ਬੱਚਿਆਂ ਦਾ ਸਕੂਲੀ ਸਮਾਂ!
ਲੇਖਕ – ਡਾ ਦਲੇਰ ਸਿੰਘ ਮੁਲਤਾਨੀ
ਸਮਾਂ ਬਦਲਿਆ, ਨਾਲ ਹੀ ਬਦਲੀਆਂ ਸਮਾਜਿਕ ਕਦਰਾਂ–ਕੀਮਤਾਂ। ਪਰ ਮੰਜ਼ਿਲ ‘ਤੇ ਪਹੁੰਚਣ ਲਈ ਕੁਝ ਮੁਢਲੀਆਂ ਆਦਤਾਂ ਹਨ। ਜਿਹੜੀਆਂ ਕਦੇ ਨਹੀਂ ਬਦਲਣੀਆਂ ਚਾਹੀਦੀਆਂ।
ਮੈਨੂੰ ਯਾਦ ਹੈ, ਸਾਡੇ ਸਮੇਂ ਹਰ ਪਿੰਡ ਵਿੱਚ ਸਕੂਲ ਨਹੀਂ ਹੁੰਦੇ ਸੀ। ਕਈ–ਕਈ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ। ਗਰਮੀ ਹੋਵੇ, ਸਰਦੀ ਹੋਵੇ ਜਾਂ ਬਾਰਿਸ਼ — ਜਿਨ੍ਹਾਂ ਬੱਚਿਆਂ ਨੂੰ ਪੜ੍ਹਨ ਦੀ ਸੱਚੀ ਰੁਚੀ ਹੁੰਦੀ, ਉਹ ਹਰ ਹਾਲਤ ਵਿੱਚ ਸਕੂਲ ਪਹੁੰਚਦੇ ਸਨ।
ਮੇਰਾ ਹਾਈ ਸਕੂਲ ਵੀ ਪਿੰਡ ਤੋਂ ਤਕਰੀਬਨ 8–10 ਕਿਲੋਮੀਟਰ ਦੂਰ ਸੀ। ਪਰ ਪੜ੍ਹਾਈ ਦਾ ਸ਼ੌਕ ਐਨਾ ਸੀ ਕਿ ਕਦੇ ਕੋਈ ਬਹਾਨਾ ਨਹੀਂ ਬਣਾਇਆ। ਨੰਬਰ ਵੀ ਚੰਗੇ ਆਉਂਦੇ ਸਨ, ਇਸ ਲਈ ਅਧਿਆਪਕਾਂ ਦਾ ਪਿਆਰ ਵੀ ਵਧੀਆ ਮਿਲਦਾ ਸੀ। ਕੁਝ ਅਧਿਆਪਕ ਤਾਂ ਅੱਜ ਵੀ ਯਾਦ ਕਰ ਲੈਂਦੇ ਹਨ।
ਸਾਡੇ ਇੱਕ ਅਧਿਆਪਕ ਕਿਹਾ ਕਰਦੇ ਸਨ —
“ਸਭ ਤੋਂ ਔਖਾ ਪਾਠ ਉਸੇ ਦਿਨ ਪੜ੍ਹਾਵਾਂਗਾ ਜਦੋਂ ਮੌਸਮ ਖਰਾਬ ਹੋਵੇਗਾ, ਕਿਉਂਕਿ ਉਸ ਦਿਨ ਉਹੀ ਬੱਚੇ ਸਕੂਲ ਆਉਂਦੇ ਹਨ ਜਿਨ੍ਹਾਂ ਨੂੰ ਸੱਚਮੁੱਚ ਸਿੱਖਣਾ ਹੈ।”
ਇਹ ਗੱਲ ਬਿਲਕੁਲ ਠੀਕ ਸੀ।
ਇਹ ਗੱਲ ਅੱਜ ਕੱਲ ਮੁਲਾਜ਼ਮਾਂ ਤੇ ਵੀ ਢੁੱਕਦੀ ਹੈ ਕਿ ਜਿਹਨਾਂ ਸਰਕਾਰੀ ਮੁਲਾਜ਼ਮਾਂ ਨੇ ਨੌਕਰੀ ਵਾਲੀ ਥਾਂ ਨੂੰ ਅਪਣਾ ਲਿਆ ,ਉਹ ਹਮੇਸ਼ਾ ਲੋਕਾਂ ਦੀ ਵਧੀਆ ਸੇਵਾ ਕਰ ਜਾਂਦੇ ਤੇ ਮਹਿਕਮੇ ਦੀ ਤਰੱਕੀ ਲਈ ਵੀ ਕੰਮ ਕਰਦੇ ।
ਸਕੂਲ ਦੂਰ ਸੀ ਪਰ ਟੀਚਰਾਂ ਦਾ ਪਿਆਰ ਅਤੇ ਮਾਪਿਆਂ ਦੀ ਸਿੱਖਿਆ — ਇਹ ਦੋ ਗੱਲਾਂ ਨੇ ਕਿਸੇ ਵੀ ਮੁਸ਼ਕਲ ਨੂੰ ਮਹਿਸੂਸ ਨਹੀਂ ਹੋਣ ਦਿੱਤਾ। ਪੇਂਡੂ ਸਕੂਲ ਤੋਂ ਪੜ੍ਹ ਕੇ ਵੀ ਪੰਜਾਬ ਦੇ ਉੱਪਰਲੇ ਦੱਸ -ਪੰਦਰਾਂ ਬੱਚਿਆਂ ਵਿੱਚ ਨਾਮ ਸੀ — ਇਹ ਸਭ ਕੁਝ ਉਸ ਅਨੁਸ਼ਾਸਨ ਅਤੇ ਲਗਨ ਦੀ ਕਮਾਈ ਸੀ।
ਇਹੀ ਕਮਾਈ ਤਾਂ ਮੈਂ ਅਪਣੀ ਸਰਕਾਰੀ ਨੌਕਰੀ ਦੌਰਾਨ ਵੀ ਕੀਤੀ ਭਾਵੇਂ ਸਰਕਾਰਾਂ ਨੇ ਅੜਿੱਕੇ ਵੀ ਰੱਜ ਕੇ ਲਾਏ ।
ਪਰ ਅੱਜ ਦੇ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ ਕਿ —
- ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਘੱਟਦੀ ਜਾ ਰਹੀ।
- ਸਮੇਂ ਦੀ ਪਾਬੰਦੀ ਕਮਜ਼ੋਰ ਹੋ ਰਹੀ।
- ਡਿਜ਼ੀਟਲ ਸਿੱਖਿਆ ਨੇ ਸੋਚਣ ਦੀ ਸਮਰੱਥਾ ਘਟਾ ਦਿੱਤੀ।
- ਮਾਨਸਿਕ ਤਨਾਅ ਵੱਧ ਰਿਹਾ।
- ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਦੇ ਤਰੀਕਿਆਂ, ਸਿਲੇਬਸ ਅਤੇ ਸਿਹਤ ਸੰਬੰਧੀ ਨੀਤੀਆਂ ਵਿੱਚ ਸਮੇਂ–ਸਮੇਂ ਨਾਲ ਸਾਇੰਸ ਦੇ ਅਧਾਰ ‘ਤੇ ਸੁਧਾਰ ਕੀਤੇ ਜਾਣ ਤਾਂ ਜੋ ਪੜ੍ਹਾਈ ਅਤੇ ਸਿਹਤ — ਦੋਨਾਂ ਵਿਚ ਸੰਤੁਲਨ ਬਣਿਆ ਰਹੇ।
ਮਾਂ–ਪਿਉ ਨੂੰ ਵੀ ਚਾਹੀਦਾ ਹੈ ਕਿ ਬੱਚੇ ਦੀ ਸਿਹਤ ਨੂੰ ਪਹਿਲ ਦੇ ਆਧਾਰ ‘ਤੇ ਰੱਖਣ, ਨਾ ਕਿ ਸਿਰਫ਼ ਵੱਧ ਨੰਬਰਾਂ ਦਾ ਭਾਰ ਉਸਦੀ ਛੋਟੀ ਜਿਹੀ ਜਿੰਦਗੀ ‘ਤੇ ਲੱਦ ਦਿੱਤਾ ਜਾਵੇ।
ਅਧਿਆਪਕਾਂ ਲਈ ਵੀ ਇਹ ਸਮਾਂ ਸੋਚਣ ਦਾ ਹੈ —
ਪੜ੍ਹਾਈ ਦੇ ਨਾਲ–ਨਾਲ ਖੇਡਾਂ, ਸਮਾਜਿਕ ਸਿੱਖਿਆ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਵੀ ਧਿਆਨ ਦਿੱਤਾ ਜਾਵੇ।
ਸਕੂਲਾਂ ਵਿੱਚ ਇਹ ਘਾਟ ਅਸੀਂ ਅੱਜ ਬਹੁਤ ਗਹਿਰਾਈ ਨਾਲ ਮਹਿਸੂਸ ਕਰ ਰਹੇ ਹਾਂ।
🕯️ ਕੁਝ ਸਦੀਵੀ ਗੱਲਾਂ — ਜਿਹੜੀਆਂ ਹਮੇਸ਼ਾਂ ਸੱਚ ਰਹਿੰਦੀਆਂ ਹਨ
ਸਿਹਤਮੰਦ ਦਿਮਾਗ — ਸਿਹਤਮੰਦ ਸਰੀਰ ਵਿੱਚ ਹੀ ਵੱਸਦਾ ਹੈ।
✔️ ਸਵੇਰੇ ਉੱਠ ਕੇ ਪੜ੍ਹਿਆ ਗਿਆ ਪਾਠ — ਸਦਾ ਯਾਦ ਰਹਿੰਦਾ ਹੈ।
ਸਮੇਂ ਦੀ ਪਾਬੰਦੀ ਹੀ ਬੁਲੰਦੀਆਂ ਵੱਲ ਲੈ ਕੇ ਜਾਂਦੀ ਹੈ ,ਜੇ ਪਲ ਖੁੰਝ ਗਏ ਤਾਂ ਮੀਲਾਂ ਦੂਰ ਹੋ ਜਾਂਦੀ ਹੈ ਮੰਜ਼ਿਲ।
ਪੰਜਾਬ ਵਸੇਗਾ ਕੰਮ ਦੇ ਨਾਲ ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ (ਰਿਟਾਇਰਡ)
📞 9814127296
📞 7717319896