Join WhatsApp

Join Now

“ਕੁਰਸੀਆਂ ਦੀ ਲੜਾਈ ਲੜਨ ਵਾਲਿਆਂ ਨੂੰ ਰੱਬ ਨੇ ਨਕਾਰਿਆ, ਅਸੀਂ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੰਵਾਰਿਆ”- CM ਮਾਨ

On: November 3, 2026 3:20 PM

 

“ਕੁਰਸੀਆਂ ਦੀ ਲੜਾਈ ਲੜਨ ਵਾਲਿਆਂ ਨੂੰ ਰੱਬ ਨੇ ਨਕਾਰਿਆ, ਅਸੀਂ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੰਵਾਰਿਆ”- CM ਮਾਨ

ਨਹਿਰੀ ਪਾਣੀ ਤੇ ਝਾੜ ‘ਚ ਵਾਧਾ: ਪੰਜਾਬ ਦਾ ਧਰਤੀ ਹੇਠਲਾ ਪਾਣੀ 1 ਤੋਂ 5 ਮੀਟਰ ਤੱਕ ਉੱਪਰ ਆਇਆ – ਮੁੱਖ ਮੰਤਰੀ

ਮੋਹਾਲੀ/ਚੰਡੀਗੜ੍ਹ, 3 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿਖੇ ਇੱਕ ਸਮਾਗਮ ਦੌਰਾਨ ਨਵ-ਨਿਯੁਕਤ ਨੌਜਵਾਨਾਂ ਅਤੇ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਸੂਬੇ ਵਿੱਚ ਹੋਏ ਵੱਡੇ ਸੁਧਾਰਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਖੇਤੀਬਾੜੀ ਖੇਤਰ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਸੂਬੇ ਵਿੱਚ ਨਹਿਰੀ ਪਾਣੀ ਦੀ ਪਹੁੰਚ ਨੂੰ ਆਖਰੀ ਛੋਰ ਤੱਕ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਭਗ 18 ਹਜ਼ਾਰ ਕਿਊਸਿਕ ਪਾਣੀ ਖੇਤਾਂ ਤੱਕ ਪਹੁੰਚਾਇਆ ਗਿਆ ਹੈ, ਜੋ ਕਿ ਭਾਖੜਾ ਨਹਿਰ ਦੀ ਕੁੱਲ ਸਮਰੱਥਾ ਦੇ ਬਰਾਬਰ ਹੈ। ਉਨ੍ਹਾਂ ਕਿਹਾ, “ਅੱਜ ਮੈਨੂੰ ਪਿੰਡਾਂ ਤੋਂ ਕਿਸਾਨਾਂ ਦੀਆਂ ਵੀਡੀਓਜ਼ ਆਉਂਦੀਆਂ ਹਨ ਕਿ 40 ਤੋਂ 50 ਸਾਲਾਂ ਬਾਅਦ ਉਨ੍ਹਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਿਆ ਹੈ।”

ਮੁੱਖ ਮੰਤਰੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਉੱਪਰ ਆਇਆ ਹੈ। ਪਹਾੜਾਂ ਤੋਂ ਆਉਂਦੇ ਮਿਨਰਲ ਅਤੇ ਉਪਜਾਊ ਮਿੱਟੀ ਵਾਲੇ ਨਹਿਰੀ ਪਾਣੀ ਦੇ ਵਰਤੋਂ ਨਾਲ ਇਸ ਵਾਰ ਝੋਨੇ ਦੇ ਝਾੜ ਵਿੱਚ ਵੀ 10 ਮਨ ਪ੍ਰਤੀ ਏਕੜ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਮਾਰੂਥਲ ਬਣਨ ਦੀ ਕਗਾਰ ‘ਤੇ ਸੀ, ਅੱਜ ਉੱਥੇ ਪਾਣੀ ਦਾ ਸਰੋਤ ਮੁੜ ਸੁਰਜੀਤ ਹੋ ਰਿਹਾ ਹੈ।

ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੌਕਰੀਆਂ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹਾ ਮਾਹੌਲ ਬਣਿਆ ਹੈ ਜਿੱਥੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ, ਸਿਰਫ਼ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਨੌਜਵਾਨਾਂ ਨੂੰ ਵਟਸਐਪ (WhatsApp) ‘ਤੇ ਸੁਨੇਹੇ ਅਤੇ ਘਰਾਂ ਵਿੱਚ ਡਾਕ ਰਾਹੀਂ ਨਿਯੁਕਤੀ ਪੱਤਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਨਿਰਾਸ਼ਾ ਦਾ ਮਾਹੌਲ ਸੀ, ਪਰ ਹੁਣ ਘਰ-ਘਰ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਆਪਣੀ ਮਿਹਨਤ ਦਾ ਫ਼ਲ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੀ ਵੀ ਪ੍ਰੇਰਨਾ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ, ਕਬੱਡੀ, ਭੰਗੜੇ ਅਤੇ ਆਪਣੀ ਅਮੀਰ ਵਿਰਾਸਤ ਲਈ ਜਾਣਿਆ ਜਾਂਦਾ ਸੀ। ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਨੂੰ ਚਿੱਟੇ, ਟੀਕਿਆਂ ਅਤੇ ਨਸ਼ਿਆਂ ਲਈ ਬਦਨਾਮ ਕਰ ਦਿੱਤਾ ਗਿਆ ਸੀ। ਪਰ ਹੁਣ ਖੇਡਾਂ ਵਾਪਸ ਲਿਆਂਦੀਆਂ ਜਾ ਰਹੀਆਂ ਹਨ। ਜਲੰਧਰ ਅਤੇ ਮੋਹਾਲੀ ਵਿੱਚ ਹਾਕੀ ਦੇ ਵੱਡੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਜਿਸ ਨਾਲ ਨੌਜਵਾਨਾਂ ਦਾ ਧਿਆਨ ਮੁੜ ਖੇਡਾਂ ਵੱਲ ਕੇਂਦਰਿਤ ਹੋ ਰਿਹਾ ਹੈ।

ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਸਿਰਫ਼ ਆਪਣੀਆਂ ਕੁਰਸੀਆਂ ਬਚਾਉਣ ਲਈ ਪੰਜਾਬ ਦਾ ਵਿਨਾਸ਼ ਕੀਤਾ। ਉਨ੍ਹਾਂ ਨੂੰ ਲੋਕਾਂ ਦੇ ਬੱਚਿਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਹੜੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸਨ, ਅੱਜ ਉਨ੍ਹਾਂ ਕੋਲ ਚੋਣਾਂ ਲੜਨ ਲਈ 25 ਉਮੀਦਵਾਰ ਵੀ ਨਹੀਂ ਬਚੇ।

ਈ.ਡੀ (ED) ਅਤੇ ਸੀ.ਬੀ.ਆਈ (CBI) ਦੀਆਂ ਸੰਭਾਵੀ ਰੇਡਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਵਿਰੋਧੀ ਧਿਰਾਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਡਰਾਉਣ ਦੀ ਕੋਸ਼ਿਸ਼ ਕਰਨਗੀਆਂ, ਪਰ ਜਿੰਨਾ ਚਿਰ ਪੰਜਾਬ ਦੇ ਲੋਕਾਂ ਦਾ ਸਾਥ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਨੂੰ ਕਿਸੇ ਗੱਲ ਦਾ ਫ਼ਿਕਰ ਨਹੀਂ ਹੈ। ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਰਕਾਰ ‘ਤੇ ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਵੀ ਇਲਜ਼ਾਮ ਨਹੀਂ ਲੱਗ ਸਕਿਆ।

ਆਪਣੇ ਸੰਬੋਧਨ ਦੇ ਅੰਤ ਵਿੱਚ ਭਗਵੰਤ ਮਾਨ ਨੇ ਮਹਾਨ ਸ਼ਹੀਦਾਂ ਅਤੇ ਇਤਿਹਾਸਕ ਸ਼ਖ਼ਸੀਅਤਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਨਸਾਨ ਉਮਰ ਨਾਲ ਨਹੀਂ, ਸਗੋਂ ਆਪਣੇ ਉੱਚੇ ਵਿਚਾਰਾਂ ਅਤੇ ਚੰਗੇ ਕਰਮਾਂ ਨਾਲ ਵੱਡਾ ਬਣਦਾ ਹੈ। ਸ਼ਹੀਦ ਭਗਤ ਸਿੰਘ ਨੇ ਮਹਿਜ਼ 23 ਸਾਲ ਅਤੇ ਕਰਤਾਰ ਸਿੰਘ ਸਰਾਭਾ ਨੇ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਕੁਰਬਾਨੀ ਦਿੱਤੀ, ਜਿਸ ਕਰਕੇ ਅੱਜ ਵੀ ਉਹ ਕਰੋੜਾਂ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਧਨ-ਦੌਲਤ ਇਕੱਠੀ ਕਰਨ ਨਾਲੋਂ ਗ਼ਰੀਬਾਂ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈਣਾ ਸਭ ਤੋਂ ਵੱਡੀ ਕਮਾਈ ਹੈ।

 

Leave a Comment