ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਵੱਡੀ ਘਟਨਾ! ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਦੀ ਕੋਸਿਸ਼

On: ਜੂਨ 12, 2026 12:37 ਬਾਃ ਦੁਃ

 

ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਵੱਡੀ ਘਟਨਾ! ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਦੀ ਕੋਸਿਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੈਕ ਸਾਈਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਰਿਕਰਮਾ ਦੌਰਾਨ ਨੌਜਵਾਨ ਨੇ ਕੀਤੀ ਹਰਕਤ- ਮੌਕੇ ‘ਤੇ ਮੌਜੂਦ ਸਿੰਘਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ੱਕੀ ਨੂੰ ਦਬੋਚਿਆ; ਐਸਜੀਪੀਸੀ ਵੱਲੋਂ ਸਖ਼ਤ ਕਾਰਵਾਈ ਦੀ ਮੰਗ

ਅੰਮ੍ਰਿਤਸਰ ਸਾਹਿਬ/ਚੰਡੀਗੜ੍ਹ, 12 ਜੂਨ 2026-

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਿਛਲੀ ਤਰਫ਼ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਇੱਕ ਬੇਹੱਦ ਮੰਦਭਾਗੀ ਅਤੇ ਸ਼ੱਕੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅਣਪਛਾਤੇ ਕਲੀਨ ਸ਼ੇਪ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਸ਼ਸਤਰਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਉੱਥੇ ਮੌਜੂਦ ਸੇਵਾਦਾਰਾਂ ਅਤੇ ਸਿੰਘਾਂ ਦੀ ਮੁਸਤੈਦੀ ਸਦਕਾ ਮੁਲਜ਼ਮ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ ਅਤੇ ਕੋਈ ਵੀ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ।

ਸ਼ਰਧਾਲੂਆਂ ਨੇ ਨੌਜਵਾਨ ਨੂੰ ਫੜ ਕੇ ਤੁਰੰਤ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰੀ ਅਤੇ ਮੈਨੇਜਰ ਮੇਜਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ।

ਇਸੇ ਦੌਰਾਨ ਇੱਕ ਕਲੀਨ ਸ਼ੇਪ ਵਿਅਕਤੀ, ਜਿਸਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ, ਅੰਦਰ ਦਾਖ਼ਲ ਹੋਇਆ। ਉਸਨੇ ਪਹਿਲਾਂ ਪਰਿਕਰਮਾ ਕੀਤੀ ਅਤੇ ਫਿਰ ਅਚਾਨਕ ਅੱਗੇ ਪਏ ਪਾਵਨ ਸ਼ਸਤਰਾਂ ਨੂੰ ਹੱਥ ਪਾ ਲਿਆ। ਉੱਥੇ ਮੌਜੂਦ ਸਿੰਘਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਮੌਕੇ ‘ਤੇ ਹੀ ਫੜ ਲਿਆ।

ਯੂਪੀ (UP) ਦਾ ਰਹਿਣ ਵਾਲਾ ਹੈ ਮੁਲਜ਼ਮ, ਮਨਸ਼ਾ ਬਹੁਤ ਮਾੜੀ ਸੀ: ਮੈਨੇਜਰ ਮੇਜਰ ਸਿੰਘ

ਮੈਨੇਜਰ ਮੇਜਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਮਨਸ਼ਾ ਬਹੁਤ ਮਾੜੀ ਸੀ ਅਤੇ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਘਟਨਾ ਨੂੰ ਸਾਲ 2021 ਵਿੱਚ ਵਾਪਰੀ ਬੇਅਦਬੀ ਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ, ਤਾਂ ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਸ਼ਸਤਰਾਂ ਨੂੰ ਇਸ ਤਰ੍ਹਾਂ ਹੱਥ ਪਾਇਆ ਹੈ, ਉਹ ਕੋਈ ਵੀ ਨੁਕਸਾਨ ਕਰ ਸਕਦਾ ਸੀ।

ਮੁਢਲੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਉੱਤਰ ਪ੍ਰਦੇਸ਼ (UP) ਦਾ ਰਹਿਣ ਵਾਲਾ ਹੈ। ਮੈਨੇਜਰ ਨੇ ਅੱਗੇ ਕਿਹਾ, “ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਦਰਸ਼ਨਾਂ ਲਈ ਆਉਂਦੀ ਹੈ, ਪਰ ਕਿਸੇ ਦੇ ਮਨ ਦੀ ਮਨਸ਼ਾ ਦਾ ਪਤਾ ਨਹੀਂ ਹੁੰਦਾ। ਗੁਰੂ ਸਾਹਿਬ ਦੀ ਕਿਰਪਾ ਨਾਲ ਬਚਾਅ ਰਿਹਾ। ਘਟਨਾ ਦੇ ਸਮੇਂ ਉਹ ਵਿਅਕਤੀ ਇਕੱਲਾ ਹੀ ਦਿਖਾਈ ਦੇ ਰਿਹਾ ਸੀ।”

ਫਿਲਹਾਲ ਐਸਜੀਪੀਸੀ ਆਪਣੇ ਪੱਧਰ ‘ਤੇ ਵੀ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਇਸ ਵਿਅਕਤੀ ਦੇ ਪਿੱਛੇ ਕੌਣ ਹੈ ਅਤੇ ਇਸਦਾ ਪਿਛੋਕੜ ਕੀ ਹੈ? ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਮੁਲਜ਼ਮ ਦਾ ਪੂਰਾ ਪਤਾ ਤਸਦੀਕ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਜੁਟ ਗਿਆ ਹੈ।

 

Join WhatsApp

Join Now

Leave a Comment