Thursday, May 16, 2024
No menu items!
HomeOpinionCommunal fascist forces: ਪੰਜਾਬ ਦੀਆਂ ਸ਼ਾਨਦਾਰ ਰਿਵਾਇਤਾਂ ਤੇ ਪਹਿਰਾ ਦਿੰਦੇ ਹੋਏ ਫਿਰਕੂ...

Communal fascist forces: ਪੰਜਾਬ ਦੀਆਂ ਸ਼ਾਨਦਾਰ ਰਿਵਾਇਤਾਂ ਤੇ ਪਹਿਰਾ ਦਿੰਦੇ ਹੋਏ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਲਕ ਤੋੜਵੀਂ ਦਿਓ ਹਾਰ

 

Communal fascist forces: ਅਪ੍ਰੈਲ ਦਾ ਮਹੀਨਾ ਜਿੱਥੇ ਮੌਸਮ ਦੀ ਤਬਦੀਲੀ ਅਤੇ ਲੰਬੀ ਗਰਮ ਰੁੱਤ ਦੇ ਆਗਮਨ ਅਤੇ ਹਾੜੀ ਦੀ ਫਸਲ ਦੇ ਰੂਪ ਵਿੱਚ ਸਾਲ ਭਰ ਦੇ ਖਾਣ ਲਈ ਅਨਾਜ ਆਉਣ ਨਾਲ ਜੁੜਿਆ ਹੋਇਆ ਹੈ, ਉੱਥੇ ਉਨਾਂ ਇਨਕਲਾਬੀ ਘਟਨਾਵਾਂ ਨਾਲ ਵੀ ਭਰਪੂਰ ਹੈ ਜਿੰਨਾਂ ਨੇ ਪੰਜਾਬ ਹੀ ਨਹੀਂ, ਸਾਰੇ ਦੇਸ਼ ਦੇ ਇਤਿਹਾਸ ਤੇ ਡੂੰਘੀ ਛਾਪ ਛੱਡੀ ਹੈ। ਵੈਸਾਖੀ ਜਾਂ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਅਪ੍ਰੈਲ ਵਿੱਚ ਹੀ ਆਉਂਦੀ ਹੈ ਜੋ ਇਸ ਖਿੱਤੇ ਦਾ ਵਿਸ਼ੇਸ਼ ਤਿਉਹਾਰ ਹੈ ਜੋ ਮੇਲੇ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਜਿਕਰਯੋਗ ਹੈ 1699 ਦੀ ਵਿਸਾਖੀ ਜਦੋਂ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਕਰੀਬ 50 ਹਜ਼ਾਰ ਦੀ ਸੰਗਤ ਦੀ ਹਾਜ਼ਰੀ ਵਿੱਚ ਖਾਲਸਾ ਪੰਥ ਦੀ ਨੀਂਹ ਰੱਖ ਕੇ ਇਕ ਸਮਾਜਿਕ ਅਤੇ ਰਾਜਨੀਤਕ ਇਨਕਲਾਬ ਦਾ ਬਿਗੁਲ ਵਜਾਇਆ ਸੀ। ਇਸ ਪਿੱਛੇ ਗੁਰੂ ਸਾਹਿਬ ਦੀ ਕੀ ਸੋਚ ਅਤੇ ਸੁਪਨੇ ਕੰਮ ਕਰ ਰਹੇ ਸਨ ਅਤੇ ਇਸ ਦੀ ਕਿੰਨੀ ਵੱਡੀ ਕੀਮਤ ਉਨਾਂ ਨੂੰ ਸਰਬੰਸ ਵਾਰਣ ਦੇ ਰੂਪ ਵਿੱਚ ਤਾਰਣੀ ਪਈ, ਉਹ ਸੁਪਨੇ ਅਜੇ ਵੀ ਅਧੂਰੇ ਹਨ। ਨਾ ਦੇਸ਼ ਵਿੱਚੋਂ ਜਾਤੀਵਾਦ ਖ਼ਤਮ ਹੋਇਆ ਅਤੇ ਨਾ ਹੀ ਜੁਲਮ ਦਾ ਨਾਸ਼, ਪਰ ਗੁਰੂ ਸਾਹਿਬ ਦਾ ਹਕੂਮਤੀ ਜੁਲਮ ਵਿਰੁੱਧ ਲੜਣ ਅਤੇ ਬਰਾਬਰੀ ਵਾਲਾ ਸਮਾਜ ਸਥਾਪਿਤ ਕਰਨ ਦਾ ਮਿਸ਼ਨ ਸਵਾ ਤਿੰਨ ਸੌ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡਾ ਰਾਹ ਰੁਸ਼ਨਾ ਰਿਹਾ ਹੈ।

ਵਿਸਾਖੀ ਦੀ ਦੂਜੀ ਘਟਨਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਨਾਲ ਜੁੜੀ ਹੋਈ ਹੈ ਜਦੋਂ ਬਰਤਾਨਵੀ ਹਕੂਮਤ ਦੇ ਇਕ ਸਿਰਫਿਰੇ ਅਫ਼ਸਰ ਜਨਰਲ ਡਾਇਰ ਨੇ ਪੁਰ ਅਮਨ ਜਲਸੇ ‘ਚ ਬੈਠੇ ਸੈਂਕੜੇ ਬੇਗੁਨਾਹ ਭਾਰਤੀ ਨਾਗਰਿਕਾਂ ਨੂੰ ਗੋਲੀਆਂ ਦੀ ਵਾਛੜ ਕਰਕੇ ਸ਼ਹੀਦ ਕਰ ਦਿੱਤਾ ਸੀ।

1914-18 ਦੌਰਾਨ ਚਲੀ ਪਹਿਲੀ ਸੰਸਾਰ ਜੰਗ ਵਿੱਚ ਬਦੇਸ਼ੀ ਹਕੂਮਤ ਨੇ ਹਜ਼ਾਰਾਂ ਭਾਰਤੀ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਜਬਰਨ ਭਰਤੀ ਕਰਕੇ ਬੇਗਾਨੀਆਂ ਧਰਤੀਆਂ ਤੇ ਤੋਪਾਂ ਦਾ ਚਾਰਾ ਬਣਾ ਦਿੱਤਾ ਸੀ ਜਿਨਾਂ ਦੀਆਂ ਲਾਸ਼ਾਂ ਵੀ ਵਾਪਸ ਨਹੀਂ ਆਈਆਂ ਸਨ। ਕਾਂਗਰਸ ਸਮੇਤ ਦੇਸ਼ ਦੀ ਲੀਡਰਸ਼ਿਪ ਨੂੰ ਉਮੀਦ ਸੀ ਕਿ ਜੰਗ ਵਿੱਚ ਦਿੱਤੇ ਸਹਿਯੋਗ ਕਾਰਨ ਅੰਗ੍ਰੇਜ਼ੀ ਸਰਕਾਰ ਭਾਰਤੀਆਂ ਨੂੰ ਰਾਜ ਪ੍ਰਬੰਧ ਵਿੱਚ ਵਧੇਰੇ ਹਿੱਸੇਦਾਰੀ ਦੇਵੇਗੀ, ਪਰ ਹੋਇਆ ਇਸਦੇ ਉਲਟ। ਜੰਗ ਦੇ ਬਾਅਦ ਦੇਸ਼ ਵਿੱਚ ਅੰਤਾਂ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਬੇਚੈਨੀ ਦਾ ਮਾਹੌਲ ਸੀ। ਕਿਸਾਨੀ ਸੰਕਟ ਵਿੱਚ ਸੀ ਅਤੇ ਵੱਡੀ ਪੱਧਰ ਤੇ ਜ਼ਮੀਨਾਂ ਗਹਿਣੇ ਪਈਆਂ ਸਨ। ਜੰਗ ਵਿੱਚੋਂ ਜਿਊਂਦੇ ਮੁੜੇ ਫੌਜੀਆਂ ਵਿੱਚੋਂ ਬਹੁਤਿਆਂ ਨੂੰ ਜਖ਼ਮੀ ਜਾਂ ਮੈਡੀਕਲ ਅਣਫਿਟ ਕਰਕੇ ਘਰਾਂ ਨੂੰ ਤੋਰ ਦਿੱਤਾ ਗਿਆ ਸੀ ਜਿਸ ਕਾਰਨ ਮਾਹੌਲ ਵਿੱਚ ਕਸ਼ੀਦਗੀ ਸੀ।

ਇਸ ਵਧੀ ਹੋਈ ਚੇਤਨਾ ਅਤੇ ਬੇਚੈਨੀ ਨੂੰ ਦਬਾਉਣ ਦੀ ਮਨਸ਼ਾ ਤਹਿਤ ਗੋਰੀ ਹਕੂਮਤ ਨੇ ‘ਰੌਲਟ ਐਕਟ ‘ ਨਾਂ ਦਾ ਕਾਨੂੰਨ ਲਿਆਂਦਾ ਜਿਸ ਦੇ ਸ਼ਿਕੰਜੇ ਵਿਚ ਫਸੇ ਬੰਦੇ ਦੀ ਕੋਈ ਸੁਣਵਾਈ ਨਹੀਂ ਸੀ ਜਿਸ ਤਰਾਂ ਅਜਕਲ੍ਹ ਵੀ ਯੂਏਪੀਏ ਵਰਗੇ ਕਾਨੂੰਨ ਦੇ ਪੰਜੇ ਹੇਠ ਆਏ ਵਿਅਕਤੀ ਦੀ ਛੇਤੀ ਕੀਤੇ ਬੰਦ ਖਲਾਸੀ ਨਹੀਂ ਹੁੰਦੀ। ‘ਰੌਲਟ ਐਕਟ’ ਦੇ ਵਿਰੋਧ ਦਾ ਸਦਾ ਕਾਂਗਰਸ ਅਤੇ ਮਹਾਤਮਾ ਗਾਂਧੀ ਨੇ ਮਾਰਚ 1919 ਵਿੱਚ ਹੀ ਦਿੱਤਾ ਸੀ ਜਿਸ ਦੇ ਚਲਦੇ ਦੇਸ਼ ਭਰ ਵਿੱਚ ਜਲਸੇ ਜਲੂਸ ਕੱਢੇ ਜਾ ਰਹੇ ਸਨ ਪਰ ਉਨਾਂ ਵਿੱਚ ਉਹ ਤੀਬਰਤਾ ਅਤੇ ਵੇਗ ਨਹੀਂ ਸੀ ਜੋ ਪੰਜਾਬ ਦੇ ਲਾਇਲਪੁਰ, ਗੁੱਜਰਾਂਵਾਲਾ, ਲਾਹੌਰ ਅਤੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਵੇਖਿਆ ਗਿਆ। ਇੱਥੇ ਵੀਹ ਹਜ਼ਾਰ ਤੋਂ ਲੈ ਕੇ ਪੰਜਾਹ ਹਜ਼ਾਰ ਦੇ ਇਕੱਠ ਹੋਏ ਦੱਸੇ ਜਾਂਦੇ ਹਨ। ਜਲਿਆਂਵਾਲੇ ਦੇ ਖੂਨੀ ਸਾਕੇ ਦੇ ਵਿਸਥਾਰ ਵਿੱਚ ਬਹੁਤਾ ਨਾ ਜਾ ਕੇ ਇੱਕ ਤੱਥ ਕਾਬਿਲੇ ਗੌਰ ਹੈ ਕਿ 9 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਹਿੰਦੂ- ਮੁਸਲਿਮ ਭਾਈਚਾਰੇ ਨੇ ਰਾਮਨੌਮੀ ਦਾ ਤਿਉਹਾਰ ਮਿਲ ਜੁਲ ਕੇ ਮਨਾਇਆ ਅਤੇ ਸਾਂਝਾ ਧਾਰਮਿਕ ਜਲੂਸ ਕੱਢਿਆ ਜਿਸਦੀ ਰਿਪੋਰਟ ਇਕ ਖੁਫ਼ੀਆ ਪੁਲਿਸ ਅਧਿਕਾਰੀ ਨੇ ਲਾਹੌਰ ਬੈਠੇ ਗਵਰਨਰ ਮਾਈਕਲ ਓਡਵਾਇਰ ਨੂੰ ਭੇਜੀ। ਅਗਲੇ ਹੀ ਦਿਨ ਅੰਮ੍ਰਿਤਸਰ ਦੇ ਦੋਹੇਂ ਵੱਡੇ ਦੇਸ਼ ਭਗਤ ਆਗੂਆਂ ਡਾ ਸਤਿਆਪਾਲ ਅਤੇ ਡਾ ਸੈਫੂਦੀਨ ਕਿਚਲੂ ਨੂੰ ਡੀਸੀ ਵੱਲੋਂ ਗੱਲਬਾਤ ਕਰਨ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰ ਕੇ ਸ਼ਹਿਰ ਬਦਰ ਕਰ ਦਿੱਤਾ ਜਿਸ ਤੋਂ ਮਾੜੀਆਂ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਜਿਸ ਦਾ ਅੰਤ ਵੱਡੇ ਦੁਖਾਂਤ ਦੇ ਰੂਪ ਵਿੱਚ ਸਾਹਮਣੇ ਆਇਆ।

ਜਲਿਆਂਵਾਲੇ ਬਾਗ ਦੇ ਖੂਨੀ ਕਾਂਡ ਨਾਲ ਜਿੱਥੇ ਬਦੇਸ਼ੀ ਹਕੂਮਤ ਦਾ ਜ਼ਾਲਿਮ ਚਿਹਰਾ ਬੇਨਕਾਬ ਹੋਇਆ, ਉੱਥੇ ਇਸ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕੀਤੀ। ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ ਅੰਗ੍ਰੇਜ ਸਰਕਾਰ ਵੱਲੋਂ ਦਿੱਤਾ ‘ਸਰ’ ਦਾ ਖਿਤਾਬ ਵਾਪਿਸ ਕਰ ਦਿੱਤਾ ਤਾਂ ਸੱਤਵੀਂ ਜਮਾਤ ਵਿੱਚ ਪੜ੍ਹ ਰਿਹਾ ਭਗਤ ਸਿੰਘ ਜਲਿਆਂਵਾਲਾ ਬਾਗ ਦੀ ਮਿੱਟੀ ਇੱਕ ਸ਼ੀਸ਼ੀ ‘ਚ ਭਰ ਕੇ ਲੈ ਆਇਆ। ਸ਼ਹੀਦਾਂ ਦੇ ਖੂਨ ਨਾਲ ਭਿਜੀ ਇਸ ਮਿੱਟੀ ਦਾ ਹੀ ਅਸਰ ਸੀ ਜੋ ਉਸਨੇ 10 ਸਾਲ ਬਾਅਦ ਆਪਣੀ ਪਾਰਟੀ ‘ਹਿੰਦੁਸਤਾਨ ਸਮਾਜਵਾਦੀ ਰਿਪਬਲਿਕਨ ਐਸੋਸੀਏਸ਼ਨ’ ਦੇ ਫੈਸਲੇ ਅਨੁਸਾਰ ਦੂਜੇ ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਸਮੇਤ 8 ਅਪ੍ਰੈਲ 1929 ਨੂੰ ਦਿੱਲੀ ਦੀ ਕੇਂਦਰੀ ਅਸੈਂਬਲੀ (ਪਾਰਲੀਮੈਂਟ) ਵਿੱਚ ਫੋਕੇ ਬੰਬ ਸੁੱਟ ਕੇ ਉੱਥੇ ਪੇਸ਼ ਹੋਣ ਜਾ ਰਹੇ ਦੋ ਕਾਲੇ ਕਾਨੂੰਨਾਂ ਖਿਲਾਫ਼ ਆਪਣਾ ਰੋਸ ਜਾਹਿਰ ਕਰਦੇ ਹੋਏ ਐਲਾਨ ਕੀਤਾ ਕਿ ਜਦੋਂ ਸਰਕਾਰਾਂ ਅਵਾਮ ਦੀ ਗੱਲ ਸੁਣਨ ਤੋਂ ਇਨਕਾਰੀ ਹੋ ਜਾਣ ਤਾਂ ਉਨਾਂ ਦੇ ਬੋਲੇ ਕੰਨਾਂ ਤੱਕ ਅਵਾਜ ਪਹੁੰਚਾਉਣ ਲਈ ਜੋਰਦਾਰ ਧਮਾਕੇ ਦੀ ਲੋੜ ਹੁੰਦੀ ਹੈ।

ਇਸ ਐਕਸ਼ਨ ਦੇ ਕਰੀਬ ਦੋ ਸਾਲ ਬਾਅਦ ਭਗਤ ਸਿੰਘ ਨੂੰ ਸਾਂਡਰਸ ਕਤਲ ਕੇਸ ਵਿੱਚ ਰਾਜਗੁਰੂ ਅਤੇ ਸੁਖਦੇਵ ਸਮੇਤ ਫ਼ਾਂਸੀ ਦੇ ਦਿੱਤੀ ਗਈ, ਦੇਸ਼ ਨੂੰ ਰਾਜਨੀਤਕ ਅਜ਼ਾਦੀ ਵੀ ਮਿਲ ਗਈ ਅਤੇ ਉਸ ਵਕਤ ਸਭ ਵੰਨਗੀਆਂ ਦੀਆਂ ਫਿਰਕੂ ਸ਼ਕਤੀਆਂ ਅਤੇ ਗੋਰੀ ਹਕੂਮਤ ਦੇ ਚੰਦਰੇ ਇਰਾਦਿਆਂ ਦੀ ਬਦੌਲਤ ਦੇਸ਼ ਨੂੰ ਭਿਆਨਕ ਵੰਡ ਦੀ ਤ੍ਰਾਸਦੀ ਵਿੱਚੋਂ ਲੰਘਣਾ ਪਿਆ, ਪਰ ਭਗਤ ਸਿੰਘ ਦੇ ਵਿਚਾਰਾਂ ਦੀ ਬਿਜਲੀ ਦਾ ਕਰੰਟ ਅਜ ਵੀ ਨੌਜਵਾਨਾਂ ਦੇ ਦਿਲਾਂ ਨੂੰ ਹਲੂਣ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਸਾਲ 13 ਦਸੰਬਰ ਨੂੰ ਨਵੇਂ ਸੰਸਦ ਭਵਨ ਵਿੱਚ ‘ਸੁਰੱਖਿਆ ਨੂੰ ਸੰਨ੍ਹ’ ਕਾਂਡ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੇ ਬੇਰੁਜ਼ਗਾਰੀ ਅਤੇ ਤਾਨਾਸ਼ਾਹੀ ਵਿਰੁੱਧ ਦੇਸ਼ ਵਾਸੀਆਂ ਦਾ ਧਿਆਨ ਖਿੱਚਣ ਲਈ ਭਗਤ ਸਿੰਘ ਅਤੇ ਬੀ ਕੇ ਦੱਤ ਵਰਗਾ ਐਕਸ਼ਨ ਦੁਹਰਾਉਣ ਦੀ ਹਿੰਮਤ ਕੀਤੀ। ਇਨਾਂ ਨੌਜਵਾਨਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਪਰ ਉਨਾਂ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤੇ ਜਾਣ ਦੀਆਂ ਖਬਰਾਂ ਅਦਾਲਤ ਵਿੱਚ ਪੇਸ਼ੀ ਸਮੇਂ ਸਾਹਮਣੇ ਆਈਆਂ ਹਨ। ਸਾਫ ਹੈ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨੇ ਅਜ਼ਾਦੀ ਦੇ 75 ਸਾਲ ਬਾਅਦ ਅਖੌਤੀ ਅੰਮ੍ਰਿਤ ਕਾਲ ਦੇ ਬਾਵਜੂਦ ਵੀ ਅਧੂਰੇ ਹਨ ਜਿਨਾ ਦੀ ਪੂਰਤੀ ਲਈ ਸਮੇ ਸਮੇ ਤੇ ਨੌਜਵਾਨਾਂ ਦੇ ਨਵੇਂ ਚਿਹਰੇ ਸਾਹਮਣੇ ਆਉਂਦੇ ਰਹਿਣੇ ਹਨ।

14 ਅਪ੍ਰੈਲ ਨੂੰ ਹੀ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਵਜੋਂ ਜਾਣੇ ਜਾਂਦੇ ਡਾ ਭੀਮ ਰਾਓ ਅੰਬੇਦਕਰ ਜੀ ਦੀ ਜੈਯੰਤੀ ਹੈ ਜਿਨਾਂ ਦੀ ਤਸਵੀਰ ਅਜਕਲ੍ਹ ਪੰਜਾਬ ਸਰਕਾਰ ਦੇ ਦਫ਼ਤਰਾਂ ਅਤੇ ਸਮਾਗਮਾਂ ਵਿੱਚ ਸ ਭਗਤ ਸਿੰਘ ਦੇ ਨਾਲ ਲਗੀ ਆਮ ਵੇਖੀ ਜਾਂਦੀ ਹੈ, ਦੇਸ਼ ਦੀ ਪਾਰਲੀਮੈਂਟ ਅਤੇ ਹੋਰ ਅਨੇਕ ਥਾਵਾਂ ਤੇ ਉਨਾਂ ਦੇ ਬੁੱਤ ਵੀ ਲਗਾਏ ਗਏ ਹਨ, ਪਰ ਇਹ ਗੱਲ ਵੀ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਉਨਾਂ ਦੀ ਦੇਣ ਭਾਰਤੀ ਸੰਵਿਧਾਨ ਨੂੰ ਅਤੇ ਸੰਵਿਧਾਨ ਦੁਆਰਾ ਸਥਾਪਿਤ ਆਦਰਸ਼ਾਂ- ਸਮਾਨਤਾ, ਸੁਤੰਤਤਾ, ਭਾਈਚਾਰਾ, ਲੋਕਤੰਤਰ, ਧਰਮ ਨਿਰਪੱਖਤਾ, ਸਭ ਲਈ ਨਿਆਂ – ਨੂੰ ਜਿੰਨੀ ਵੱਡੀ ਚੁਣੌਤੀ ਕੇਂਦਰੀ ਸਤਾ ਤੇ ਕਾਬਿਜ ਜਮਾਤ ਵੱਲੋਂ ਅਜਕਲ੍ਹ ਹੈ, ਇਹ ਪਹਿਲਾਂ ਕਦੇ ਵੀ ਨਹੀਂ ਸੀ।

ਜਿਵੇਂ -ਜਿਵੇਂ ਮੌਸਮ ਵਿੱਚ ਗਰਮੀ ਵਧ ਰਹੀ ਹੈ, 2024 ਦੀਆਂ ਲੋਕ ਸਭਾ ਚੋਣਾਂ ਦੇ ਸੰਗਰਾਮ ਦੀ ਤਪਸ਼ ਵੀ ਵਧ ਰਹੀ ਹੈ। ਮਾਣਯੋਗ ਸੁਪਰੀਮ ਕੋਰਟ ਦੇ ਦਖ਼ਲ ਕਾਰਨ ਪਿਛਲੇ ਦਿਨੀ ਸਾਹਮਣੇ ਆਏ ‘ਚੋਣ ਬਾਂਡ ਘੁਟਾਲੇ’ ਨੇ ਹਾਕਮ ਫਿਰਕੂ ਲਾਣੇ ਦੀ ਕਰਤੂਤ ਜਗ ਜਾਹਿਰ ਕਰ ਦਿੱਤੀ ਹੈ ਕਿ ਕਿਵੇਂ ਫਿਰੌਤੀ ਵਸੂਲਣ ਵਾਲੇ ਮੁਜ਼ਰਮਾਂ ਵਾਂਗ ਵਖ-ਵਖ ਕੰਪਨੀਆਂ ਨੂੰ ਸਰਕਾਰੀ ਜਾਂਚ ਏਜੰਸੀਆਂ ਦਾ ਡਰ ਵਿਖਾ ਕੇ ਅਤੇ ਛਾਪੇ ਮਰਵਾ ਕੇ ਕਰੋੜਾਂ ਅਰਬਾਂ ਰੁਪਏ ਦੀ ਉਗਰਾਹੀ ਕੀਤੀ ਗਈ ਹੈ। ਇੱਥੋਂ ਤੱਕ ਕਿ ਕਰੋਨਾ ਮਹਾਮਾਰੀ ਨੂੰ ਵੀ ‘ਮੁਸੀਬਤ ਵਿਚ ਲੁੱਟ ਦੇ ਮੌਕੇ’ ਵਜੋਂ ਵਰਤਿਆ ਗਿਆ ਲੋਕਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਉਨਾਂ ਕੰਪਨੀਆਂ ਨੂੰ ਵੀ ਅਰਬਾਂ ਰੁਪਏ ਦੇ ਆਰਡਰ ਦਿੱਤੇ ਗਏ ਜਿਨਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ ਹੋਏ ਸਨ। ਪਹਿਲਾਂ 2019 ਦੇ ਪੁਲਵਾਮਾ ਕਾਂਡ ਦੀ ਸੱਚਾਈ ਜੰਮੂ-ਕਸ਼ਮੀਰ ਦੇ ਤਤਕਾਲੀਨ ਗਵਰਨਰ ਸਤਿਆਪਾਲ ਮਲਿਕ ਨੇ ਉਜਾਗਰ ਕਰ ਦਿੱਤੀ ਸੀ, ਹੁਣ ਮੋਦੀ ਸਰਕਾਰ ਦੀ ਖਜ਼ਾਨਾ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਦੇ ਅਰਥ ਸ਼ਾਸਤਰੀ ਪਤੀ ਦੇਵ ਪਰਕਲਾ ਪ੍ਰਭਾਕਰ ਨੇ ਸਾਰੀ ਗੱਲ ਸਿਰੇ ਲਗਾ ਦਿੱਤੀ ਜਦੋਂ ਉਸਨੇ ਕਹਿ ਦਿੱਤਾ ਕਿ ਚੋਣ ਬਾਂਡ ਘੁਟਾਲਾ ਸਿਰਫ਼ ਭਾਰਤ ਦਾ ਹੀ ਨਹੀਂ, ਸਗੋਂ ਸਾਰੇ ਸੰਸਾਰ ਦਾ ਸਭ ਤੋਂ ਵੱਡਾ ਘੁਟਾਲਾ ਹੈ। ਇਸ ਤੋਂ ਅੱਗੇ ਜਾ ਕੇ ਇਨਾਂ ਇਹ ਕਹਿਣ ਵਿੱਚ ਵੀ ਕੋਈ ਹਿਚਕਚਾਹਟ ਨਹੀ ਵਿਖਾਈ ਕਿ ਜੇ ਤੀਜੀ ਵਾਰ ਵੀ ਭਾਜਪਾ ਸਤਾ ਤੇ ਕਾਬਜ ਹੋ ਜਾਂਦੀ ਹੈ ਤਾਂ ਦੇਸ਼ ਦਾ ਇਹ ਭੂਗੋਲ ਨਹੀਂ ਰਹੇਗਾ ਅਤੇ ਮਨੀਪੁਰ ਵਰਗੇ ਭਿਆਨਕ ਹਾਲਾਤ ਸਾਰੇ ਦੇਸ਼ ਵਿੱਚ ਵੇਖਣ ਨੂੰ ਮਿਲਣਗੇ।

11 ਅਪ੍ਰੈਲ ਨੂੰ ਮੁਸਲਮਾਨ ਭਾਈਚਾਰੇ ਦਾ ਵੱਡਾ ਤਿਉਹਾਰ ਈਦ-ਉਲ-ਫਿਤਰ ਸੁਖਸਾਂਦ ਨਾਲ ਲੰਘ ਗਿਆ ਹੈ, ਹੁਣ 17 ਅਪ੍ਰੈਲ ਨੂੰ ਹਿੰਦੂ ਧਰਮ ਦਾ ਵੱਡਾ ਤਿਉਹਾਰ ਰਾਮ ਨੌਮੀ ਆ ਰਿਹਾ ਹੈ। ਪਿਛਲੇ ਤਜ਼ਰਬੇ ਤੋਂ ਸ਼ੰਕਾ ਹੈ ਕਿ ਜਦੋਂ ਚੋਣਾਂ ਕਾਰਨ ਦੇਸ਼ ਦੀ ਕਿਸਮਤ ਦਾ ਫੈਸਲਾ ਹੋਣ ਵਾਲਾ ਹੋਵੇ, ਫਿਰਕੂ ਲਾਣਾ ਇਨਾਂ ਪਵਿੱਤਰ ਤਿਉਹਾਰਾਂ ਨੂੰ ਵੀ ਦੰਗੇ ਭੜਕਾਉਣ ਅਤੇ ਫਿਰਕੂ ਧਰੁਵੀਕਰਨ ਵਧਾਉਣ ਲਈ ਵਰਤਣ ਤੋਂ ਬਾਜ ਨਹੀਂ ਆਉਂਦਾ। ਜਿਹੜੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਦੇ ਮੋਢਿਆਂ ਤੇ ਸਵਾਰ ਹੋ ਕੇ ਪੰਜਾਬ ਵਿੱਚ ਲੋਕ ਸਭਾ ਦੀਆਂ ਮਸਾਂ ਦੋ ਕੁ ਸੀਟਾਂ ਹੀ ਲੈ ਜਾਂਦੀ ਸੀ, ਧਨ ਬਲ ਅਤੇ ਏਜੰਸੀਆਂ ਦੀ ਦੁਰਵਰਤੋਂ ਕਰਕੇ ਅੱਜ ਉਹ ਡਰਾ ਧਮਕਾ ਕੇ ਹਰ ਪਾਰਟੀ ਦੇ ਮੌਜੂਦਾ ਸੰਸਦ ਮੈੰਬਰਾਂ ਦੀ ਦਲ ਬਦਲੀ ਕਰਵਾ ਰਹੀ ਹੈ ਅਤੇ ਹਰ ਪਾਰਟੀ ਦੀ ਹੋਂਦ ਲਈ ਹੀ ਨਹੀਂ ਸਗੋਂ ਦੇਸ਼ ਦੇ ਲੋਕਤੰਤਰ ਲਈ ਵੀ ਖਤਰਾ ਬਣ ਚੁੱਕੀ ਹੈ।

ਦੇਸ਼ ਦੀਆਂ ਸਮੂਹ ਵਿਰੋਧੀ ਪਾਰਟੀਆਂ ਜੋ ‘ਇੰਡੀਆ ਗਠਜੋੜ’ ਵਿੱਚ ਸ਼ਾਮਿਲ ਹਨ ਜਾਂ ਬਾਹਰ ਹਨ ਤੋਂ ਇਲਾਵਾ ਦੇਸ਼ ਦੇ ਸਮੂਹ ਜਥੇਬੰਦ ਕਿਸਾਨ, ਮੁਲਾਜ਼ਮ ਅਤੇ ਮਜ਼ਦੂਰਾਂ ਲਈ ਹੁਣ ਇਮਤਿਹਾਨ ਦੀ ਘੜੀ ਹੈ ਕਿ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੇ ਸਾਥੀ ਲਕ ਬੰਨ੍ਹ ਕੇ ਮੁਕਾਬਲਾ ਕਰ ਰਹੇ ਹਨ, ਭਾਜਪਾ ਉਮੀਦਵਾਰਾਂ ਨੂੰ ਸਵਾਲ ਕਰ ਰਹੇ ਹਨ ਅਤੇ ਕਾਲੇ ਝੰਡੇ ਵਿਖਾ ਰਹੇ ਹਨ, ਉਸੇ ਤਰਾਂ ਤਕੜੇ ਮਨੋ ਬਲ ਨਾਲ ਮੈਦਾਨ ਵਿੱਚ ਆਉਣ। ਹਾਂ, ਜਿਨਾਂ ਨੇ ਪਾਪ ਕੀਤੇ ਹਨ, ਰਾਜਸੱਤਾ ਵਿਚ ਰਹਿੰਦੇ ਲੁੱਟ ਖਸੁੱਟ ਕੀਤੀ ਹੈ, ਉਹ ਆਪਣੇ ਕੁਕਰਮਾਂ ਦੀ ਕਾਲਖ ਧੋਣ ਲਈ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿੱਚ ਜਾਣ ਲਈ ਅਜ਼ਾਦ ਹਨ। ਲਕੀਰ ਖਿਚ ਕੇ ਲੜਣਾ ਪੈਣਾ ਹੈ, ਇਸ ਪਾਰ ਜਾਂ ਉਸ ਪਾਰ। ਦੁਚਿੱਤੀ ਅਤੇ ਅਵੇਸਲਾਪਨ ਦੀ ਕੋਈ ਗੁੰਜਾਇਸ਼ ਨਹੀਂ ਕਿਉਂਕਿ ਇਹ ਸਿਰਫ਼ ਕੁਰਸੀਆਂ ਜਾਂ ਸੀਟਾਂ ਜਿਤਣ ਦੀ ਲੜਾਈ ਨਹੀਂ, ਦੇਸ਼ ਨੂੰ ਫਿਰਕੂ ਫਾਸ਼ੀਵਾਦ ਦੇ ਭਿਆਨਕ ਜਬਾੜਿਆਂ ਵਿੱਚੋਂ ਸੁਰੱਖਿਅਤ ਬਚਾਅ ਕੇ ਲਿਆਉਣ ਵਾਲੀ ਅਜਾਦੀ ਦੀ ਦੂਜੀ ਲੜਾਈ ਹੈ। ਗੁਰੂਆਂ-ਪੀਰਾਂ ਦੇ ਨਾਂ ਤੇ ਵੱਸਦੇ ਅਤੇ ਭਗਤ ਸਰਾਭੇ ਊਧਮ ਸਿੰਘ ਤੇ ਸੁਖਦੇਵ ਦੇ ਵਾਰਿਸ ਕਹਾਉਂਦੇ ਪੰਜਾਬੀਆਂ ਲਈ ਇਹ ਚੁਣੌਤੀ ਹੈ ਕਿ ਫਿਰਕੂ ਸ਼ਕਤੀਆਂ ਦੀ ਇਸ ਯਲਗਾਰ ਨੂੰ ਲਕ ਤੋੜ ਹਾਰ ਦਿੱਤੀ ਜਾਵੇ।

ਅਸ਼ੋਕ ਕੌਸ਼ਲ
ਮੋਬਾਈਲ 94637 85848

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments