ਪੰਜਾਬ ‘ਚ ਆਜ਼ਾਦੀ ਦਿਵਸ ਸਮਾਗਮ ਦੌਰਾਨ ਵੱਡਾ ਹਾਦਸਾ; ਫਾਲਸ ਸੀਲਿੰਗ ਡਿੱਗੀ- ਕਈ ਬੱਚੇ ਜ਼ਖ਼ਮੀ
ਪਟਿਆਲਾ, 16 ਅਗਸਤ 2026
ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਆਜ਼ਾਦੀ ਦਿਵਸ ਦੇ ਸਮਾਗਮ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸਮਾਗਮ ਵਾਲੇ ਹਾਲ ਵਿੱਚ ਛੱਤ ਹੇਠਾਂ ਲੱਗੀ ਫਾਲਸ ਸੀਲਿੰਗ ਦਾ ਇੱਕ ਹਿੱਸਾ ਅਚਾਨਕ ਹੇਠਾਂ ਡਿੱਗ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਸਮਾਗਮ ਲਈ ਬੱਚੇ ਅਤੇ ਹੋਰ ਲੋਕ ਹਾਲ ਵਿੱਚ ਇਕੱਠੇ ਹੋਏ ਹੋਏ ਸਨ।
ਮੁੱਢਲੀ ਜਾਣਕਾਰੀ ਮੁਤਾਬਕ ਸੀਲਿੰਗ ਦਾ ਹਿੱਸਾ ਡਿੱਗਣ ਕਾਰਨ ਕੁਝ ਬੱਚਿਆਂ ਸਮੇਤ ਕਈ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸ਼ੁਰੂਆਤੀ ਤੌਰ ’ਤੇ 5 ਤੋਂ 6 ਬੱਚਿਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਸੀਲਿੰਗ ਡਿੱਗਣ ਤੋਂ ਬਾਅਦ ਹਾਲ ਵਿੱਚ ਧੂੜ-ਮਿੱਟੀ ਫੈਲ ਗਈ, ਜਿਸ ਕਾਰਨ ਕੁਝ ਸਮੇਂ ਲਈ ਦ੍ਰਿਸ਼ਟੀ ਘੱਟ ਹੋਣ ਅਤੇ ਹਨੇਰੇ ਵਰਗੀ ਸਥਿਤੀ ਬਣ ਗਈ। ਇਸ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਅਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।
ਘਟਨਾ ਤੋਂ ਬਾਅਦ NIS ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਹਾਲ ਦੇ ਪ੍ਰਭਾਵਿਤ ਹਿੱਸੇ ਵੱਲ ਲੋਕਾਂ ਅਤੇ ਮੀਡੀਆ ਦੀ ਪਹੁੰਚ ਸੀਮਤ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।
ਹਾਲਾਂਕਿ, ਐਨਐਸਐਨਆਈਐਸ ਪਟਿਆਲਾ ਦੇ ਡਾਇਰੈਕਟਰ ਸੁਮਿਤ ਮਿਗਲਾਨੀ ਨੇ ਘਟਨਾ ਸਬੰਧੀ ਦੱਸਿਆ ਕਿ ਸੱਭਿਆਚਾਰਕ ਸਮਾਗਮ ਦੌਰਾਨ ਛੱਤ ਹੇਠਲੇ ਹਿੱਸੇ ਵਿੱਚ ਲੱਗੀ ਹਲਕੇ ਭਾਰ ਵਾਲੀ ਫਾਲਸ ਸੀਲਿੰਗ ਦਾ ਇੱਕ ਹਿੱਸਾ ਡਿੱਗਿਆ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਤੁਰੰਤ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਤੇ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਗਈ।
ਡਾਇਰੈਕਟਰ ਮੁਤਾਬਕ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਅਤੇ ਸਾਰੇ ਸਬੰਧਤ ਵਿਅਕਤੀ ਸੁਰੱਖਿਅਤ ਤੇ ਸਥਿਰ ਹਨ। ਸਾਵਧਾਨੀ ਵਜੋਂ ਪ੍ਰਭਾਵਿਤ ਖੇਤਰ ਨੂੰ ਘੇਰ ਕੇ ਉੱਥੇ ਲੋਕਾਂ ਦੀ ਆਵਾਜਾਈ ਸੀਮਤ ਕਰ ਦਿੱਤੀ ਗਈ ਹੈ। ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।
ਸੁਮਿਤ ਮਿਗਲਾਨੀ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਖੇਤਰ ਦਾ ਤਕਨੀਕੀ ਨਿਰੀਖਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਭਾਵਿਤ ਹਿੱਸੇ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਨਆਈਐਸ ਦੇ ਐਥਲੀਟਾਂ, ਸਿਖਿਆਰਥੀਆਂ, ਸਟਾਫ ਅਤੇ ਸੈਲਾਨੀਆਂ ਦੀ ਸੁਰੱਖਿਆ ਸੰਸਥਾ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਅਨੁਸਾਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਸੰਸਥਾ ਵਿੱਚ ਆਮ ਗਤੀਵਿਧੀਆਂ ਜਾਰੀ ਹਨ।
















