Sunday, May 19, 2024
No menu items!
HomeOpinionShaheed Bhagat Singh: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ’ਤੇ ਇਕ ਝਾਤ

Shaheed Bhagat Singh: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ’ਤੇ ਇਕ ਝਾਤ

 

Shaheed Bhagat Singh: ਦੇਸ਼ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ, 1907 ਨੂੰ ਚੱਕ ਨੰਬਰ 105 ਪਿੰਡ ਬੰਗਾ ਤਹਿਸੀਲ ਜੜਵਾਲਾਂ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਪੰਜਾਬ) ‘ਚ ਸਥਿਤ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸਦਰ ਮੁਕਾਮ ਸ਼ਹਿਰ ਨਵਾਂਸ਼ਹਿਰ ਹੈ।

ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜਤੀ ਪਰਿਵਾਰ ਵਲੋਂ ਹੀ ਮਿਲੀ। ਉਨ੍ਹਾਂ ਦੇ ਪਿਤਾ ਅਤੇ ਚਾਚੇ ਸੁਤੰਤਰਤਾ ਸੰਗਰਾਮੀ ਸਨ। ਅਜੀਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਅਦਾਲਤੀ ਮਾਮਲਿਆਂ ਤਹਿਤ ਕੈਦ ਕੀਤਾ ਹੋਇਆ ਸੀ ਜਦੋਂ ਕਿ ਜੇਲ੍ਹ ਵਿੱਚੋਂ ਰਿਹਾਅ ਕੀਤੇ ਜਾਣ ਤੋਂ ਬਾਅਦ 1910 ਵਿੱਚ ਲਾਹੌਰ ਵਿੱਚ ਦੂਜੇ ਚਾਚੇ ਸਵਰਨ ਸਿੰਘ ਦੀ ਮੌਤ ਹੋ ਗਈ ਸੀ।

ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀਏਵੀ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਿਆ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦਾ ਪੜ੍ਹਾਕੂ ਤਾਂ ਨਹੀਂ ਸੀ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਉਰਦੂ ਜ਼ੁਬਾਨ ਵਿੱਚ ਉਸ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦਾ ਹੁੰਦਾ ਸੀ।

1921 ‘ਚ ਭਗਤ ਸਿੰਘ ਨੇ ਆਪਣੀ ਦਸਵੀਂ ਕਲਾਸ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ ‘ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ‘ਚ ਲਾਹੌਰ ਵਿਖੇ ਦੇਸ਼ ਭਗਤਾਂ ਦੁਆਰਾ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ‘ਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਪਹਿਲੇ ਸਾਲ ‘ਚ ਦਾਖਲਾ ਮਿਲ ਗਿਆ। ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ (1919) ਦਾ ਸਰਦਾਰ ਭਗਤ ਸਿੰਘ ਦੇ ਮਨ ’ਤੇ ਬਹੁਤ ਡੂੰਘਾ ਅਸਰ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਗਏ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ।

ਇਸ ਘਟਨਾ ਨੇ ਉਨ੍ਹਾਂ ਦੇ ਮਨ ‘ਚ ਅੰਗਰੇਜ਼ਾਂ ਦੇ ਪ੍ਰਤੀ ਨਫਰਤ ਭਰ ਦਿੱਤੀ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਨਾਮਿਲਵਰਤਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਭਗਤ ਸਿੰਘ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਤੋਂ ਨਿਰਾਸ਼ ਹੋ ਗਿਆ। ਭਗਤ ਸਿੰਘ ਨੇ ਨੌਜਵਾਨ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੁੰਦਿਆਂ ਭਾਰਤ ਵਿੱਚੋਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।

1923 ‘ਚ ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ ‘ਤੇ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲੇ ਗਏ। ਅਸਲ ‘ਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਚਾਹੁੰਦੇ ਸਨ। ਇੱਕ ਚਿੱਠੀ ਵਿਚ, ਜੋ ਉਹ ਪਿੱਛੇ ਛੱਡ ਗਿਆ ਸੀ, ਉਸ ਵਿੱਚ ਉਸ ਨੇ ਲਿਖਿਆ: ‘‘ਮੇਰਾ ਜੀਵਨ ਸਭ ਤੋਂ ਉੱਤਮ ਕਾਰਨ, ਦੇਸ਼ ਦੀ ਆਜ਼ਾਦੀ, ਲਈ ਸਮਰਪਿਤ ਹੋ ਗਿਆ ਹੈ, ਇਸ ਲਈ, ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀਆਂ। ’’

ਕਾਨਪੁਰ ‘ਚ ਭਗਤ ਸਿੰਘ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁਝ ਦੇਰ ਪ੍ਰਤਾਪ ਪ੍ਰੈੱਸ ‘ਚ ਕੰਮ ਕੀਤਾ। 13 ਮਾਰਚ 1926 ਵਿੱਚ ਨੌਜਵਾਨਾਂ ਦੇ ਸਮਾਜਵਾਦੀ ਵਿਚਾਰਧਾਰਕ ਸੰਗਠਨ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਹੋਈ, ਜੋ ਕਿ ਇਨਕਲਾਬੀ ਗਤੀਵਿਧੀਆਂ ਲਈ ਇਕ ਖੁੱਲ੍ਹਾ ਮੰਚ ਸੀ। ਇਸ ਸਭਾ ‘ਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ। ਇਸ ਸਭਾ ਦੀ ਪਹਿਲੀ ਕਾਨਫਰੰਸ 11-12-13 ਅਪਰੈਲ 1928 ਨੂੰ ਹੋਈ।

ਉਹ ਹਿੰਦੁਸਤਾਨੀ ਰਿਪਬਲਿਕਨ ਐਸੋਸੀਏਸ਼ਨ (ਐਚਆਰਏ) ਵਿੱਚ ਵੀ ਸ਼ਾਮਲ ਹੋ ਗਿਆ, ਜਿਸ ਵਿੱਚ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕਉਲਾ ਖ਼ਾਨ ਪ੍ਰਮੁੱਖ ਲੀਡਰ ਸਨ। ਮਈ 1926 ਵਿੱਚ ਲਾਹੌਰ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਦੇ ਕਾਰਨ ਉਸ ਨੂੰ ਮਈ 1927 ਵਿੱਚ ਗ੍ਰਿਫਤਾਰ ਕਰ ਲਿਆ। ਉਸ ਨੂੰ ਗ੍ਰਿਫਤਾਰੀ ਤੋਂ ਪੰਜ ਹਫ਼ਤਿਆਂ ਬਾਅਦ 60 ਹਜ਼ਾਰ ਰੁਪਏ ਦੀ ਜ਼ਮਾਨਤ ‘ਤੇ ਰਿਹਾ ਕੀਤਾ ਗਿਆ।

ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ। ਕੁਝ ਭਾਰਤੀ ਸਿਆਸੀ ਪਾਰਟੀਆਂ ਨੇ ਕਮਿਸ਼ਨ ਦਾ ਬਾਈਕਾਟ ਕੀਤਾ ਕਿਉਂਕਿ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ। ਜਦੋਂ ਕਮਿਸ਼ਨ 30 ਅਕਤੂਬਰ 1928 ਨੂੰ ਲਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਭੀੜ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ, ਜਿਸ ਦੌਰਾਨ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ 17 ਨਵੰਬਰ 1928 ਨੂੰ ਮੌਤ ਹੋ ਗਈ।

ਭਗਤ ਸਿੰਘ ਐੱਚਆਰਏ ਦਾ ਇੱਕ ਪ੍ਰਮੁਖ ਮੈਂਬਰ ਸੀ ਅਤੇ 1928 ਵਿੱਚ ਇਸਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਕਰਨ ਲਈ ਸ਼ਾਇਦ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ। ਐਚਐਸਆਰਏ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਸਿੰਘ ਨੇ ਅੰਗਰੇਜ਼ ਅਫ਼ਸਰ ਸਕਾਟ ਨੂੰ ਮਾਰਨ ਲਈ ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਯੋਜਨਾ ਉਲੀਕੀ, ਹਾਲਾਂਕਿ, ਪਛਾਣਨ ਦੀ ਗਲਤੀ ਕਾਰਨ, ਉਨ੍ਹਾਂ ਨੇ ਜੋਹਨ ਪੀ ਸਾਂਡਰਸ, ਜੋ ਸਹਾਇਕ ਪੁਲੀਸ ਅਧਿਕਾਰੀ ਸੀ, ਨੂੰ ਗੋਲੀ ਮਾਰ ਦਿੱਤੀ ਜਦੋਂ ਉਹ 17 ਦਸੰਬਰ 1928 ਨੂੰ ਲਾਹੌਰ ਵਿਖੇ ਜਿਲ੍ਹਾ ਪੁਲੀਸ ਹੈੱਡਕੁਆਰਟਰ ਤੋਂ ਬਾਹਰ ਨਿਕਲ ਰਿਹਾ ਸੀ।

ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ‘ਚ ਨਹੀਂ ਸੀ। ਉਸਨੇ ਪਬਲਿਕ ਦੀ ਸੁਰੱਖਿਆ ਲਈ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੈਂਬਲੀ ‘ਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਸਰਦਾਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ ‘ਚ ਖਾਲੀ ਥਾਂ ਇਹ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ।

ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣਾ ਸੀ। ਇਨਕਬਾਲ ਜ਼ਿੰਦਾਬਾਦ ਦਾ ਨਾਅਰਾ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਅਰਾ ਬਣ ਗਿਆ।

ਸਾਂਡਰਸ ਕਤਲ ਦੇ ਕੇਸ ਦਾ ਮੁਕੱਦਮਾ 10 ਜੁਲਾਈ 1929 ਨੂੰ ਜੇਲ੍ਹ ‘ਚ ਹੀ ਵਿਸ਼ੇਸ਼ ਮੈਜਿਸਟ੍ਰੇਟ ਦੀ ਅਦਾਲਤ ‘ਚ ਸ਼ੁਰੂ ਕੀਤਾ ਗਿਆ। ਇਸ ਮਾਮਲੇ ‘ਚ 25 ਵਿਅਕਤੀ ਨਾਮਜ਼ਦ ਕੀਤੇ ਗਏ ਸਨ। ਇਨਕਲਾਬੀਆਂ ਨੇ ਇਸ ਮੁਕਦਮੇ ਪ੍ਰਤੀ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ। ਇੰਝ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਨ੍ਹਾਂ ਦਾ ਮਕਸਦ ਸਿਰਫ ਫਾਂਸੀ ਚੜਨ ਤੱਕ ਹੀ ਸੀਮਿਤ ਸੀ। ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਮਾਮਲੇ ਦੀ ਕਾਰਵਾਈ ਲਈ ਇਕ ਟ੍ਰਿਬਿਊਨਲ ਗਠਿਤ ਕੀਤੀ ਗਈ ਜਿਸ ਦੇ ਤਿੰਨ ਜੱਜ ਮੈਂਬਰ ਸਨ।

ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਥਾਪੜ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਜੇਲ੍ਹ ਵਿਚ ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ ‘ਚ ਪਿੰਜਰੇ ‘ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।

1930-31 ਵਿੱਚ ਜਦੋਂ ਜੇਲ੍ਹ ਵਿੱਚ ਭਗਤ ਸਿੰਘ ਦਾ ਸੰਪਰਕ ਇੱਕ ਸਾਥੀ ਕੈਦੀ ਰਣਧੀਰ ਸਿੰਘ ਅਤੇ ਇੱਕ ਸਿੱਖ ਨੇਤਾ ਨਾਲ ਹੋਇਆ ਜਿਸ ਨੇ ਬਾਅਦ ਵਿੱਚ ਅਖੰਡ ਕੀਰਤਨੀ ਜੱਥਾ ਸਥਾਪਿਤ ਕੀਤਾ। ਭਗਤ ਸਿੰਘ ਦੇ ਨਜ਼ਦੀਕੀ ਸਾਥੀ ਸ਼ਿਵ ਵਰਮਾ ਅਨੁਸਾਰ, ਜਿਸ ਨੇ ਬਾਅਦ ਵਿੱਚ ਲਿਖਤਾਂ ਨੂੰ ਸੰਗਠਿਤ ਅਤੇ ਸੰਪਾਦਿਤ ਕੀਤਾ, ਰਣਧੀਰ ਸਿੰਘ ਨੇ ਭਗਤ ਸਿੰਘ ਨੂੰ ਪਰਮਾਤਮਾ ਦੀ ਹੋਂਦ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਹੋਣ ‘ਤੇ ਉਸਦੀ ਆਲੋਚਨਾ ਕੀਤੀ: “ਤੂੰ ਮਸ਼ਹੂਰ ਹੈਂ ਅਤੇ ਤੇਰੇ ਅੰਦਰ ਹਉਮੈ ਹੈ ਜੋ ਤੇਰੇ ਅਤੇ ਰੱਬ ਦੇ ਵਿਚਕਾਰ ਇੱਕ ਕਾਲੇ ਪਰਦੇ ਵਾਂਗ ਹੈ”।

ਇਸਦੇ ਜਵਾਬ ਵਿਚ ਭਗਤ ਸਿੰਘ ਨੇ ‘ਮੈਂ ਨਾਸਤਿਕ ਕਿਉਂ ਹਾਂ’ ਲੇਖ ਲਿਖਿਆ ਕਿ ਉਸਦੀ ਨਾਸਤਿਕਤਾ ਘੁਮੰਡ ਤੋਂ ਪੈਦਾ ਨਹੀਂ ਹੋਈ। ਇਸ ਲੇਖ ਵਿੱਚ ਉਸ ਨੇ ਆਪਣੇ ਵਿਸ਼ਵਾਸਾਂ ਬਾਰੇ ਲਿਖਿਆ ਅਤੇ ਕਿਹਾ ਕਿ ਉਹ ਸਰਬ ਸ਼ਕਤੀਮਾਨ ਵਿੱਚ ਦ੍ਰਿੜ ਵਿਸ਼ਵਾਸੀ ਸੀ, ਪਰ ਉਹ ਦੂਸਰਿਆਂ ਵਾਂਗ ਮਿੱਥ ਅਤੇ ਕਲਪਨਾਵਾਂ ’ਤੇ ਵਿਸ਼ਵਾਸ ਨਹੀਂ ਕਰ ਸਕਦਾ। ਫਾਂਸੀ ਤੋਂ ਕੁਝ ਸਮਾਂ ਪਹਿਲਾਂ ਵੀ ਉਸ ਨੇ ਇਹ ਕਹਿੰਦਿਆਂ ਰੱਬ ਦਾ ਨਾਂ ਜੱਪਣ ਤੋਂ  ਨਾਂਹ ਕਰ ਦਿੱਤੀ ਕਿ: “ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਰੱਬ ਨੂੰ ਯਾਦ ਨਹੀਂ ਕੀਤਾ। ਅਸਲ ਵਿੱਚ ਮੈਂ ਕਈ ਵਾਰ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਕੋਸਿਆ ਹੈ। ਜੇ ਹੁਣ ਮੈਂ ਉਸ ਕੋਲੋਂ ਮੁਆਫ਼ੀ ਮੰਗਾਂ ਤਾਂ ਉਹ ਕਹਿਣਗੇ ਕਿ ਇਸ ਤੋਂ ਵੱਡਾ ਡਰਪੋਕ ਕੋਈ ਨਹੀਂ ਹੈ। ਇਸ ਦਾ ਅੰਤ ਨੇੜੇ ਹੈ, ਇਸ ਲਈ ਮੁਆਫ਼ੀ ਮੰਗਣ ਆਇਆ ਹੈ।”

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਪਰ ਲੋਕਾਂ ਦੀ ਭੀੜ 23 ਮਾਰਚ ਸਵੇਰ ਤੋਂ ਜੇਲ੍ਹ ਦੀ ਗੇਟ ਦੇ ਬਾਹਰ ਇਕੱਠੀ ਹੋਣ ਲੱਗੀ। ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ 23 ਮਾਰਚ, 1931 ਨੂੰ ਸ਼ਾਮ 7.30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾ ਲਈ।

ਜਦੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਣ ਲਈ ਪੁਲੀਸ ਕਰਮਚਾਰੀ ਆਏ ਤਾਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਭਗਤ ਸਿੰਘ ਨੇ ਕਿਹਾ ‘ਰੁਕੋ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਕਰ ਰਿਹਾ ਹੈ।’ ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲੀਸ ਮੁਲਾਜ਼ਮਾਂ ਨਾਲ ਤੁਰ ਪਏ।

ਕਿਤਾਬ ਦਾ ਮੁੜਿਆ ਹੋਇਆ ਪੰਨਾਂ ਸ਼ਾਇਦ ਕਹਿ ਰਿਹਾ ਸੀ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ। ਕੁਝ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਫਾਂਸੀ ਦੇਣ ਲਈ ਜੱਲਾਦ ਨੂੰ ਲਾਹੌਰ ਨੇੜਿਓਂ ਸ਼ਾਹਦਰਾ ਤੋਂ ਬੁਲਾਇਆ ਗਿਆ ਸੀ।

ਪਹਿਲਾ ਯੋਜਨਾ ਸੀ ਕਿ ਇਨ੍ਹਾਂ ਦੀ ਅੰਤਮ ਸੰਸਕਾਰ ਜੇਲ੍ਹ ‘ਚ ਹੀ ਕਰ ਦਿੱਤਾ ਜਾਵੇਗਾ ਪਰ ਜਦੋਂ ਅਧਿਕਾਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਜੇਲ੍ਹ ‘ਚੋਂ ਧੂੰਆਂ ਨਿਕਲਦਾ ਦੇਖ ਕੇ ਬਾਹਰ ਖੜ੍ਹੀ ਭੀੜ ਜੇਲ੍ਹ ‘ਤੇ ਹਮਲਾ ਕਰ ਸਕਦੀ ਹੈ ਤਾਂ ਉਨ੍ਹਾਂ ਨੂੰ ਇਹ ਵਿਚਾਰ ਛੱਡਣਾ ਪਿਆ। ਇਸ ਲਈ ਜੇਲ੍ਹ ਦੀ ਪਿਛਲੀ ਕੰਧ ਤੋੜੀ ਗਈ ਅਤੇ ਇੱਕ ਟਰੱਕ ਜੇਲ੍ਹ ਦੇ ਅੰਦਰ ਲਿਆਂਦਾ ਗਿਆ ਅਤੇ ਉਸ ‘ਤੇ ਤਿੰਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਲੱਦਿਆ ਗਿਆ।

ਪਹਿਲਾਂ ਤੈਅ ਹੋਇਆ ਕਿ ਸਸਕਾਰ ਲਾਹੌਰ ਲਾਗਿਉਂ ਵਹਿੰਦੇ ਦਰਿਆ ਰਾਵੀ ਦੇ ਕੰਢੇ ਕੀਤਾ ਜਾਵੇ, ਪਰ ਰਾਵੀ ‘ਚ ਪਾਣੀ ਬਹੁਤ ਘੱਟ ਸੀ, ਇਸ ਕਰਕੇ ਸਸਕਾਰ ਲਈ ਲਾਹੌਰ ਤੋਂ ਕੁਝ ਦੂਰ ਵਗਦੇ ਸਤਲੁਜ ਦਾ ਕੰਢਾ (ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੁਸੈਨੀਵਾਲਾ ਨੇੜੇ) ਚੁਣਿਆ ਗਿਆ।

ਰਵਨਜੋਤ ਕੌਰ ਸਿੱਧੂ ਰਾਵੀ
ਪਿੰਡ ਜੱਬੋਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਸੰਪਰਕ: 82830-66125

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments