ਗਲੇਸ਼ੀਅਰ ਫਟਣ ਕਾਰਨ ਆਇਆ ਭਾਰੀ ਹੜ੍ਹ, 95 ਦੀ ਮੌਤ; 105 ਭਾਰਤੀਆਂ ਸਮੇਤ ਸੈਂਕੜੇ ਲਾਪਤਾ
ਤਿੱਬਤ ‘ਚ ਗਲੇਸ਼ੀਅਰ ਫਟਣ ਅਤੇ ਪਹਾੜ ਖਿਸਕਣ ਕਾਰਨ ਭੋਟੇ ਕੋਸ਼ੀ ਨਦੀ ‘ਚ ਆਇਆ ਹੜ੍ਹ, ਨੇਪਾਲ ‘ਚ ਪੁਲ ਅਤੇ ਪਾਵਰ ਪ੍ਰੋਜੈਕਟ ਤਬਾਹ
ਭਾਰਤੀ ਦੂਤਾਵਾਸ ਵਲੋਂ ਐਮਰਜੈਂਸੀ ਨੰਬਰ ਜਾਰੀ; ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਦਾ ਲਿਆ ਜਾਇਜ਼ਾ- ਨੇਪਾਲ ‘ਚ ਤਿੱਬਤ ਤੋਂ ਆਏ ਹੜ੍ਹ ਨੇ ਮਚਾਈ ਭਾਰੀ ਤਬਾਹੀ, 95 ਲੋਕਾਂ ਦੀ ਮੌਤ,
ਕਾਠਮਾਂਡੂ/ਨਵੀਂ ਦਿੱਲੀ, 26 ਅਗਸਤ 2026- ਤਿੱਬਤ ਦੀ ਸਰਹੱਦ ਨਾਲ ਲੱਗਦੇ ਮੱਧ ਨੇਪਾਲ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਭਾਰੀ ਵਿਨਾਸ਼ਕਾਰੀ ਤਬਾਹੀ ਮਚਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੱਬਤ ਵਿੱਚ ਗਲੇਸ਼ੀਅਰ ਫਟਣ ਅਤੇ ਅਸਥਿਰ ਪਹਾੜੀ ਚੱਟਾਨਾਂ ਖਿਸਕਣ ਕਾਰਨ ਭੋਟੇ ਕੋਸ਼ੀ ਨਦੀ ਵਿੱਚ ਅਚਾਨਕ ਪਾਣੀ ਦਾ ਪੱਧਰ ਖ਼ਤਰਨਾਕ ਤਰੀਕੇ ਨਾਲ ਵੱਧ ਗਿਆ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 95 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 105 ਭਾਰਤੀ ਨਾਗਰਿਕਾਂ ਅਤੇ 37 ਪਰਵਾਸੀ ਭਾਰਤੀਆਂ (NRI) ਸਮੇਤ ਕਰੀਬ 500 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਨੇਪਾਲ-ਤਿੱਬਤ ਸਰਹੱਦ ਨੇੜੇ ਤਿਮੂਰੇ ਅਤੇ ਸਿਆਫਰੂਬੈਂਸੀ ਇਲਾਕਿਆਂ ਵਿੱਚ ਪਾਣੀ ਦਾ ਵਹਾਅ ਇੰਨੀ ਤੇਜ਼ੀ ਨਾਲ ਵਧਿਆ ਕਿ ਲੋਕਾਂ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਤੱਕ ਨਹੀਂ ਮਿਲਿਆ। ਹੜ੍ਹ ਦੇ ਤੇਜ਼ ਵਹਾਅ ਨੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਈ ਵਾਹਨ, ਮਕਾਨ, ਘੱਟੋ-ਘੱਟ ਚਾਰ ਪੱਕੇ ਪੁਲ ਅਤੇ ਕੁਝ ਆਰਜ਼ੀ ਪੁਲ ਰੋੜ੍ਹ ਦਿੱਤੇ। ਇਸ ਤੋਂ ਇਲਾਵਾ ਖੇਤਰ ਦੀਆਂ ਕਈ ਬਿਜਲੀ ਪਰਿਯੋਜਨਾਵਾਂ ਅਤੇ ਘੱਟੋ-ਘੱਟ ਇੱਕ ਦਰਜਨ ਹਾਈਡ੍ਰੋਪਾਵਰ ਪ੍ਰਾਜੈਕਟਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।
ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਅਤੇ ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (NDRRMA) ਅਨੁਸਾਰ, ਨੇਪਾਲ-ਤਿੱਬਤ ਸਰਹੱਦ ਤੋਂ ਕਰੀਬ 20 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਲੇਂਡੇ ਨਦੀ ‘ਚ ਚੱਟਾਨਾਂ ਖਿਸਕਣ ਨਾਲ ਪਾਣੀ ਅਤੇ ਮਲਬਾ ਤਿਮੂਰ ਵਿੱਚ ਭੋਟੇ ਕੋਸ਼ੀ ਰਾਹੀਂ ਤ੍ਰਿਸ਼ੂਲੀ ਨਦੀ ਤੱਕ ਫੈਲ ਗਿਆ। ਹੜ੍ਹ ਦਾ ਸਭ ਤੋਂ ਵੱਧ ਅਸਰ ਰਸੁਵਾ ਜ਼ਿਲ੍ਹੇ ‘ਚ ਦੇਖਣ ਨੂੰ ਮਿਲਿਆ ਹੈ, ਜੋ ਕਾਠਮਾਂਡੂ ਤੋਂ 125 ਕਿਲੋਮੀਟਰ ਉੱਤਰ-ਪੂਰਬ ‘ਚ ਸਥਿਤ ਹੈ। ਰਸੁਵਾ ਤੋਂ ਇਲਾਵਾ ਨੁਵਾਕੋਟ, ਧਾਡਿੰਗ ਅਤੇ ਚਿਤਵਨ ਜ਼ਿਲ੍ਹੇ ਵੀ ਇਸ ਤਬਾਹੀ ਦੀ ਲਪੇਟ ਵਿੱਚ ਆਏ ਹਨ।
ਘਟਨਾ ਤੋਂ ਬਾਅਦ ਨੇਪਾਲ ਦੀ ਫ਼ੌਜ, ਹਥਿਆਰਬੰਦ ਪੁਲਿਸ ਅਤੇ ਨੇਪਾਲ ਪੁਲਿਸ ਨੂੰ ਤੁਰੰਤ ਬਚਾਅ ਕਾਰਜਾਂ ਵਿੱਚ ਲਗਾ ਦਿੱਤਾ ਗਿਆ ਹੈ। ਫ਼ੌਜ ਨੇ ਕਈ ਹੈਲੀਕਾਪਟਰਾਂ ਨੂੰ ਰਾਹਤ ਮੁਹਿੰਮ ਵਿੱਚ ਉਤਾਰਿਆ ਹੈ, ਪਰ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋਣ ਅਤੇ ਖਰਾਬ ਮੌਸਮ ਕਾਰਨ ਹੈਲੀਕਾਪਟਰਾਂ ਨੂੰ ਲੈਂਡ ਕਰਨ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਹੁਣ ਤੱਕ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਦੂਜੇ ਪਾਸੇ, ਨੇਪਾਲੀ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਬਚਾਅ ਕਾਰਜਾਂ ‘ਚ ਤਾਇਨਾਤ ਨੇਪਾਲੀ ਫ਼ੌਜ ਦੇ 44 ਜਵਾਨਾਂ ਸਮੇਤ 80 ਸੁਰੱਖਿਆ ਕਰਮੀ ਵੀ ਲਾਪਤਾ ਹਨ, ਜਿਸ ਨਾਲ ਪ੍ਰਸ਼ਾਸਨ ਦੀ ਚਿੰਤਾ ਹੋਰ ਵੱਧ ਗਈ ਹੈ।
ਨੇਪਾਲ ਵਿੱਚ ਆਏ ਇਸ ਭਿਆਨਕ ਹੜ੍ਹ ਤੋਂ ਬਾਅਦ ਭਾਰਤ ਦੇ ਸਰਹੱਦੀ ਰਾਜਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਅਤੇ ਕੁਸ਼ੀਨਗਰ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਬਿਹਾਰ ਦੇ ਉਪ ਮੁੱਖ ਮੰਤਰੀ/CM ਸਮਰਾਟ ਚੌਧਰੀ ਨਾਲ ਗੱਲਬਾਤ ਕਰਕੇ ਸਰਹੱਦੀ ਖੇਤਰਾਂ ਦੀਆਂ ਤਿਆਰੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਕਾਠਮਾਂਡੂ ਸਥਿਤ ਭਾਰਤੀ ਦੂਤਾਵਾਸ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ਨੇਪਾਲ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਦੂਤਾਵਾਸ ਨੇ ਹੜ੍ਹਾਂ ਵਿੱਚ ਫਸੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨੇਪਾਲ ਟੂਰਿਜ਼ਮ ਬੋਰਡ ਨੇ ਵੀ ਸੈਲਾਨੀਆਂ ਦੀ ਮਦਦ ਲਈ ਟੋਲ-ਫ਼੍ਰੀ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਮਲਬਾ ਹਟਾਉਣ ਨਾਲ ਮੌਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ।
















