ਭਾਰਤ ‘ਚ ਵੱਡਾ ਰੇਲ ਹਾਦਸਾ; 5 ਯਾਤਰੀਆਂ ਦੀ ਮੌਤ
ਪ੍ਰਯਾਗਰਾਜ, 16 ਅਪ੍ਰੈਲ 2026: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਮੰਡਲ ਦੇ ਕਰਛਨਾ-ਭੀਰਪੁਰ ਰੇਲਵੇ ਖੰਡ ‘ਤੇ ਵੀਰਵਾਰ ਸ਼ਾਮ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ।
ਇੱਥੇ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ 5 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਰੇਲਵੇ ਵਿਭਾਗ ਅਤੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।
ਜਾਣਕਾਰੀ ਅਨੁਸਾਰ, ‘ਨੇਤਾ ਜੀ ਐਕਸਪ੍ਰੈਸ ਟ੍ਰੇਨ’ ਦੇ ਡਰਾਈਵਰ ਨੇ ਰੇਲਵੇ ਟਰੈਕ ‘ਤੇ ਪਹਿਲਾਂ ਤੋਂ ਪਈ ਇੱਕ ਲਾਸ਼ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਰੋਕ ਦਿੱਤੀ ਸੀ।
ਟ੍ਰੇਨ ਰੁਕਦੀ ਦੇਖ ਕੇ ਜਨਰਲ ਬੋਗੀ ਦੇ ਕੁਝ ਯਾਤਰੀ ਹੇਠਾਂ ਉਤਰ ਗਏ ਅਤੇ ਨਾਲ ਲੱਗਦੇ ਦੂਜੇ ਟਰੈਕ ‘ਤੇ ਜਾ ਕੇ ਖੜ੍ਹੇ ਹੋ ਗਏ।
ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਪੁਰਸ਼ੋਤਮ ਐਕਸਪ੍ਰੈਸ ਦੀ ਲਪੇਟ ਵਿੱਚ ਆਉਣ ਕਾਰਨ ਟਰੈਕ ‘ਤੇ ਖੜ੍ਹੇ 5 ਯਾਤਰੀਆਂ ਦੀ ਦਰਦਨਾਕ ਮੌਤ ਹੋ ਗਈ।
ਟ੍ਰੇਨ ਰੁਕੀ ਦੇਖ ਕੇ ਯਾਤਰੀ ਗਲਤੀ ਨਾਲ ਦੂਜੇ ਟਰੈਕ ‘ਤੇ ਆ ਗਏ
ਉੱਤਰ ਮੱਧ ਰੇਲਵੇ ਦੇ ਸੀ.ਪੀ.ਆਰ.ਓ. (CPRO) ਸ਼ਸ਼ੀਕਾਂਤ ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਸ਼ਾਮ ਲਗਭਗ 6:15 ਵਜੇ ਨੇਤਾ ਜੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੇ ਟਰੈਕ ‘ਤੇ ਲਾਸ਼ ਹੋਣ ਦੀ ਸੂਚਨਾ ਦਿੱਤੀ ਸੀ।
ਟ੍ਰੇਨ ਰੁਕੀ ਦੇਖ ਕੇ ਯਾਤਰੀ ਗਲਤੀ ਨਾਲ ਦੂਜੇ ਟਰੈਕ ‘ਤੇ ਆ ਗਏ ਸਨ। ਸ਼ਾਮ 6:47 ਵਜੇ ਉੱਥੋਂ ਗੁਜ਼ਰ ਰਹੀ ਪੁਰਸ਼ੋਤਮ ਐਕਸਪ੍ਰੈਸ ਨੇ ਇਨ੍ਹਾਂ ਯਾਤਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਮ੍ਰਿਤਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਰੇਲਵੇ ਪੁਲਿਸ (GRP) ਅਤੇ RPF ਵੱਲੋਂ ਮ੍ਰਿਤਕਾਂ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਉਨ੍ਹਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਜਿਸ ਲਾਸ਼ ਨੂੰ ਦੇਖ ਕੇ ਟ੍ਰੇਨ ਰੁਕੀ ਸੀ, ਉਸ ਦੀ ਮੌਤ ਕਿਵੇਂ ਹੋਈ ਸੀ।
ਮੁੱਖ ਮੰਤਰੀ ਯੋਗੀ ਨੇ ਪ੍ਰਗਟਾਇਆ ਦੁੱਖ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ਦਾ ਨੋਟਿਸ ਲੈਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਟ੍ਰੇਨ ਦੇ ਰੁਕਣ ਦੀ ਸਥਿਤੀ ਵਿੱਚ ਬਿਨਾਂ ਵਜ੍ਹਾ ਹੇਠਾਂ ਨਾ ਉਤਰਨ ਅਤੇ ਰੇਲਵੇ ਟਰੈਕਾਂ ‘ਤੇ ਜਾਣ ਤੋਂ ਬਚਣ।






