Monday, April 22, 2024
No menu items!
HomeOpinionAvtar Pash: ਇਨਕਲਾਬੀ ਕਵੀ ਪਾਸ਼ ਨੂੰ ਯਾਦ ਕਰਦਿਆਂ...

Avtar Pash: ਇਨਕਲਾਬੀ ਕਵੀ ਪਾਸ਼ ਨੂੰ ਯਾਦ ਕਰਦਿਆਂ…

 

ਅਵਤਾਰ ਪਾਸ਼ (Avtar Pash) ਦਾ ਜਨਮ 9 ਸਤੰਬਰ 1950 ਨੂੰ ਸੋਹਣ ਸਿੰਘ ਸੰਧੂ ਦੇ ਘਰ ਇਕ ਸਾਧਾਰਨ ਪਰਿਵਾਰ ’ਚ ਹੋਇਆ ਸੀ। ਉਸ ਦੇ ਪਿਤਾ ਜੀ ਫ਼ੌਜੀ ਸਨ। ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਨਾਮਕ ਕੁੜੀ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ ਸੀ।

ਸਵਾਲ ਇਹ ਉੱਠਦਾ ਹੈ ਕਿ ਉਹ ਇਕ ਆਮ ਇਨਸਾਨ ਤੋਂ ਇਕ ਇਨਕਲਾਬੀ ਤੇ ਕ੍ਰਾਂਤੀਕਾਰੀ ਕਵੀ ਕਿਵੇਂ ਬਣਿਆ? ਪੰਜਾਬ ਨੇ 1980 ਤੇ 1990 ਦੇ ਦਹਾਕੇ ਵਿਚ ਕਾਫ਼ੀ ਕਾਲਾ ਦੌਰ ਵੇਖਿਆ ਜਿਸ ਦੌਰਾਨ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਉਨ੍ਹਾਂ ਤੋਂ ਦੂਰ ਚਲੇ ਗਏ।

ਪੰਜਾਬ ਵਿਚ ਛਾਏ ਇਸ ਅੱਤਿਆਚਾਰ ਦੇ ਦੌਰ ਨੇ ਪਾਸ਼ ਨੂੰ ਅੰਦਰੋ-ਅੰਦਰੀ ਇੰਨਾ ਝੰਜੋੜ ਦਿੱਤਾ ਕਿ ਉਸ ਨੇ ਅਜਿਹੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਆਤਮਰੱਖਿਆ ਲਈ ਲੋਕਾਂ ਨੂੰ ਅੰਦਰੋਂ ਮਜ਼ਬੂਤ ਕਰਨ।

ਪਾਸ਼ ਉਨ੍ਹਾਂ ਲੋਕਾਂ ਤੋਂ ਖ਼ਾਸ ਤੌਰ ’ਤੇ ਨਾਰਾਜ਼ ਸੀ ਜੋ ਇਸ ਮਾੜੇ ਸਿਸਟਮ ਖ਼ਿਲਾਫ਼ ਲੜਦੇ ਨਹੀਂ ਸਨ ਬਲਕਿ ਚੁੱਪਚਾਪ ਜ਼ੁਲਮਾਂ ਨੂੰ ਸਹਿ ਰਹੇ ਸਨ। ਉਨ੍ਹਾਂ ਨੂੰ ਜਗਾਉਣ ਲਈ ਪਾਸ਼ ਨੇ ਕਲਮ ਨੂੰ ਆਪਣਾ ਸਹਾਰਾ ਬਣਾਇਆ।

ਪਾਸ਼ ਨੇ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬੀ ਦੇ ਹਰ ਰੰਗ ਨੂੰ ਪੇਸ਼ ਕੀਤਾ। ਫਿਰ ਚਾਹੇ ਉਹ ਪਿਆਰ ਦਾ ਰੰਗ ਹੋਵੇ ਜਾਂ ਰਿਸ਼ਤਿਆਂ ਦਾ। ਬਹੁਤ ਘੱਟ ਲੋਕ ਜਾਣਦੇ ਹਨ ਕਿ 1967 ਵਿਚ ਪਾਸ਼ ਬੀਐੱਸਐੱਫ ’ਚ ਭਰਤੀ ਹੋ ਗਿਆ ਸੀ ਪਰ ਬਾਅਦ ਵਿਚ ਉਸ ਨੇ ਇਹ ਨੌਕਰੀ ਛੱਡ ਦਿੱਤੀ।

ਇਸ ਤੋਂ ਇਲਾਵਾ ਕ੍ਰਾਂਤੀਕਾਰੀ ਅੰਦੋਲਨਾਂ ਕਾਰਨ ਪਾਸ਼ ਨੂੰ ਕਈ ਵਾਰ ਜੇਲ੍ਹ ਵੀ ਭੇਜ ਦਿੱਤਾ ਗਿਆ ਪਰ ਅਦਾਲਤ ਨੇ ਕੋਈ ਵੀ ਸਬੂਤ ਨਾ ਮਿਲਣ ’ਤੇ ਹਰ ਵਾਰ ਉਸ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਪਾਸ਼ ਦੀ ਸ਼ਹਾਦਤ ਤੋਂ ਪਹਿਲਾਂ ਉਸ ਦਾ ਹਿੰਦੀ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਗਿਆ। ਸੰਨ 1984 ਤੋਂ ਬਾਅਦ ਪੰਜਾਬ ਦਾ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਗਿਆ ਪਰ ਪਾਸ਼ ਦੀ ਕਲਮ ਇਨਕਲਾਬੀ ਸ਼ਬਦ ਲਿਖਣ ’ਚ ਲੱਗੀ ਰਹੀ। ਉਸ ਦੀਆਂ ਕਵਿਤਾਵਾਂ ਵਿਚ ਇਕ ਇਨਕਲਾਬੀ ਜੋਸ਼ ਸੀ।

ਉਸ ਨੇ 1987 ’ਚ ਕਵਿਤਾ ਲਿਖੀ ‘ਸਭ ਤੋਂ ਖ਼ਤਰਨਾਕ’ ਜੋ ਕੁਝ ਇਸ ਪ੍ਰਕਾਰ ਸੀ “ਨਾ ਹੋਣਾ ਤੜਪ ਦਾ, ਸਭ ਕੁਝ ਸਹਿਣ ਕਰ ਜਾਣਾ। ਘਰ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਵਾਪਸ ਘਰ ਜਾਣਾ। ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ।’’ ਇਹ ਕਵਿਤਾ ਉਸ ਵਕਤ ਬੇਹੱਦ ਮਕਬੂਲ ਹੋਈ ਸੀ।

ਪਾਸ਼ ਦੀ ਕਲਮ ਆਜ਼ਾਦ ਸੀ ਅਤੇ ਆਜ਼ਾਦ ਹੀ ਇਸ ਦੁਨੀਆ ਤੋਂ ਚਲੀ ਗਈ। ਪਾਸ਼ ਦੀਆਂ ਲਿਖਤਾਂ ਜਿੱਥੇ ਇਕ ਪਾਸੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੀਆਂ ਸਨ, ਦੂਜੇ ਪਾਸੇ ਕੁਝ ਲੋਕਾਂ ਅਤੇ ਸਰਕਾਰ ਨੂੰ ਇਹ ਲਿਖਤਾਂ ਕਾਫ਼ੀ ਚੁਭ ਵੀ ਰਹੀਆਂ ਸਨ।

ਇਸੇ ਲਈ 23 ਮਾਰਚ 1988 ਨੂੰ ਪਾਸ਼ ਤੇ ਉਸ ਦੇ ਦੋਸਤ ਹੰਸਰਾਜ ਨੂੰ ਉਨ੍ਹਾਂ ਦੇ ਪਿੰਡ ’ਚ ਜਾ ਕੇ ਖਾੜਕੂਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਾਸ਼ ਦੀਆਂ ਕਵਿਤਾਵਾਂ ਨੇ ਅਕਸਰ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਸੀ ਤੇ ਨੌਜਵਾਨਾਂ ਅੰਦਰ ਇਨਕਲਾਬ ਦਾ ਜੋਸ਼ ਜਗਾਉਣ ਦਾ ਕੰਮ ਕੀਤਾ ਸੀ।

ਬਾਡਰ

(ਮੋਗਾ ਗੋਲ਼ੀ-ਕਾਂਡ ਨੂੰ ਸਮਰਪਤ)
ਭਰ ਜਾਣਗੇ ਹੁਣ ਧੂੜ ਨਾਲ਼ ਕਸਬਿਆਂ ਦੇ ਸਿਰ
ਫਿਰਨਗੇ ਟਰੱਕ ਬੀ. ਐੱਸ. ਐੱਫ. ਦੇ
ਪਲ਼ੀਆਂ ਹੋਈਆਂ ਜੂੰਆਂ ਦੇ ਵਾਂਗ…
ਐਤਕੀਂ ਨਹੀਂ ਆਵੇਗੀ ਸਤਵਰਗ ਦਿਆਂ ਫੁੱਲਾਂ ‘ਤੇ ਖਿੜਨ ਰੁੱਤ
ਮਿੱਧਿਆ ਗਿਆ ਘਾਹ ਤੜਫੇਗਾ
ਕਾਲਜਾਂ ਦਿਆਂ ਵਿਹੜਿਆਂ ਵਿੱਚ
ਰਾਤ-ਦਿਨ ਪੌਣਾਂ ਭ੍ਰਿਸ਼ਟ ਕਰੇਗੀ
ਥਾਣੇ ‘ਚ ਲੱਗੀ ਵਾਇਰ-ਲੈੱਸ…
ਦਰਅਸਲ
ਏਥੇ ਹਰ ਥਾਂ ‘ਤੇ ਇਕ ਬਾਡਰ ਹੈ
ਜਿੱਥੇ ਸਾਡੇ ਹੱਕ ਖ਼ਤਮ ਹੁੰਦੇ ਹਨ
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ
ਤੇ ਅਸੀਂ ਹਰ ਤਰ੍ਹਾਂ ਆਜ਼ਾਦ ਹਾਂ ਇਸ ਪਾਰ –
ਗਾਹਲਾਂ ਕੱਢਣ ਲਈ
ਮੁੱਕੇ ਲਹਿਰਾਉਣ ਲਈ
ਚੋਣਾਂ ਲੜਨ ਲਈ
ਸਤਵਰਗਾਂ ਦੀ ਮੁਸਕਾਨ ਚੁੰਮਣ ‘ਤੇ
ਕੋਈ ਬੰਦਸ਼ ਨਹੀਂ ਇਸ ਪਾਰ
ਤੇ ਇਸ ਤੋਂ ਅੱਗੇ ਹੈ –
ਕਸਬਿਆਂ ‘ਚ ਉਡਦੀ ਹੋਈ ਧੂੜ, ਪਲ਼ੀਆਂ ਹੋਈਆਂ ਜੂੰਆਂ ਦੇ ਵਾਂਗ
ਰੀਂਘਦੇ ਟਰੱਕ ਬੀ. ਐੱਸ. ਐੱਫ. ਦੇ

***

ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ‘ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ‘ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ‘ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ ‘ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲ਼ਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲ਼ੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲ਼ੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ‘ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲ਼ਾ ਘੁੱਟਣ ‘ਤੇ ਬਾਧਕ ਹਨ
ਕਿ ਬਾਬੂ ਦਫ਼ਤਰਾਂ ਵਾਲ਼ੇ
ਜਦੋਂ ਤਕ ਲਹੂ ਦੇ ਨਾਲ਼ ਹਰਫ਼ ਪਾਉਂਦੇ ਹਨ…
ਅਸੀਂ ਲੜਾਂਗੇ ਜਦ ਤੱਕ
ਦੁਨੀਆਂ ‘ਚ ਲੜਨ ਦੀ ਲੋੜ ਬਾਕੀ ਹੈ…

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਂਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲ਼ਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 20, ਸਤੰਬਰ  2013 ਵਿਚ ਪ੍ਰਕਾਸ਼ਿ

-ਵਿਵੇਕ ਰਾਜ
ਸੰਪਰਕ : 98778-69909

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)

 

RELATED ARTICLES
- Advertisment -

Most Popular

Recent Comments