜਿਥੇ ਠੋਸ ਵਿਉਂਤ ਬੰਦੀ ਬਣਾਈ ਗਈ ਉੱਥੇ ਪਾਸ਼ -ਹੰਸ ਰਾਜ ਯਾਦਗਾਰੀ ਕੰਪਲੈਕਸ ਵਿਖੇ ਸਮਾਗਮ ਦਾ ਪੋਸਟਰ ਅਤੇ ਪ੍ਰਚਾਰ ਲਈ ਹੱਥ ਪਰਚਾ ਜਾਰੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁਹੰਚੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟ੍ਰਸਟੀ ਸੁਰਿੰਦਰ ਕੁਮਾਰੀ ਕੋਛੜ , ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਦੇਸ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਵਲੋਂ ਪਾਸ਼ ਯਾਦਗਾਰੀ ਲਾਇਬ੍ਰੇਰੀ ਵਾਸਤੇ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਭੇਜੀਆਂ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ।

ਮੀਟਿੰਗ ਵਿੱਚ ਸ਼ਾਮਲ ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ , ਐਡਵੋਕੇਟ ਸੁਰਿੰਦਰ ਖੀਵਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ, ਹਰ ਸਾਲ ਸਾਹਿਤਕਾਰਾਂ ਬੁੱਧੀਜੀਵੀਆਂ ਵਲੋਂ 9 ਸਤੰਬਰ, ਪਾਸ਼ ਦਾ ਜਨਮ ਦਿਨ ” ਕਵਿਤਾ ਦਿਵਸ ” ਵਜੋਂ ਮਨਾਇਆ ਜਾਂਦਾ ਹੈ।

ਇਸ ਵਾਰ ਇਹ ਸਮਾਗਮ, ਲੇਖਕਾਂ, ਬੁੱਧੀਜੀਵੀਆਂ, ਮਜ਼ਦੂਰਾਂ ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵਲੋਂ ਇਕੱਠਿਆਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਮੌਕੇ ਵੱਡਾ ਜਨਤਕ ਇਕੱਠ , ਪਾਸ਼ -ਹੰਸ ਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਵਿਖੇ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਅਤੇ ਨਾਟਕਕਾਰ ਅਤੇ ਵਿਦਵਾਨ ਡਾਕਟਰ ਸਵਰਾਜਬੀਰ ਵਲੋਂ ਪਾਸ਼ ਦੀਆਂ ਕਵਿਤਾਵਾਂ ਦੇ ਅਧਾਰਤ ਨਾਟਕ ਖੇਡਿਆ ਜਾਵੇਗਾ ਅਤੇ ਪੰਜਾਬ ਦੀਆਂ ਪ੍ਰਸਿੱਧ ਸੰਗੀਤ ਮੰਡਲੀਆਂ ਵਲੋਂ ਪਾਸ਼ ਦੀ ਸ਼ਾਇਰੀ ਨੂੰ ਗੀਤਾਂ ਰਾਹੀਂ ਪੇਸ਼ ਕੀਤਾ ਜਾਵੇਗਾ।‌

ਆਗੂਆਂ ਨੇ ਕਿਹਾ ਕਿ ਇਸ ਮੌਕੇ ਲੇਖਕਾਂ/ਬੁੱਧੀਜੀਵੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਸਮਾਗਮ ਦੀ ਸਫ਼ਲਤਾ ਲਈ ਇਲਾਕ਼ੇ ਦੇ ਪਿੰਡਾਂ, ਕਸਬਿਆਂ ਵਿੱਚ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ। ਅੱਜ ਦੀ ਮੀਟਿੰਗ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ , ਪਿੰਡ ਦੇ ਕੁਝ ਲੋਕਾਂ ਵਲੋਂ ਕੰਪਲੈਕਸ ਅੰਦਰ ਲਾਈ ਓਪਨ ਜਿੰਮ ਨੂੰ ਤੁਰੰਤ ਉਥੋਂ ਹਟਾਇਆ ਜਾਵੇ ਅਤੇ ਯਾਦਗਾਰ ਨੂੰ ਸ਼ਹੀਦੀ ਯਾਦਗਾਰ ਵਜੋਂ ਮਾਨਤਾ ਦਿੱਤੀ ਜਾਵੇ।

ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਤਨਾਮ ਉੱਗੀ, ਹਰਪਾਲ ਬਿੱਟੂ, ਮਾਸਟਰ ਬਲਦੇਵ ਸਿੰਘ ਉੱਗੀ, ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਚਾ, ਮਲਕੀਅਤ ਸਿੰਘ ਈਦਾ, ਅਵਤਾਰ ਉੱਗੀ, ਬਲਦੇਵ ਰਾਜ ਮਾਲੜੀ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੇ ਸਕੱਤਰ ਡਾ.ਮੰਗਤ ਔਜਲਾ ਅਤੇ ਗੁਰਮੀਤ ਸਿੰਘ ਕੋਟਲੀ ਵੀ ਹਾਜ਼ਰ ਸਨ। ਸਮਾਗਮ ਦੀ ਸਫ਼ਲਤਾ ਲਈ ਸ਼ੁੱਭ ਕਾਮਨਾਵਾਂ ਭੇਜਣ ਵਾਲਿਆਂ ‘ਚ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ (ਡਾ ), ਦੇਸ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ,ਅਵਤਾਰ ਪਾਸ਼ ਯਾਦਗਾਰੀ ਟ੍ਰਸਟ ਦੇ ਪਾਵੇਲ ਕੁੱਸਾ ਅਤੇ ਡਾ. ਪਰਮਿੰਦਰ ਸ਼ਾਮਲ ਹਨ।

Leave a Comment