Join WhatsApp

Join Now

ਪੰਜਾਬ ‘ਚ ਸਕੂਲ ਵੈਨ ਨਾਲ ਵਾਪਰਿਆ ਵੱਡਾ ਸੜਕ ਹਾਦਸਾ; 12 ਮਾਸੂਮ ਬੱਚੇ ਜ਼ਖ਼ਮੀ, 6 ਦੀ ਹਾਲਤ ਗੰਭੀਰ

On: September 14, 2026 2:59 PM

 

ਪੰਜਾਬ ‘ਚ ਸਕੂਲ ਵੈਨ ਨਾਲ ਵਾਪਰਿਆ ਵੱਡਾ ਸੜਕ ਹਾਦਸਾ; 12 ਮਾਸੂਮ ਬੱਚੇ ਜ਼ਖ਼ਮੀ, 6 ਦੀ ਹਾਲਤ ਗੰਭੀਰ

ਮਾਨਸਾ/ਬਰੇਟਾ 14 ਸਤੰਬਰ 2026

ਮਾਨਸਾ ਜ਼ਿਲ੍ਹੇ ਦੇ ਧੀਨਗੜ੍ਹ-ਬਰੇਟਾ ਮੁੱਖ ਮਾਰਗ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਰੋਡਵੇਜ਼ (ਪੀ.ਆਰ.ਟੀ.ਸੀ.) ਦੀ ਬੱਸ ਅਤੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਘਟਨਾ ਵਿੱਚ ਵੈਨ ਵਿੱਚ ਸਵਾਰ ਲਗਭਗ ਇੱਕ ਦਰਜਨ ਦੇ ਕਰੀਬ ਸਕੂਲੀ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਪ੍ਰਾਪਤ ਜਾਣਕਾਰੀ ਅਤੇ ਓਥੇ ਮੌਜੂਦ ਪ੍ਰਤੱਖਦਰਸ਼ੀਆਂ ਮੁਤਾਬਕ, ਪੀ.ਆਰ.ਟੀ.ਸੀ. ਦੀ ਬੱਸ ਮਾਨਸਾ ਤੋਂ ਜਾਖਲ ਵੱਲ ਜਾ ਰਹੀ ਸੀ। ਰਸਤੇ ਵਿੱਚ ਇੱਕ ਮੋਟਰਸਾਈਕਲ ਚਾਲਕ ਮੋਬਾਈਲ ਫ਼ੋਨ ’ਤੇ ਗੱਲਬਾਤ ਕਰਦਿਆਂ ਬੇਧਿਆਨੇ ਢੰਗ ਨਾਲ ਵਾਹਨ ਚਲਾ ਰਿਹਾ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਸ ਚਾਲਕ ਨੇ ਅਚਾਨਕ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਇਸੇ ਦੌਰਾਨ ਪਿੱਛੇ ਤੇਜ਼ ਰਫ਼ਤਾਰ ਨਾਲ ਆ ਰਹੀ ਸਕੂਲ ਵੈਨ ਅਚਾਨਕ ਬੇਕਾਬੂ ਹੋ ਗਈ ਅਤੇ ਬੱਸ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਐਨੀ ਜ਼ਬਰਦਸਤ ਸੀ ਕਿ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਹਾਦਸਾ ਵਾਪਰਦਿਆਂ ਹੀ ਮੌਕੇ ’ਤੇ ਚੀਕ-ਚਿਹਾਰਾ ਮੱਚ ਗਿਆ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਵੈਨ ਵਿੱਚ ਫਸੇ ਮਾਸੂਮ ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਅੱਧਾ ਦਰਜਨ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਛੇ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਗਈ। ਲੋਕਾਂ ਨੇ ਦੋਸ਼ ਲਗਾਇਆ ਕਿ ਹਾਦਸਾਗ੍ਰਸਤ ਸਕੂਲ ਵੈਨ ਦੀ ਹਾਲਤ ਬੇਹੱਦ ਖ਼ਸਤਾ ਸੀ ਅਤੇ ਉਸ ਕੋਲ ਤਕਨੀਕੀ ਯੋਗਤਾ ਦਾ ਸਰਟੀਫ਼ਿਕੇਟ ਅਤੇ ਲੋੜੀਂਦਾ ਪਰਮਿਟ ਵੀ ਨਹੀਂ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਕੂਲੀ ਵਾਹਨਾਂ ਦੀ ਤਕਨੀਕੀ ਹਾਲਤ ਅਤੇ ਦਸਤਾਵੇਜ਼ਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ। ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਵਾਲੇ ਲਾਪਰਵਾਹ ਚਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇ।

ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਵੈਨਾਂ ਦੇ ਚਲਾਨ ਕੱਟਣ ਅਤੇ ਉਨ੍ਹਾਂ ਨੂੰ ਜ਼ਬਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Leave a Comment