Join WhatsApp

Join Now

“ਵਾਅਦੇ ਕਰਕੇ ਭੁੱਲੀ ਸਰਕਾਰ”: ਪੂਰੇ ਲਾਭ ਨਾ ਮਿਲਣ ਤੋਂ ਖਫ਼ਾ ਸਿੱਖਿਆ ਪ੍ਰੋਵਾਈਡਰਾਂ ਨੇ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

On: ਅਗਸਤ 28, 2026 12:15 ਬਾਃ ਦੁਃ

 

“ਵਾਅਦੇ ਕਰਕੇ ਭੁੱਲੀ ਸਰਕਾਰ”: ਪੂਰੇ ਲਾਭ ਨਾ ਮਿਲਣ ਤੋਂ ਖਫ਼ਾ ਸਿੱਖਿਆ ਪ੍ਰੋਵਾਈਡਰਾਂ ਨੇ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਜੇਕਰ ਪੇਅ-ਸਕੇਲ ਤੇ CSR ਰੂਲ ਲਾਗੂ ਨਾ ਹੋਏ ਤਾਂ ਪਰਿਵਾਰਾਂ ਸਮੇਤ ਕਰਾਂਗੇ ਆਰ-ਪਾਰ ਦਾ ਸੰਘਰਸ਼: ਐਸੋਸੀਏਟ ਅਧਿਆਪਕ ਯੂਨੀਅਨ

ਬਰਨਾਲਾ, 28 ਅਗਸਤ 2026- ਐਸੋਸੀਏਟ ਅਧਿਆਪਕ (ਸਿੱਖਿਆ ਪ੍ਰੋਵਾਈਡਰ) ਯੂਨੀਅਨ ਬਰਨਾਲਾ ਵੱਲੋਂ ਸੂਬਾਈ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਯੂਨੀਅਨ ਦੇ ਇੱਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ।

ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੋਤਨਾ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2023 ਵਿੱਚ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਪੱਕੇ (ਰੈਗੂਲਰ) ਕਰਨ ਦਾ ਐਲਾਨ ਤਾਂ ਕਰ ਦਿੱਤਾ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਰੈਗੂਲਰ ਅਧਿਆਪਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਅਤੇ ਵਿੱਤੀ ਲਾਭ 3-4 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਮੁਹੱਈਆ ਨਹੀਂ ਕਰਵਾਏ ਗਏ।

ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਪੂਰੇ ਪੰਜਾਬ ਦੇ ਐਸੋਸੀਏਟ ਅਧਿਆਪਕਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣਾਂ ਤੋਂ ਪਹਿਲਾਂ ਧਰਨਿਆਂ ਦੌਰਾਨ ਅਧਿਆਪਕਾਂ ਨਾਲ ਦਰੀਆਂ ‘ਤੇ ਬੈਠ ਕੇ ਵੱਡੇ-ਵੱਡੇ ਵਾਅਦੇ ਕੀਤੇ ਸੀ।

ਸਰਕਾਰ ਬਣਦਿਆਂ ਹੀ ਸਾਰੇ ਲਾਭਾਂ ਸਮੇਤ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸੱਤਾ ਵਿੱਚ ਆਉਂਦਿਆਂ ਹੀ ਸਰਕਾਰ ਆਪਣੇ ਇਨ੍ਹਾਂ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਰਹੀ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਕੀਤੇ ਗਏ ਵਾਅਦਿਆਂ ਅਨੁਸਾਰ ਐਸੋਸੀਏਟ ਅਧਿਆਪਕਾਂ ‘ਤੇ ਤੁਰੰਤ ਪੂਰਾ ਪੇਅ-ਸਕੇਲ ਅਤੇ ਸੀ.ਐੱਸ.ਆਰ. (CSR) ਰੂਲ ਲਾਗੂ ਕੀਤੇ ਜਾਣ।

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਅਧਿਆਪਕਾਂ ਦੇ ਸਬਰ ਦਾ ਪੈਮਾਨਾ ਹੁਣ ਭਰ ਚੁੱਕਾ ਹੈ। ਜੇਕਰ ਸਰਕਾਰ ਨੇ ਟਾਲ-ਮਟੋਲ ਦੀ ਨੀਤੀ ਛੱਡ ਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ, ਤਾਂ ਪੂਰੇ ਪੰਜਾਬ ਦੇ ਐਸੋਸੀਏਟ ਅਧਿਆਪਕ (ਸਿੱਖਿਆ ਪ੍ਰੋਵਾਈਡਰ) ਆਪਣੇ ਪਰਿਵਾਰਾਂ ਸਮੇਤ ਸਰਕਾਰ ਵਿਰੁੱਧ ਸੜਕਾਂ ‘ਤੇ ਉੱਤਰਨਗੇ।

ਇਸ ਸੰਘਰਸ਼ ਵਿੱਚ ਭਰਾਤਰੀ ਜੱਥੇਬੰਦੀਆਂ ਦਾ ਵੀ ਸਮਰਥਨ ਲਿਆ ਜਾਵੇਗਾ ਅਤੇ ਇਹ ਲੜਾਈ ਆਰ-ਪਾਰ ਦੇ ਮੋੜ ‘ਤੇ ਲੜੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਸੋਨਦੀਪ ਸਿੰਘ ਟੱਲੇਵਾਲ, ਜਰਨੈਲ ਕੱਟੂ, ਪਲਵਿੰਦਰ ਠੀਕਰੀਵਾਲ, ਮਨੀਸ਼ ਕੁਮਾਰ, ਰਣਜੀਤ ਸਿੰਘ, ਜਗਪਾਲ ਸੇਖਾ, ਮੈਡਮ ਸਵਰਨਜੀਤ ਕੌਰ, ਜਸਪ੍ਰੀਤ ਕੌਰ, ਇੱਕਵਿੰਦਰ ਕੌਰ ਤੇ ਰਾਜਵੀਰ ਕੌਰ ਆਦਿ ਅਧਿਆਪਕ ਵੀ ਹਾਜ਼ਰ ਸਨ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment