ਐਤਵਾਰ, ਮਾਰਚ 29, 2026
Home Blog Page 124

Breaking: ਪੰਜਾਬ ‘ਚ ED ਦੀ ਵੱਡੀ ਕਾਰਵਾਈ, ਕਰੋੜਾਂ ਰੁਪਏ ਬਰਾਮਦ!

 

Breaking: ਪੰਜਾਬ ‘ਚ ED ਦੀ ਵੱਡੀ ਕਾਰਵਾਈ, ਕਰੋੜਾਂ ਰੁਪਏ ਬਰਾਮਦ!

Punjab Network

ਜਲੰਧਰ, 1 ਜਨਵਰੀ 2026-

ਪੰਜਾਬ ਵਿੱਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੀ ਲਾਂਡਰਿੰਗ ਨਾਲ ਜੁੜੇ “ਡੌਂਕੀ ਰੂਟ” ਮਾਮਲੇ ਵਿੱਚ ਮਹੱਤਵਪੂਰਨ ਕਾਰਵਾਈ ਕੀਤੀ ਹੈ। ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤ 18 ਅਤੇ 19 ਦਸੰਬਰ ਨੂੰ ਪੰਜਾਬ, ਹਰਿਆਣਾ ਅਤੇ ਨਵੀਂ ਦਿੱਲੀ ਵਿੱਚ ਇੱਕੋ ਸਮੇਂ ਛਾਪੇ ਮਾਰੇ ਗਏ। ਕੁੱਲ 13 ਥਾਵਾਂ ਦੀ ਤਲਾਸ਼ੀ ਲਈ ਗਈ।

ED ਦੀ ਕਾਰਵਾਈ ਵਿੱਚ ਕਰੋੜਾਂ ਰੁਪਏ ਦੀ ਨਕਦੀ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਸੋਨਾ ਅਤੇ ਚਾਂਦੀ, ਕਈ ਇਲੈਕਟ੍ਰਾਨਿਕ ਡਿਵਾਈਸਾਂ ਅਤੇ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ, 50 ਤੋਂ ਵੱਧ ਅਸਲੀ ਪਾਸਪੋਰਟ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ, ਇਸ ਕਾਰਵਾਈ ਨੂੰ “ਡੌਂਕੀ ਰੂਟ” ਰਾਹੀਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ ਭੇਜਣ ਵਿੱਚ ਸ਼ਾਮਲ ਇੱਕ ਸੰਗਠਿਤ ਨੈੱਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

ਤਲਾਸ਼ੀ ਦੌਰਾਨ, ਈਡੀ ਨੇ ਲਗਭਗ ₹4.68 ਕਰੋੜ ਨਕਦ, ਲਗਭਗ ₹8.07 ਕਰੋੜ ਮੁੱਲ ਦਾ 5.9 ਕਿਲੋ ਸੋਨਾ, ₹2.7 ਲੱਖ ਮੁੱਲ ਦੇ 20 ਗ੍ਰਾਮ ਸੋਨੇ ਦੇ ਸਿੱਕੇ ਅਤੇ ਲਗਭਗ ₹6.42 ਕਰੋੜ ਮੁੱਲ ਦੇ 313 ਕਿਲੋ ਚਾਂਦੀ ਬਰਾਮਦ ਕੀਤੀ। ਇਹ ਸ਼ੱਕ ਹੈ ਕਿ ਇਹ ਦੌਲਤ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਸੰਬੰਧਿਤ ਵਿੱਤੀ ਲੈਣ-ਦੇਣ ਰਾਹੀਂ ਪ੍ਰਾਪਤ ਕੀਤੀ ਗਈ ਸੀ।

ਜਾਂਚ ਦੌਰਾਨ, ਮੋਬਾਈਲ ਫੋਨ, ਲੈਪਟਾਪ ਅਤੇ ਹਾਰਡ ਡਿਸਕਾਂ ਸਮੇਤ ਕਈ ਡਿਜੀਟਲ ਡਿਵਾਈਸਾਂ ਵੀ ਬਰਾਮਦ ਕੀਤੀਆਂ ਗਈਆਂ। ਹਵਾਲਾ ਲੈਣ-ਦੇਣ, ਮਨੀ ਲਾਂਡਰਿੰਗ ਅਤੇ ਵਿਦੇਸ਼ੀ ਕੁਨੈਕਸ਼ਨਾਂ ਨਾਲ ਸਬੰਧਤ ਸੁਰਾਗ ਇਕੱਠੇ ਕਰਨ ਲਈ ਇਨ੍ਹਾਂ ਸਾਰੇ ਡਿਵਾਈਸਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਕਈ ਸ਼ੱਕੀ ਦਸਤਾਵੇਜ਼ ਅਤੇ ਰਿਕਾਰਡ ਵੀ ਬਰਾਮਦ ਕੀਤੇ ਗਏ ਹਨ।

ਬਰਾਮਦ ਕੀਤੇ ਗਏ 50 ਤੋਂ ਵੱਧ ਪਾਸਪੋਰਟ ਵੱਖ-ਵੱਖ ਵਿਅਕਤੀਆਂ ਦੇ ਦੱਸੇ ਜਾ ਰਹੇ ਹਨ। ਈਡੀ ਨੂੰ ਸ਼ੱਕ ਹੈ ਕਿ ਇਨ੍ਹਾਂ ਦੀ ਵਰਤੋਂ ਧੋਖਾਧੜੀ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਲਈ ਕੀਤੀ ਗਈ ਹੋ ਸਕਦੀ ਹੈ। ਏਜੰਸੀ ਹੁਣ ਪਾਸਪੋਰਟ ਧਾਰਕਾਂ, ਉਨ੍ਹਾਂ ਦੀਆਂ ਭੂਮਿਕਾਵਾਂ ਦੀ ਪਛਾਣ ਕਰਨ ਅਤੇ ਪੂਰੇ ਨੈੱਟਵਰਕ ਨੂੰ ਜੋੜਨ ਲਈ ਕੰਮ ਕਰ ਰਹੀ ਹੈ।

 

AAP ਨੇ ਤਿੰਨ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਨ੍ਹਾਂ ਜ਼ਿਲ੍ਹਿਆਂ ਦਾ ਬਣਾਇਆ ਪ੍ਰਧਾਨ

 

AAP ਨੇ ਤਿੰਨ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਨ੍ਹਾਂ ਜ਼ਿਲ੍ਹਿਆਂ ਦਾ ਬਣਾਇਆ ਪ੍ਰਧਾਨ

Punjab News, 31 Dec 2025- 

ਆਮ ਆਦਮੀ ਪਾਰਟੀ (AAP) ਪੰਜਾਬ ਦੇ ਵੱਲੋਂ ਸੂਬੇ ਦੇ ਅੰਦਰ ਤਿੰਨ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਪਾਰਟੀ ਨੇ ਹੁਸਿਆਰਪੁਰ ਦਿਹਾਤੀ, ਹੁਸਿਆਰਪੁਰ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਦੇ ਨਵੇਂ ਪ੍ਰਧਾਨਾਂ ਦਾ ਐਲਾਨ ਕੀਤਾ ਹੈ।

ਪੰਜਾਬ AAP ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਬਣੇ ਤਿੰਨਾਂ ਪ੍ਰਧਾਨਾਂ ਨੂੰ ਜਿੱਥੇ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈਆਂ ਦਿੱਤੀਆਂ ਹਨ, ਉੱਥੇ ਹੀ ਇਮਾਨਦਾਰੀ ਦੇ ਨਾਲ ਡਿਊਟੀ ਨਿਭਾਉਣ ਦੀ ਸਲਾਹ ਦਿੱਤੀ ਹੈ।

ਹੇਠਾਂ ਪੜ੍ਹੋ ਵੇਰਵਾ

May be an image of ticket stub, blueprint and text

 

Education News: ਸਿੱਖਿਆ ਵਿਭਾਗ ਨੇ ਚਾਰ ਸਾਲਾਂ ਤੋਂ ਨਹੀਂ ਕੱਢੀ ਇੱਕ ਵੀ ਨਵੀਂ ਭਰਤੀ! ਬੇਰੁਜ਼ਗਾਰਾਂ ਨੇ ਅਪਣਾਇਆ ਸਖ਼ਤ ਰੁਖ

 

Education News: ਸਿੱਖਿਆ ਵਿਭਾਗ ਨੇ ਚਾਰ ਸਾਲਾਂ ਤੋਂ ਨਹੀਂ ਕੱਢੀ ਇੱਕ ਵੀ ਨਵੀਂ ਭਰਤੀ! ਬੇਰੁਜ਼ਗਾਰਾਂ ਨੇ ਅਪਣਾਇਆ ਸਖ਼ਤ ਰੁਖ- ਲੋਹੜੀ ਮੌਕੇ ਭਗਵੰਤ ਮਾਨ ਤੋਂ ਕਰਨਗੇ ਰੁਜ਼ਗਾਰ ਦੀ ਮੰਗ

ਸੰਗਰੂਰ, 31 ਦਸੰਬਰ 2025 (Punjab Network)

Education News: ਬੇਰੁਜ਼ਗਾਰਾਂ ਨੇ ਲੋਹੜੀ ਤੋਂ ਪਹਿਲਾਂ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਘਰਸ਼ਮਈ ਲੋਹੜੀ ਮਨਾਉਣ ਦਾ ਸੱਦਾ ਨੇੜਲੇ ਪਿੰਡਾਂ ਦੀਆਂ ਸੱਥਾਂ ਅਤੇ ਕੰਧਾਂ ‘ਤੇ ਲਿਖ ਕੇ ਆਮ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ।

ਨੇੜਲੇ ਪਿੰਡ ਬੰਗਾਂ ਵਾਲੀ ਵਿਖੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆਪਣੀ ਵਿਥਿਆ ਨੂੰ ਕੰਧਾਂ ਉੱਤੇ ਲਿਖਦੇ ਹੋਏ ਸੰਘਰਸ਼ ਨੂੰ ਵਿਸ਼ਾਲ ਬਣਾਉਣ ਦਾ ਰਾਹ ਚੁਣਿਆ ਹੈ।

ਮੋਰਚੇ ਦੇ ਆਗੂਆਂ ਅਮਨ ਸੇਖਾ, ਪਰਮਜੀਤ ਕੌਰ ਨੇ ਦੱਸਿਆ ਕਿ ਆਮ ਲੋਕਾਂ ਅੰਦਰ ਵਹਿਮ ਹੈ ਕਿ ਪੰਜਾਬ ਸਰਕਾਰ ਨੇ ਸੱਚਮੁੱਚ 65 ਹਜ਼ਾਰ ਨੌਕਰੀਆਂ ਦਿੱਤੀਆਂ ਹਨ, ਜਦਕਿ ਸੱਚਾਈ ਇਹ ਹੈ ਕਿ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ ਗਈ।

ਇਸ ਲਈ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ, ਉਮਰ ਹੱਦ ਛੋਟ ਦੇਣ, 55 ਫੀਸਦੀ ਬੇਤੁਕੀ ਸ਼ਰਤ ਰੱਦ ਕਰਵਾਉਣ, ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਲਈ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਰੁਜ਼ਗਾਰ ਮੰਗਦੇ ਹੋਏ ਸੰਘਰਸ਼ੀ ਲੋਹੜੀ ਮਨਾਈ ਜਾਵੇਗੀ।

ਉੱਧਰ ਬੇਰੁਜ਼ਗਾਰਾਂ ਦੇ ਮੋਰਚੇ ਦੇ ਸੱਤਵੇਂ ਦਿਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਦਾਤਾ ਸਿੰਘ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਲਈ ਨਵਾਂ ਸਪੀਕਰ ਖਰੀਦ ਕੇ ਦਿੱਤਾ ਗਿਆ। ਇਸ ਮੌਕੇ ਰਾਜਵੀਰ ਕੌਰ, ਸੁਖਪਾਲ ਖਾਨ, ਸ਼ਿੰਦਰਪਾਲ ਕੌਰ, ਮੁਨੀਸ਼ ਫਾਜ਼ਿਲਕਾ ਅਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।

 

Punjab Holidays: ਸਾਰੇ ਸਕੂਲਾਂ ‘ਚ 7 ਜਨਵਰੀ ਤੱਕ ਛੁੱਟੀਆਂ ਵਧੀਆਂ

 

Punjab Holidays: ਸਾਰੇ ਸਕੂਲਾਂ ‘ਚ 7 ਜਨਵਰੀ ਤੱਕ ਛੁੱਟੀਆਂ ਵਧੀਆਂ

Mohali, 31 Dec 2025 (Punjab Network)- 

Punjab Holidays: ਪੰਜਾਬ ਦੇ ਸਾਰੇ ਸਕੂਲਾਂ ਵਿੱਚ 7 ਜਨਵਰੀ 2026 ਤੱਕ ਛੁੱਟੀਆਂ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਹ ਐਲਾਨ ਅੱਜ ਸੋਸ਼ਲ ਮੀਡੀਆ ਹੈਂਡਲ ‘ਤੇ ਕੀਤਾ ਗਿਆ। ਇਸ ਸਬੰਧੀ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਹੋਇਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।

ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।

 

Punjab News: ਮਾਨ ਸਰਕਾਰ ਗੁੰਗੀ ਅਤੇ ਬੋਲੀ- ਪੰਜਾਬ ਦੇ ਮੁਲਾਜ਼ਮਾਂ ਨੂੰ ਗੁਆਂਢੀ ਸੂਬਿਆਂ ਤੋਂ ਮਿਲ ਰਿਹੈ 16% ਘੱਟ ਡੀ.ਏ.

 

Punjab News: ਮਾਨ ਸਰਕਾਰ ਗੁੰਗੀ ਅਤੇ ਬੋਲੀ: ਪੰਜਾਬ ਦੇ ਮੁਲਾਜ਼ਮਾਂ ਨੂੰ ਗੁਆਂਢੀ ਸੂਬਿਆਂ ਤੋਂ ਮਿਲ ਰਿਹੈ 16% ਘੱਟ ਡੀ.ਏ.

ਪ੍ਰਮੋਦ ਭਾਰਤੀ

Punjab News: ਨਵਾਂ ਸ਼ਹਿਰ, 31 ਦਸੰਬਰ, 2025- ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਪੂਰੀ ਤਰ੍ਹਾਂ ਸਾਲ 2025 ਵਿੱਚ ਅਣਗੌਲਿਆ ਕੀਤਾ। ਮੌਜੂਦਾ ਸਰਕਾਰ ਵੱਲੋਂ ਨਵੰਬਰ 2022 ਵਿੱਚ ਪੰਜਾਬ ਦੇ ਕਰੀਬ ਦੋ ਲੱਖ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕੀਤਾ ਨੋਟੀਫ਼ਿਕੇਸ਼ਨ 2025 ਬੀਤ ਜਾਣ ਤੋਂ ਬਾਅਦ ਵੀ ਲਾਗੂ ਨਾ ਹੋ ਸਕਿਆ।

ਇਹ ਅਧੂਰਾ ਨੋਟੀਫ਼ਿਕੇਸ਼ਨ ਸਿਰਫ਼ ਲਾਰੇਬਾਜ਼ੀ ਤੋਂ ਬਗੈਰ ਹੋਰ ਕੁੱਝ ਵੀ ਸਾਬਤ ਨਹੀਂ ਹੋਇਆ। ਇਸ ਤੋਂ ਇਲਾਵਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪੜ੍ਹਾਉਂਦੇ ਅਧਿਆਪਕ ਸ਼ਹਿਰੀ ਖੇਤਰਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਤੋਂ ਘੱਟ ਤਨਖਾਹ ਲੈ ਰਹੇ ਹਨ, ਕਿਉਂਕਿ ਪਿਛਲੀ ਕਾਂਗਰਸ ਸਰਕਾਰ ਨੇ ਪੇਂਡੂ ਭੱਤਾ ਬੰਦ ਕਰ ਦਿੱਤਾ ਸੀ, ਜਿਸ ਨੂੰ ਮੁੜ ਲਾਗੂ ਕਰਨ ਦਾ ਮੌਜੂਦਾ ਸਰਕਾਰ ਵੱਲੋਂ ਲਾਇਆ ਲਾਰਾ ਪੇਂਡੂ ਮੁਲਾਜ਼ਮਾਂ ਲਈ ਸੁਪਨਾ ਹੀ ਰਹਿ ਗਿਆ।

ਇਹ ਵਿਚਾਰ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਵਰ੍ਹਾ ਖ਼ਤਮ ਹੋ ਗਿਆ ਪਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਇੱਕ ਵੀ ਡੀ.ਏ. ਦੀ ਕਿਸਤ ਨਹੀਂ ਦਿੱਤੀ ਗਈ। ਇਸ ਦੇ ਉੱਲਟ ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਇੱਕ ਜਨਵਰੀ 2026 ਤੋਂ ਅੱਠਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ।

ਪਰ ਪੰਜਾਬ ਦਾ ਮੁਲਾਜ਼ਮ ਕੇਂਦਰ ਸਰਕਾਰ ਅਤੇ ਗੁਆਂਢੀ ਸੂਬੇ ਹਰਿਆਣਾ ਤੋਂ 16% ਘੱਟ ਡੀ.ਏ. ਲੈ ਰਿਹਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਗੁੰਗੀ ਅਤੇ ਬੋਲੀ ਹੋਈ ਪਈ ਹੈ। ਪੰਜਾਬ ਦੇ ਲੱਖਾਂ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਖਾਤਰ ਰੋਜ਼ਾਨਾ ਧਰਨੇ-ਮੁਜ਼ਾਹਰੇ ਅਤੇ ਰੈਲੀਆਂ ਕਰ ਰਹੇ ਹਨ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।

ਇਨ੍ਹਾਂ ਤੋਂ ਇਲਾਵਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੁਰਾਣੀ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਸਾਰੇ ਭੱਤਿਆਂ ਨੂੰ ਮੁੜ ਲਾਗੂ ਕਰਨ ਦਾ ਵਾਇਦਾ ਸਿਰਫ਼ ਝੂਠਾ ਲਾਰਾ ਹੀ ਸਾਬਤ ਹੋਇਆ ਹੈ, ਜਿਸ ਕਰਕੇ ਪੰਜਾਬ ਦੇ ਲੱਖਾਂ ਮੁਲਾਜ਼ਮ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅੰਦਰ ਸਰਕਾਰ ਦੀ ਇਸ ਬੇਰੁੱਖੀ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ, ਜਿਸ ਦਾ ਕਿ ਮੌਜੂਦਾ ਸਰਕਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਖੁਮਿਆਜ਼ਾ ਭੁਗਤਨਾ ਪਵੇਗਾ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕੋਲ ਹਾਲੇ ਵੀ ਸਮਾਂ ਹੈ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਪੇਂਡੂ ਭੱਤਾ, ਏ.ਸੀ.ਪੀ., ਡੀ.ਏ. ਦੀਆਂ ਕਿਸ਼ਤਾਂ ਆਦਿ ਨੂੰ ਜਲਦ ਲਾਗੂ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਦੇ ਨੋਟੀਫ਼ਿਕੇਸ਼ਨ ਦੀਆਂ ਐੱਸ.ਓ.ਪੀਜ਼ ਜਾਰੀ ਕੀਤੀਆਂ ਜਾਣ ਤਾਂ ਕਿ ਮੁਲਾਜ਼ਮਾਂ ਦਾ ਗੁੱਸਾ ਠੰਢਾ ਹੋ ਸਕੇ।

 

 

Weather Alert: IMD ਵੱਲੋਂ ਪੰਜਾਬ ‘ਚ 3 ਜਨਵਰੀ ਤੱਕ ਯੈਲੋ ਅਲਰਟ ਜਾਰੀ

 

 

Weather Alert: IMD ਵੱਲੋਂ ਪੰਜਾਬ ‘ਚ 3 ਜਨਵਰੀ ਤੱਕ ਯੈਲੋ ਅਲਰਟ ਜਾਰੀ

Chandigarh, 30 Dec 2025 (Punjab Network)- 

Weather Update: ਮੌਸਮ ਵਿਭਾਗ (IMD) ਨੇ ਪੰਜਾਬ ਦੇ ਬਹੁ-ਗਿਣਤੀ ਇਲਾਕਿਆਂ ਦੇ ਅੰਦਰ ਅਗਲੇ ਸਾਲ, ਯਾਨੀਕਿ 2026 ਦੇ ਜਨਵਰੀ ਮਹੀਨੇ ਵਿੱਚ ਵੀ ਠੰਡ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 3 ਜਨਵਰੀ 2026 ਤੱਕ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ (IMD) ਅਨੁਸਾਰ, ਪੰਜਾਬ ਦੇ ਕਈ ਜ਼ਿਲ੍ਹੇ 3 ਜਨਵਰੀ ਤੱਕ ਅਲਰਟ ‘ਤੇ ਰਹਿਣਗੇ। ਮੌਸਮ ਮਾਹਿਰਾਂ ਅਨੁਸਾਰ, ਅਗਲੇ ਦੋ ਦਿਨਾਂ ਲਈ ਠੰਢੀਆਂ ਹਵਾਵਾਂ ਚੱਲਣ ਦੀ ਉਮੀਦ ਹੈ।

ਤਾਪਮਾਨ ਦੇ ਮਾਮਲੇ ਵਿੱਚ, ਪੰਜਾਬ ਦੇ ਕਈ ਸ਼ਹਿਰ ਹਿਮਾਚਲ ਕੇ ਕਈ ਇਲਾਕਿਆਂ ਨਾਲੋਂ ਠੰਡੇ ਹਨ। ਪੰਜਾਬ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ ਵੀ 18 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ।

ਜਦੋਂ ਕਿ ਦੁਪਹਿਰ ਵੇਲੇ ਧੁੱਪ ਦੀਆਂ ਝਲਕਾਂ ਸਨ, ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ।

ਅਜੇ ਤੱਕ ਧੁੰਦ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ, ਅਤੇ ਲੋਕ ਚਮਕਦਾਰ ਧੁੱਪ ਦੀ ਉਡੀਕ ਕਰ ਰਹੇ ਹਨ। ਧੁੰਦ ਦੇ ਸੰਬੰਧ ਵਿੱਚ, ਸ਼ਹਿਰੀ ਖੇਤਰਾਂ ਨੂੰ ਸ਼ਾਮ ਨੂੰ ਕੁਝ ਰਾਹਤ ਮਿਲੀ, ਜਦੋਂ ਕਿ ਹਾਈਵੇਅ ਅਤੇ ਬਾਹਰੀ ਖੇਤਰਾਂ ਵਿੱਚ ਸਭ ਤੋਂ ਵੱਧ ਧੁੰਦ ਦਾ ਅਨੁਭਵ ਹੋਇਆ।

ਇਸ ਦੌਰਾਨ, ਸਵੇਰ ਦੀ ਧੁੰਦ ਲੋਕਾਂ ਲਈ ਕਾਫ਼ੀ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਪੜ੍ਹੋ ਮੌਸਮ ਦੀ ਪੂਰੀ ਰਿਪੋਰਟ- https://mausam.imd.gov.in/chandigarh/mcdata/agromet_pun.pdf

 

Holiday News: ਕੀ ਪੰਜਾਬ ‘ਚ ਵਧਣਗੀਆਂ ਸਰਦੀ ਦੀਆਂ ਛੁੱਟੀਆਂ?

 

 

Holiday News: ਕੀ ਪੰਜਾਬ ‘ਚ ਵਧਣਗੀਆਂ ਸਰਦੀ ਦੀਆਂ ਛੁੱਟੀਆਂ? ਅਧਿਆਪਕਾਂ ਨੇ ਸਰਕਾਰ ਨੂੰ ਭੇਜਿਆ ਪੱਤਰ

Punjab News, 30 Dec 2025 (Punjab Network)

Holiday News: ਪੰਜਾਬ ਵਿੱਚ ਇਸ ਵੇਲੇ ਸੰਘਣੀ ਧੁੰਦ ਦੇ ਨਾਲ ਹੱਡ ਚੀਰਵੀਂ ਠੰਡ ਪੈ ਰਹੀ ਹੈ। ਸੂਬੇ ਦੇ ਸਕੂਲਾਂ ਵਿੱਚ ਇਸ ਵੇਲੇ ਸਰਦੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ 1 ਜਨਵਰੀ 2026 ਨੂੰ ਸਕੂਲ ਮੁੜ ਤੋਂ ਖੁੱਲ੍ਹਣ ਜਾ ਰਹੇ ਹਨ। ਸਕੂਲ ਖੁੱਲ੍ਹਣ ਤੋਂ ਪਹਿਲਾਂ ਅਧਿਆਪਕਾਂ ਨੇ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਹੈ।

ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਇਕਾਈ, ਲੁਧਿਆਣਾ ਦੀ ਮੀਟਿੰਗ ਸੂਬਾਈ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ, ਵਿੱਤ ਸਕੱਤਰ ਸਵਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਮਨੋਜ ਕੁਮਾਰ ਨੇ ਮੀਟਿੰਗ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਅਤੇ ਤਾਪਮਾਨ ਵਿੱਚ ਅਚਾਨਕ ਗਿਰਾਵਟ ਕਾਰਨ ਪੂਰੇ ਸੂਬੇ ਵਿੱਚ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ।

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਠੰਢ ਅਤੇ ਮੀਂਹ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ। ਦੂਰ-ਦੁਰਾਡੇ ਥਾਵਾਂ ਤੋਂ ਸਕੂਲਾਂ ਵਿੱਚ ਜਾਣ ਵਾਲੇ ਅਧਿਆਪਕਾਂ ਨੂੰ ਧੁੰਦ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੌਕੇ ਯੂਨੀਅਨ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਦੀਆਂ ਦੀਆਂ ਛੁੱਟੀਆਂ 10 ਜਨਵਰੀ ਤੱਕ ਵਧਾਈਆਂ ਜਾਣ ਤਾਂ ਜੋ ਸਕੂਲੀ ਵਿਦਿਆਰਥੀ ਠੰਢ ਤੋਂ ਬਚ ਸਕਣ ਅਤੇ ਠੰਢ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ।

ਇਸ ਮੌਕੇ ਜ਼ਿਲ੍ਹਾ ਮਹਿਲਾ ਇਕਾਈ ਦੇ ਮੈਂਬਰ ਕੰਵਲਜੀਤ ਕੌਰ, ਜਸਵੀਰ ਕੌਰ, ਸੁਪਰਜੀਤ ਕੌਰ, ਮਨਜੀਤ ਕੌਰ, ਸੁਸ਼ਮਾ ਸ਼ਰਮਾ, ਰੁਪਿੰਦਰ ਸਿੰਘ, ਬਲਾਕ ਪ੍ਰਧਾਨ ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ ਖੰਨਾ, ਨਵੀਨ ਕਪਿਲਾ, ਹਰਵਿੰਦਰ ਸਿੰਘ ਪੁੱਡਣ, ਜਗਮੀਤ ਸਿੰਘ, ਸਿਮਰਜੋਤ ਸਿੰਘ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਦੀਆਂ ਦੀਆਂ ਛੁੱਟੀਆਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ।

 

Punjab News: ਮਨਰੇਗਾ ਮਜ਼ਦੂਰਾਂ ਨੂੰ 100 ਦਿਨਾਂ ਦਾ ਰੁਜ਼ਗਾਰ ਨਹੀਂ ਦੇ ਸਕੀ ਆਪ ਸਰਕਾਰ- ਭਾਜਪਾ ਦਾ ਮਾਨ ਸਰਕਾਰ ਤੇ ਗੰਭੀਰ ਦੋਸ਼

 

 

Punjab News- VB-G RAM-G Act ਖ਼ਿਲਾਫ਼ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਆਪ ਸਰਕਾਰ ਮਨਰੇਗਾ ਮਜ਼ਦੂਰਾਂ ਤੋਂ ਵਿਰੋਧ ਪੱਤਰਾਂ ‘ਤੇ ਦਸਤਖ਼ਤ ਕਰਵਾ ਰਹੀ ਹੈ – ਅਸ਼ਵਨੀ ਸ਼ਰਮਾ

ਤਿੰਨ ਸਾਲਾਂ ਤੋਂ ਮਨਰੇਗਾ ਹੇਠ ਹੋ ਰਹੇ ਭ੍ਰਿਸ਼ਟਾਚਾਰ ‘ਤੇ ਭਗਵੰਤ ਮਾਨ ਚੁੱਪ ਕਿਉਂ ਹਨ? – ਅਸ਼ਵਨੀ

ਪਿਛਲੇ ਤਿੰਨ ਸਾਲਾਂ ਵਿੱਚ ਆਪ ਸਰਕਾਰ ਮਨਰੇਗਾ ਮਜ਼ਦੂਰਾਂ ਨੂੰ 100 ਦਿਨਾਂ ਦਾ ਰੋਜ਼ਗਾਰ ਨਹੀਂ ਦੇ ਸਕੀ

ਮਨਰੇਗਾ ਹੇਠ ਮਜ਼ਦੂਰਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਬਣਦਾ ਬੇਰੋਜ਼ਗਾਰੀ ਭੱਤਾ ਭਗਵੰਤ ਮਾਨ ਕਿਉਂ ਨਹੀਂ ਦੇ ਰਹੇ?

ਮਨਰੇਗਾ ਹੇਠ ਭ੍ਰਿਸ਼ਟਾਚਾਰ ਫੜਨ ਲਈ ਲਾਜ਼ਮੀ ਸੋਸ਼ਲ ਆਡਿਟ ਮਾਨ ਸਰਕਾਰ ਕਿਉਂ ਨਹੀਂ ਕਰਵਾ ਰਹੀ?

ਮਨਰੇਗਾ ਹੇਠ ਫੜੇ ਗਏ 3,986 ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਐਕਸ਼ਨ ਟੇਕਨ ਰਿਪੋਰਟ ਜਾਰੀ ਕਿਉਂ ਨਹੀਂ ਕੀਤੀ ਜਾ ਰਹੀ ਹੈ?

ਚੰਡੀਗੜ੍ਹ, 29 ਦਸੰਬਰ 2025- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਸਰਕਾਰ ਦੇ “ਵਿਕਸਤ ਭਾਰਤ – ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਅਧਿਨਿਯਮ 2025 (VB-G RAM G Act, 2025)” ਦੇ ਖ਼ਿਲਾਫ਼ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਹੀ ਹੈ। ਇਹ ਗੰਭੀਰ ਦੋਸ਼ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲਗਾਏ। ਉਨ੍ਹਾਂ ਕਿਹਾ ਕਿ ਆਪ ਸਰਕਾਰ ਮਨਰੇਗਾ ਮਜ਼ਦੂਰਾਂ ਨੂੰ ਗੁਮਰਾਹ ਕਰਕੇ ਅਤੇ ਧੋਖੇ ਨਾਲ ਇਸ ਕਾਨੂੰਨ ਦੇ ਵਿਰੋਧ ਵਿੱਚ ਜ਼ਬਰਦਸਤੀ ਦਸਤਖ਼ਤ ਕਰਵਾ ਰਹੀ ਹੈ।

ਸ਼ਰਮਾ ਨੇ ਸਬੂਤ ਵਜੋਂ ਉਹ ਫਾਰਮ ਜਨਤਕ ਕੀਤਾ, ਜੋ ਪੰਜਾਬ ਸਰਕਾਰ ਗ੍ਰਾਮ ਸੇਵਕਾਂ ਰਾਹੀਂ ਮਜ਼ਦੂਰਾਂ ਤੋਂ ਭਰਵਾ ਰਹੀ ਹੈ, ਤਾਂ ਜੋ ਇਹ ਝੂਠਾ ਬਿਰਤਾਂਤ ਬਣਾਇਆ ਜਾ ਸਕੇ ਕਿ ਪੰਜਾਬ ਦੇ ਮਜ਼ਦੂਰ VB-G RAM G Act, 2025 ਦੇ ਖ਼ਿਲਾਫ਼ ਹਨ, ਜਦਕਿ ਹਕੀਕਤ ਇਸਦੇ ਬਿਲਕੁਲ ਉਲਟ ਹੈ। ਸ਼ਰਮਾ ਦੇ ਨਾਲ ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਅਤੇ ਬੁਲਾਰੇ ਐੱਸ ਏਸ ਚੰਨੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਸ਼ਰਾਬ ਘੋਟਾਲੇ ਵਿੱਚ ਮਹੀਨਿਆਂ ਜੇਲ੍ਹ ‘ਚ ਰਹਿਣ ਤੋਂ ਬਾਅਦ ਜ਼ਮਾਨਤ ‘ਤੇ ਬਾਹਰ ਆਏ ਅਤੇ ਦਿੱਲੀ ਦੀ ਜਨਤਾ ਵੱਲੋਂ ਚੋਣਾਂ ਵਿੱਚ ਭਾਰੀ ਹਾਰ ਝੱਲ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ ਕੇਂਦਰ ਸਰਕਾਰ ਦੇ ਖ਼ਿਲਾਫ਼ ਬਗਾਵਤੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਨਾ ਸਿਰਫ਼ ਦੁੱਖਦਾਈ ਹੈ, ਸਗੋਂ ਦੇਸ਼ ਦੇ ਸੰਘੀ ਢਾਂਚੇ ਲਈ ਵੀ ਗੰਭੀਰ ਖ਼ਤਰਾ ਹੈ।

ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਨਵੇਂ ਕਾਨੂੰਨ ਅਧੀਨ ਗ੍ਰਾਮੀਣ ਮਜ਼ਦੂਰਾਂ ਨੂੰ ਹੁਣ 100 ਦਿਨਾਂ ਦੀ ਥਾਂ 125 ਦਿਨਾਂ ਦਾ ਰੋਜ਼ਗਾਰ ਮਿਲੇਗਾ ਅਤੇ ਜੇ ਸਮੇਂ ‘ਤੇ ਕੰਮ ਉਪਲਬਧ ਨਾ ਕਰਵਾਇਆ ਗਿਆ ਤਾਂ ਬੇਰੋਜ਼ਗਾਰੀ ਭੱਤੇ ਦੀ ਵੀ ਵਿਵਸਥਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੋ ਕਾਨੂੰਨ ਮਜ਼ਦੂਰਾਂ ਦੇ ਹਿੱਤ ਵਿੱਚ ਹੈ, ਉਸਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਆਖ਼ਰ ਕਿਉਂ ਕਰ ਰਹੇ ਹਨ?

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਮੌਜੂਦਾ ਮਨਰੇਗਾ ਕਾਨੂੰਨ ਹੇਠ ਵੀ ਪਿਛਲੇ ਤਿੰਨ ਸਾਲਾਂ ਵਿੱਚ ਮਜ਼ਦੂਰਾਂ ਨੂੰ 100 ਦਿਨਾਂ ਦਾ ਰੋਜ਼ਗਾਰ ਦੇਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਪਰ ਇਸ ਗੰਭੀਰ ਨਾਕਾਮੀ ‘ਤੇ ਮੁੱਖ ਮੰਤਰੀ ਪੂਰੀ ਤਰ੍ਹਾਂ ਚੁੱਪ ਹਨ।

ਸ਼ਰਮਾ ਨੇ ਦੱਸਿਆ ਕਿ ਮਨਰੇਗਾ ਕਾਨੂੰਨ ਮੁਤਾਬਕ ਮਜ਼ਦੂਰ ਵੱਲੋਂ ਕੰਮ ਦੀ ਮੰਗ ਕਰਨ ਤੋਂ 15 ਦਿਨਾਂ ਅੰਦਰ ਰਾਜ ਸਰਕਾਰ ਲਈ ਕੰਮ ਦੇਣਾ ਲਾਜ਼ਮੀ ਹੈ। ਜੇ ਕੰਮ ਉਪਲਬਧ ਨਾ ਕਰਵਾਇਆ ਜਾਵੇ ਤਾਂ ਬੇਰੋਜ਼ਗਾਰੀ ਭੱਤਾ ਦੇਣਾ ਪੈਂਦਾ ਹੈ – ਪਰ ਪੰਜਾਬ ਸਰਕਾਰ ਨਾ ਤਾਂ ਸਮੇਂ ‘ਤੇ ਕੰਮ ਦਿੰਦੀ ਹੈ ਅਤੇ ਨਾ ਹੀ ਬੇਰੋਜ਼ਗਾਰੀ ਭੱਤਾ।

ਮਨਰੇਗਾ ਦੀ ਧਾਰਾ 25 ਅਧੀਨ ਐਸੇ ਮਾਮਲਿਆਂ ਵਿੱਚ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਅੱਜ ਤੱਕ ਕਿੱਥੇ-ਕਿੱਥੇ ਕਾਰਵਾਈ ਕੀਤੀ ਗਈ ਹੈ?

ਉਨ੍ਹਾਂ ਅੱਗੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਮਜ਼ਦੂਰਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਐੱਸ.ਸੀ. ਐਕਟ ਤਹਿਤ ਕਾਰਵਾਈ ਲਾਜ਼ਮੀ ਹੈ, ਪਰ ਮੁੱਖ ਮੰਤਰੀ ਦੱਸਣ ਕਿ ਅਜਿਹੇ ਕਿੰਨੇ ਮਾਮਲਿਆਂ ਵਿੱਚ ਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ।

ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਮਨਰੇਗਾ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨੂੰ ਛੁਪਾਉਣ ਲਈ ਲਾਜ਼ਮੀ ਸੋਸ਼ਲ ਆਡਿਟ ਤੱਕ ਨਹੀਂ ਕਰਵਾ ਰਹੀ। ਸਾਲ 2024-25 ਵਿੱਚ 6,095 ਗ੍ਰਾਮ ਪੰਚਾਇਤਾਂ ਅਤੇ 2025-26 ਵਿੱਚ 7,389 ਗ੍ਰਾਮ ਪੰਚਾਇਤਾਂ ਦਾ ਸੋਸ਼ਲ ਆਡਿਟ ਨਹੀਂ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਸਪੈਸ਼ਲ ਆਡਿਟ ਯੂਨਿਟ ਵੱਲੋਂ ਫੜੇ ਗਏ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚੋਂ 3,986 ਮਾਮਲਿਆਂ ‘ਤੇ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਟੇਕਨ ਰਿਪੋਰਟ ਜਾਰੀ ਨਹੀਂ ਕੀਤੀ, ਜਿਸ ਨਾਲ ਸਾਫ਼ ਹੁੰਦਾ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ, ਲੋਕਪਾਲ/ਓਮਬਡਸਪਰਸਨ ਵੱਲੋਂ ਜਾਂਚ ਤੋਂ ਬਾਅਦ ਜਾਰੀ ਕੀਤੇ 2 ਕਰੋੜ 35 ਲੱਖ ਰੁਪਏ ਦੀ ਰਿਕਵਰੀ ਦੇ ਹੁਕਮ ਵੀ ਅਜੇ ਤੱਕ ਲਾਗੂ ਨਹੀਂ ਕੀਤੇ ਗਏ, ਜੋ ਆਪ ਸਰਕਾਰ ਦੀ ਨੀਅਤ ਅਤੇ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ।

ਪੰਜਾਬ ਕਾਂਗਰਸ ਦੇ ਨੇਤਾਵਾਂ ‘ਤੇ ਤੰਜ ਕਸਦਿਆਂ ਅਸ਼ਵਨੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਮੰਨਦੇ ਹਨ ਕਿ ਮਨਰੇਗਾ/ਨਰੇਗਾ ਵਿੱਚ ਭ੍ਰਿਸ਼ਟਾਚਾਰ ਹੈ, ਅਸੀਂ ਤਾਂ ਉਸੇ ਨੂੰ ਹੀ ਠੀਕ ਕਰ ਰਹੇ ਹਾਂ, ਫਿਰ ਕਾਂਗਰਸੀ ਸ਼ੋਰ ਕਿਉਂ ਪਾ ਰਹੇ ਹਨ। ਸ਼ਰਮਾ ਨੇ ਇੱਕ ਵੀਡੀਓ ਵੀ ਦਿਖਾਈ, ਜਿਸ ਵਿੱਚ ਸੋਨੀਆ ਗਾਂਧੀ ਮੰਨਦੀ ਹੈ ਕਿ ਇਸ ਐਕਟ ਦੇ 7 ਸਾਲ ਬਾਅਦ ਵੀ ਭ੍ਰਿਸ਼ਟਾਚਾਰ ਮੌਜੂਦ ਹੈ ਅਤੇ ਇਸਨੂੰ ਰੋਕਣ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨਾਕਾਮ ਰਹੀਆਂ ਹਨ।

ਸੋਨੀਆ ਨੇ ਇਹ ਵੀ ਕਿਹਾ ਕਿ ਨਾ ਤਾਂ 15 ਦਿਨਾਂ ਵਿੱਚ ਕੰਮ ਮਿਲਦਾ ਹੈ ਅਤੇ ਨਾ ਹੀ ਸਮੇਂ ‘ਤੇ ਦਿਹਾੜੀ ਦੀ ਅਦਾਇਗੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ 2252 ਕਰੋੜ ਰੁਪਏ ਦੇ ਐਸੇ ਕੰਮ ਕੀਤੇ ਗਏ, ਜਿਨ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਸੀ।

 

Punjab Cabinet Meeting: ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ, ਪੜ੍ਹੋ ਪੂਰੀ ਖ਼ਬਰ

 

 

Punjab Cabinet Meeting: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਪ੍ਰਬੰਧਕੀ ਢਾਂਚੇ ਦੀ ਅਪਗ੍ਰੇਡੇਸ਼ਨ, ਭੂਮੀ ਸੁਧਾਰਾਂ ਅਤੇ ਵਿਸ਼ੇਸ਼ ਅਧਿਆਪਕ ਸਿੱਖਿਅਕਾਂ ਨੂੰ ਰਾਹਤ ਦੇਣ ਦੀ ਪ੍ਰਵਾਨਗੀ

ਮੰਤਰੀ ਮੰਡਲ ਵੱਲੋਂ ਬਨੂੜ (ਐਸ.ਏ.ਐਸ. ਨਗਰ) ਨੂੰ ਤਹਿਸੀਲ ਵਜੋਂ ਅਪਗ੍ਰੇਡ ਕਰਨ, ਜਨਤਕ ਸੇਵਾਵਾਂ ਨੂੰ ਸੁਖਾਲਾ ਬਣਾਉਣ ਲਈ ਹਰਿਆਣਾ (ਹੁਸ਼ਿਆਰਪੁਰ) ਨੂੰ ਸਬ-ਤਹਿਸੀਲ ਬਣਾਉਣ ਦਾ ਫੈਸਲਾ

ਕੈਬਨਿਟ ਨੇ ਭੂਮੀ ਮਾਲੀਆ ਕਾਨੂੰਨ ਵਿੱਚ ਸੋਧਾਂ ਨੂੰ ਦਿੱਤੀ ਪ੍ਰਵਾਨਗੀ, ਡਿਜੀਟਲ ਭੂਮੀ ਰਿਕਾਰਡ ਨੂੰ ਕੀਤਾ ਮਜ਼ਬੂਤ

ਮੰਤਰੀ ਮੰਡਲ ਵੱਲੋਂ ਸਮੱਗਰ ਸਿੱਖਿਆ ਅਭਿਆਨ ਅਧੀਨ ਵਿਸ਼ੇਸ਼ ਅਧਿਆਪਕ ਸਿੱਖਿਅਕਾਂ ਲਈ ਉਮਰ ਵਿੱਚ ਯਕਮੁਸ਼ਤ ਰਾਹਤ ਨੂੰ ਪ੍ਰਵਾਨਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਪ੍ਰਬੰਧਕੀ ਸੁਧਾਰਾਂ, ਨਾਗਰਿਕ ਨੂੰ ਪਹਿਲ ਅਧਾਰਤ ਪ੍ਰਸ਼ਾਸਨ ਲਈ ਚੁੱਕੇ ਕਦਮ

ਚੰਡੀਗੜ੍ਹ, 29 ਦਸੰਬਰ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ (Punjab Cabinet Meeting) ਨੇ ਨਾਗਰਿਕਾਂ ਦੀ ਸਰਕਾਰ ਤੱਕ ਸਿੱਧੀ ਅਤੇ ਸੁਖਾਲੀ ਪਹੁੰਚ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪ੍ਰਬੰਧਕੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੀ ਲੜੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਮੰਤਰੀ ਮੰਡਲ ਨੇ ਸਾਹਿਬਜ਼ਾਦਾ ਅਜੀਤ ਸਿੰਘ (ਐਸ.ਏ.ਐਸ.) ਨਗਰ ਜ਼ਿਲ੍ਹੇ ਵਿੱਚ ਸਬ-ਤਹਿਸੀਲ ਬਨੂੜ ਨੂੰ ਤਹਿਸੀਲ ਵਜੋਂ ਅਪਗ੍ਰੇਡ ਕਰਨ, ਹੁਸ਼ਿਆਰਪੁਰ ਵਿੱਚ ਹਰਿਆਣਾ ਨੂੰ ਨਵੀਂ ਸਬ-ਤਹਿਸੀਲ ਬਣਾਉਣ, ਡਿਜੀਟਲ ਰਿਕਾਰਡਾਂ ਰਾਹੀਂ ਭੂਮੀ ਮਾਲੀਆ ਕਾਨੂੰਨਾਂ ਨੂੰ ਆਧੁਨਿਕ ਬਣਾਉਣ ਲਈ ਸੋਧਾਂ ਕਰਨ ਅਤੇ ਸਮੱਗਰ ਸਿੱਖਿਆ ਅਭਿਆਨ ਅਧੀਨ ਵਿਸ਼ੇਸ਼ ਅਧਿਆਪਕ ਸਿੱਖਿਅਕਾਂ ਨੂੰ ਚਿਰੋਕਣੀ ਰਾਹਤ ਪ੍ਰਦਾਨ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ, ਜੋ ਕਿ ਨਾਗਰਿਕਾਂ ਨੂੰ ਪਹਿਲ ਅਤੇ ਸੇਵਾ-ਮੁਖੀ ਪ੍ਰਸ਼ਾਸਨ ਵੱਲ ਸਪੱਸ਼ਟ ਬਦਲਾਅ ਨੂੰ ਦਰਸਾਉਂਦਾ ਹੈ।

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਇਸ ਕਦਮ ਨਾਲ ਵਸਨੀਕਾਂ ਲਈ ਪ੍ਰਬੰਧਕੀ ਸੇਵਾਵਾਂ ਤੱਕ ਵਧੇਰੇ ਆਸਾਨ ਪਹੁੰਚ ਯਕੀਨੀ ਬਣਾਈ ਜਾਵੇਗੀ ਅਤੇ ਉਨ੍ਹਾਂ ਨੂੰ ਰੋਜ਼ਾਨਾ ਦੇ ਸਰਕਾਰੀ ਕੰਮਾਂ ਲਈ ਦੂਰੋਂ ਆਉਣ ਦੀ ਜ਼ਰੂਰਤ ਨਹੀਂ ਰਹੇਗੀ। ਇਹ ਫੈਸਲਾ ਜਲਦ ਅਤੇ ਵਧੇਰੇ ਸੁਵਿਧਾਜਨਕ ਸੇਵਾ ਪ੍ਰਦਾਨ ਕਰਨ ਲਈ ਵਡੇਰੇ ਜਨਤਕ ਹਿੱਤ ਵਿੱਚ ਲਿਆ ਗਿਆ ਹੈ।

ਪੰਜਾਬ ਲੈਂਡ ਰੈਵੇਨਿਊ ਐਕਟ, 1887 ਵਿੱਚ ਸੋਧ

ਨਾਗਰਿਕਾਂ ਨੂੰ ਵੱਡੀ ਰਾਹਤ ਦਿੰਦਿਆਂ, ਮੰਤਰੀ ਮੰਡਲ ਨੇ ਪੰਜਾਬ ਲੈਂਡ ਰੈਵੇਨਿਊ ਐਕਟ, 1887 ਵਿੱਚ ਅਪੀਲ ਪ੍ਰਕਿਰਿਆ ਸਬੰਧੀ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਸੋਧਾਂ ਦਾ ਉਦੇਸ਼ ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ, ਮੁਕੱਦਮੇਬਾਜ਼ਾਂ ਦੇ ਸਮੇਂ ਦੀ ਬੱਚਤ ਕਰਨਾ ਅਤੇ ਗੈਰ- ਮੁਕੱਦਮੇਬਾਜ਼ਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਾਉਣਾ ਹੈ।

ਇਹ ਸੋਧਾਂ ਡਿਜੀਟਲ ਰਿਕਾਰਡਾਂ ਅਤੇ ਡਿਜੀਟਲ ਦਸਤਖਤਾਂ ਨੂੰ ਕਾਨੂੰਨੀ ਮਾਨਤਾ ਦੇਣਗੀਆਂ ਅਤੇ ਨਾਗਰਿਕ ਪੱਖੀ, ਕਾਗਜ਼ ਰਹਿਤ ਰਿਕਾਰਡ ਰੱਖਣ ਨੂੰ ਮਜ਼ਬੂਤ ਕਰਨਗੀਆਂ ਅਤੇ ਭੂਮੀ ਪ੍ਰਬੰਧਨ ਵਿੱਚ ਪਾਰਦਰਸ਼ਤਾ ਲਿਆਉਣਗੀਆਂ।

ਮੰਤਰੀ ਮੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ਮੀਨ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਪਹਿਲਾਂ ਹੀ ਈ-ਸੇਵਾ ਪੋਰਟਲ https://eservices.punjab.gov.in ਸ਼ੁਰੂ ਕਰ ਦਿੱਤਾ ਹੈ।

ਇਸ ਪਲੇਟਫਾਰਮ ਰਾਹੀਂ, ਨਾਗਰਿਕ ਆਸਾਨ ਤੇ ਸਿੰਗਲ-ਕਲਿੱਕ ਪ੍ਰਕਿਰਿਆ ਰਾਹੀਂ ਮੁੱਢਲੇ ਵੇਰਵੇ ਜਮ੍ਹਾਂ ਕਰਵਾ ਕੇ ਖਾਨਗੀ ਤਕਸੀਮ (ਪਰਿਵਾਰਕ ਵੰਡ) ਲਈ ਆਨਲਾਈਨ ਬਿਨੈ ਕਰ ਸਕਦੇ ਹਨ।

ਇਹ ਪਹਿਲਕਦਮੀ ਜ਼ਮੀਨ ਦੀ ਹੱਦਬੰਦੀ ਨੂੰ ਸੁਚਾਰੂ ਬਣਾਉਣ, ਵਿਵਾਦਾਂ ਨੂੰ ਸਹਿਮਤੀ ਨਾਲ ਹੱਲ ਕਰਨ, ਜ਼ਮੀਨ ਦੀ ਖਰੀਦ-ਵੇਚ ਦੀ ਸਹੂਲਤ ਦੇਣ, ਫਸਲਾਂ ਦੇ ਨੁਕਸਾਨ ਲਈ ਸਮੇਂ ਸਿਰ ਮੁਆਵਜ਼ਾ ਯਕੀਨੀ ਬਣਾਉਣ ਅਤੇ ਜਮ੍ਹਾਂਬੰਦੀ ਦੀਆਂ ਕਾਪੀਆਂ ਪ੍ਰਾਪਤ ਕਰਨਾ ਆਸਾਨ ਬਣਾਉਣ ਵਿੱਚ ਮਦਦ ਕਰੇਗੀ।

ਵਿਸ਼ੇਸ਼ ਅਧਿਆਪਕ ਸਿੱਖਿਅਕਾਂ ਲਈ ਯਕਮੁਸ਼ਤ ਰਾਹਤ

ਮੰਤਰੀ ਮੰਡਲ ਨੇ ਸਮੱਗਰ ਸਿੱਖਿਆ ਅਭਿਆਨ ਅਧੀਨ ਕੰਮ ਕਰ ਰਹੇ ਠੇਕੇ ‘ਤੇ ਰੱਖੇ ਵਿਸ਼ੇਸ਼ ਅਧਿਆਪਕ ਸਿੱਖਿਅਕਾਂ ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਯਕਮੁਸ਼ਤ ਰਾਹਤ ਦੇਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਕੂਲ ਸਿੱਖਿਆ ਵਿਭਾਗ, ਪੰਜਾਬ ਵਿੱਚ ਰੈਗੂਲਰ ਕੀਤਾ ਜਾ ਸਕੇ।

ਇਹ ਫੈਸਲਾ ਸਿਖਲਾਈ ਪ੍ਰਾਪਤ ਅਤੇ ਮਾਹਿਰ ਸਿੱਖਿਅਕਾਂ ਦੀਆਂ ਸੇਵਾਵਾਂ ਨੂੰ ਬਰਕਰਾਰ ਰੱਖ ਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਮਾਵੇਸ਼ੀ ਸਿੱਖਿਆ ਨੂੰ ਯਕੀਨੀ ਬਣਾਏਗਾ। ਮੰਤਰੀ ਮੰਡਲ ਨੇ ਸਪੱਸ਼ਟ ਕੀਤਾ ਕਿ ਇਸ ਕਦਮ ਨਾਲ ਸਰਕਾਰੀ ਖਜ਼ਾਨੇ ‘ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ।

 

Weather Alert- ਮੌਸਮ ਵਿਭਾਗ ਵੱਲੋਂ Orange Alert ਜਾਰੀ

File Photo

 

 

Weather Alert: ਪੰਜਾਬ ‘ਚ ਕੋਲਡ ਵੇਵ ਦਾ ਅਲਰਟ ਜਾਰੀ

ਚੰਡੀਗੜ੍ਹ/ਸ਼ਿਮਲਾ, 28 Dec 2025 (Punjab Network)- 

ਪੰਜਾਬ ਵਿੱਚ ਕੜਾਕੇ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ, ਇੱਕ ਪੱਛਮੀ ਗੜਬੜੀ (Western Disturbance) ਜੰਮੂ-ਕਸ਼ਮੀਰ ਵਿੱਚ ਸਰਗਰਮ ਹੋ ਗਈ ਹੈ, ਜਿਸ ਕਾਰਨ ਉੱਥੇ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ।

ਇੱਕ ਹੋਰ ਗੜਬੜੀ 30 ਦਸੰਬਰ ਤੱਕ ਹਿਮਾਲੀਅਨ ਖੇਤਰ ਵਿੱਚ ਪਹੁੰਚੇਗੀ। ਇਸ ਦੇ ਪ੍ਰਭਾਵ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਜਿਵੇਂ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਜਿਸ ਨਾਲ ਠੰਢ ਹੋਰ ਵਧੇਗੀ।

Weather Alert: ਪੰਜਾਬ ‘ਚ ਕੋਲਡ ਵੇਵ ਦਾ ਅਲਰਟ ਜਾਰੀ

ਮੌਸਮ ਵਿਭਾਗ ਨੇ ਅੱਜ ਐਤਵਾਰ ਲਈ ਪੂਰੇ ਸੂਬੇ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ‘ਆਰੇਂਜ਼ ਅਲਰਟ’ (Orange Alert) ਜਾਰੀ ਕੀਤਾ ਹੈ। ਅੱਜ ਸਵੇਰੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਧੁੰਦ ਕਾਰਨ ਦ੍ਰਿਸ਼ਟੀ (Visibility) ਜ਼ੀਰੋ ਦਰਜ ਕੀਤੀ ਗਈ।

ਚੰਡੀਗੜ੍ਹ ਵਿੱਚ ਵਿਜ਼ੀਬਿਲਟੀ ਮਹਿਜ਼ 20 ਮੀਟਰ, ਪਟਿਆਲਾ ਵਿੱਚ 40 ਮੀਟਰ ਅਤੇ ਲੁਧਿਆਣਾ ਵਿੱਚ 50 ਮੀਟਰ ਰਹੀ। ਇਸ ਸੰਘਣੀ ਧੁੰਦ ਦਾ ਸਿੱਧਾ ਅਸਰ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਦੀ ਰਫ਼ਤਾਰ ‘ਤੇ ਪਿਆ ਹੈ, ਜਿਸ ਕਾਰਨ ਕਈ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਠੰਢ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਕੁਕੁਮਸੇਰੀ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਵਾਹਨਾਂ ਦੀ ਆਵਾਜਾਈ ਬਹੁਤ ਹੌਲੀ ਹੈ।

ਸਾਲ ਦੇ ਆਖਰੀ ਦੋ ਦਿਨਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਪ੍ਰਭਾਵ ਬਣਿਆ ਰਹੇਗਾ।

ਅਗਲੇ 48 ਘੰਟਿਆਂ ਤੱਕ ਤਾਪਮਾਨ ਸਥਿਰ ਰਹੇਗਾ, ਪਰ ਉਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ, ਜਿਸ ਨਾਲ ਦਿਨ ਵੇਲੇ ਠੰਢ ਤੋਂ ਮਾਮੂਲੀ ਰਾਹਤ ਮਿਲ ਸਕਦੀ ਹੈ।