Anganwadi Employees! ਆਂਗਣਵਾੜੀ ਮੁਲਾਜ਼ਮਾਂ ਦੇ ਬੀਮਾ ਕਵਰੇਜ ਲਈ ਵਿਭਾਗ ਅਤੇ 4 ਜਥੇਬੰਦੀਆਂ ਦੀ ਅਹਿਮ ਮੀਟਿੰਗ
ਲੰਬੀ ਬਲਾਕ ‘ਚ ਹੈਲਪਰ ਦੇ ਹੋਏ ਕਤਲ ਤੋਂ ਬਾਅਦ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਚੁੱਕਿਆ ਗਿਆ ਲਾਈਫ ਇੰਸ਼ੋਰੈਂਸ ਦਾ ਮੁੱਦਾ- ਪੰਜਾਬ ਦੀਆਂ ਕਰੀਬ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਿਲੇਗਾ ਲਾਭ; 0 ਬੈਲੈਂਸ ਖਾਤੇ ਅਤੇ ਮੁਫ਼ਤ ਬੈਂਕਿੰਗ ਸੇਵਾਵਾਂ ,ਲਾਈਫ ਇੰਸ਼ੋਰੈਂਸ,ਐਕਸੀਡੈਂਟਲ ਬੀਮਾ,ਫੈਮਲੀ ਕਵਰੇਜ ਬੀਮੇ ਦੀ ਪੇਸ਼ਕਸ਼
ਚੰਡੀਗੜ੍ਹ, 12 ਜੂਨ 2026-
Anganwadi Employees! ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੀਆਂ 4 ਪ੍ਰਮੁੱਖ ਆਂਗਣਵਾੜੀ ਮੁਲਾਜ਼ਮ ਜਥੇਬੰਦੀਆਂ ਵਿਚਕਾਰ ਇੱਕ ਬੇਹੱਦ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਵਿਸ਼ੇਸ਼ ਤੌਰ ‘ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਬੀਮਾ ਕਵਰੇਜ (Insurance) ਦੇ ਸਬੰਧ ਵਿੱਚ ਬੁਲਾਈ ਗਈ ਸੀ। ਮੀਟਿੰਗ ਵਿੱਚ ਡਾਇਰੈਕਟਰ ਡਾਕਟਰ ਸ਼ੀਨਾ ਅਗਰਵਾਲ ਅਤੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਸਮੇਤ ਵੱਖ-ਵੱਖ ਪ੍ਰਮੁੱਖ ਬੈਂਕਾਂ ਦੇ ਉੱਚ ਨੁਮਾਇੰਦੇ ਹਾਜ਼ਰ ਸਨ।
‘ਸਰਵ ਆਂਗਣਵਾੜੀ ਯੂਨੀਅਨ’ ਦੀ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ‘ਪੰਜਾਬ ਨੈੱਟਵਰਕ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁੱਦਾ ਲੰਬੀ ਬਲਾਕ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ। ਉੱਥੇ ਔਨ-ਡਿਊਟੀ ਇੱਕ ਆਂਗਣਵਾੜੀ ਹੈਲਪਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾ ਦੇ ਛੋਟੇ-ਛੋਟੇ ਬੱਚੇ ਹਨ (5 ਸਾਲ ਦਾ ਬੇਟਾ ਅਤੇ 7 ਸਾਲ ਦੀ ਬੇਟੀ)। ਜਦੋਂ ਜਥੇਬੰਦੀ ਨੇ ਵਿਭਾਗ ਦੇ ਮੰਤਰੀ, ਡਾਇਰੈਕਟਰ ਅਤੇ ਸੈਕਟਰੀ ਕੋਲੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਜਾਂ ਨੌਕਰੀ ਦੀ ਮੰਗ ਕੀਤੀ, ਤਾਂ ਪਤਾ ਲੱਗਿਆ ਕਿ ਵਿਭਾਗ ਕੋਲ ਅਜਿਹੀ ਕੋਈ ਪਾਲਿਸੀ ਜਾਂ ਸਕੀਮ ਮੌਜੂਦ ਹੀ ਨਹੀਂ ਹੈ।
ਇਸ ਤੋਂ ਬਾਅਦ ਮੈਡਮ ਡਾਇਰੈਕਟਰ ਨਾਲ ਗੱਲਬਾਤ ਹੋਈ ਅਤੇ ਮਨਰੇਗਾ ਸਮੇਤ ਹੋਰਨਾਂ ਵਿਭਾਗਾਂ ਦੀ ਤਰਜ਼ ‘ਤੇ ਆਂਗਣਵਾੜੀ ਮੁਲਾਜ਼ਮਾਂ ਲਈ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ Axis ਬੈਂਕ, ਪੰਜਾਬ ਨੈਸ਼ਨਲ ਬੈਂਕ (PNB), ICICI ਅਤੇ HDFC ਸਮੇਤ ਕਈ ਬੈਂਕਾਂ ਅਤੇ ਲਾਈਫ ਇੰਸ਼ੋਰੈਂਸ ਏਜੰਟਾਂ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਆਪਣੇ ਪ੍ਰਸਤਾਵ ਰੱਖੇ।
ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ 27,000 ਤੋਂ ਵੱਧ ਆਂਗਣਵਾੜੀ ਵਰਕਰਾਂ ਅਤੇ ਇੰਨੀਆਂ ਹੀ ਹੈਲਪਰਾਂ ਹਨ (ਕੁੱਲ ਮਨਜ਼ੂਰਸ਼ੁਦਾ ਪੋਸਟਾਂ ਕਰੀਬ 54,000 ਹਨ, ਜਿਨ੍ਹਾਂ ਵਿੱਚੋਂ 50 ਤੋਂ 51 ਹਜ਼ਾਰ ਭਰੀਆਂ ਹੋਈਆਂ ਹਨ)। ਵਰਕਰਾਂ ਦਾ ਮਾਣਭੱਤਾ 11,500 ਰੁਪਏ ਅਤੇ ਹੈਲਪਰਾਂ ਦਾ 5,300 ਰੁਪਏ ਹੈ, ਇਸ ਲਈ ਜਥੇਬੰਦੀ ਦੀ ਮੰਗ ਹੈ ਕਿ ਇਸ ਇੰਸ਼ੋਰੈਂਸ ਵਿੱਚ ਲਾਈਫ, ਐਕਸੀਡੈਂਟਲ, ਫੈਮਿਲੀ ਅਤੇ ਮੈਡੀਕਲ ਨੋਰਮਸ ਸਭ ਕੁਝ ਕਵਰ ਹੋਣਾ ਚਾਹੀਦਾ ਹੈ।
ਹਾਲਾਂਕਿ, ਅੱਜ ਦੀ ਮੀਟਿੰਗ ਵਿੱਚ ਕੁਝ ਬੈਂਕ ਪੂਰੀ ਤਿਆਰੀ ਅਤੇ ਪ੍ਰਸਤਾਵਾਂ ਨਾਲ ਨਹੀਂ ਆਏ ਸਨ, ਜਿਸ ਕਾਰਨ ਅੱਜ ਕੋਈ ਅੰਤਿਮ ਫੈਸਲਾ (Final Decision) ਨਹੀਂ ਹੋ ਸਕਿਆ। ਵਿਭਾਗ ਅਤੇ ਜਥੇਬੰਦੀਆਂ ਨੇ ਉਨ੍ਹਾਂ ਬੈਂਕਾਂ ਨੂੰ ਹਫ਼ਤੇ ਜਾਂ 15 ਦਿਨਾਂ ਦਾ ਸਮਾਂ ਦਿੱਤਾ ਹੈ। ਅਗਲੀ ਮੀਟਿੰਗ ਵਿੱਚ ਸਭ ਤੋਂ ਬਿਹਤਰ ਪਾਲਿਸੀ ਨੂੰ ਫਾਈਨਲ ਕਰਕੇ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਇੰਸ਼ੋਰੈਂਸ ਸਕੀਮ ਲਾਗੂ ਕਰ ਦਿੱਤੀ ਜਾਵੇਗੀ।


















