ਅਮਰੀਕਾ ‘ਚ ਦਰਦਨਾਕ ਘਟਨਾ! ਭਾਰਤੀ ਮੂਲ ਦੇ ਨੌਜਵਾਨ ‘ਤੇ ਮਾਂ ਅਤੇ ਛੋਟੇ ਭਰਾ ਦੇ ਕਤਲ ਦਾ ਦੋਸ਼
ਅਮਰੀਕਾ, 13 ਅਗਸਤ 2026- ਅਮਰੀਕਾ ਦੇ ਮੈਸਾਚੁਸਟਸ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਹੈਰਾਨਕੁਨ ਖ਼ਬਰ ਸਾਹਮਣੇ ਆਈ ਹੈ, ਜਿੱਥੇ 17 ਸਾਲਾ ਭਾਰਤੀ ਮੂਲ ਦੇ ਲੜਕੇ ਅਰਜੁਨ ਅਰਵਿੰਦ ‘ਤੇ ਆਪਣੇ ਹੀ ਘਰ ਵਿੱਚ ਮਾਂ ਸੁਧਾ ਵੈਂਕਟੇਸਨ (45) ਅਤੇ ਛੋਟੇ ਭਰਾ ਸਿਧਾਰਥ ਅਰਵਿੰਦ (14) ਦਾ ਬੇਰਹਿਮੀ ਨਾਲ ਕਤਲ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਘਟਨਾ ਬੋਸਟਨ ਤੋਂ ਲਗਭਗ 48 ਕਿਲੋਮੀਟਰ ਦੂਰ ਐਕਟਨ ਸਥਿਤ ਮਾਰਥਾ ਲੇਨ ਵਾਲੇ ਘਰ ਵਿੱਚ ਵਾਪਰੀ।
ਅਧਿਕਾਰੀਆਂ ਅਨੁਸਾਰ 11 ਅਗਸਤ ਦੀ ਸ਼ਾਮ ਨੂੰ ਅਰਜੁਨ ਦੇ ਪਿਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਪਾ ਰਹੇ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਘਰ ਦੇ ਅੰਦਰੋਂ ਦੋਵੇਂ ਜੀਅ ਮ੍ਰਿਤਕ ਮਿਲੇ। ਸਿਧਾਰਥ ਦੀ ਲਾਸ਼ ਪਹਿਲੀ ਮੰਜ਼ਿਲ ‘ਤੇ ਅਤੇ ਮਾਂ ਦੀ ਲਾਸ਼ ਬੇਸਮੈਂਟ ਵਿੱਚੋਂ ਬਰਾਮਦ ਹੋਈ। ਦੋਵਾਂ ਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ।
ਹਮਲੇ ਤੋਂ ਬਾਅਦ ਅਰਜੁਨ ਆਪਣੀ ਮਾਂ ਦੀ ਗੱਡੀ ਲੈ ਕੇ ਫ਼ਰਾਰ ਹੋ ਗਿਆ ਸੀ। ਵੇਲੈਂਡ ਪੁਲਿਸ ਨੇ ਬੁੱਧਵਾਰ ਤੜਕੇ ਇੱਕ ਪਾਰਕਿੰਗ ਲਾਟ ਤੋਂ ਉਸ ਨੂੰ ਵਾਹਨ ਸਮੇਤ ਕਾਬੂ ਕਰ ਲਿਆ। ਮਿਡਲਸੈਕਸ ਜ਼ਿਲ੍ਹਾ ਅਟਾਰਨੀ ਦਫ਼ਤਰ ਮੁਤਾਬਕ, ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਰਜੁਨ ਹਾਲ ਹੀ ਵਿੱਚ ਚਿੰਤਾਜਨਕ ਵਿਵਹਾਰ ਦਿਖਾ ਰਿਹਾ ਸੀ। ਉਹ ਇੰਟਰਨੈੱਟ ਅਤੇ ਚੈਟਜੀਪੀਟੀ (ChatGPT) ਦੀ ਵਰਤੋਂ ਆਪਣੇ ਹੀ ਪਰਿਵਾਰ ਨੂੰ ਮਾਰਨ ਸਬੰਧੀ ਕਲਪਨਾਵਾਂ ਅਤੇ ਤਰੀਕਿਆਂ ਦੀ ਭਾਲ ਕਰਨ ਲਈ ਕਰ ਰਿਹਾ ਸੀ।
ਅਰਜੁਨ ਨੂੰ ਪਹਿਲਾਂ ਲੋਵੈਲ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਪਰ ਕਿਉਂਕਿ ਨਾਬਾਲਗ ਅਦਾਲਤ ਕੋਲ ਕਤਲ ਦੇ ਗੰਭੀਰ ਮਾਮਲਿਆਂ ਦੀ ਸੁਣਵਾਈ ਦਾ ਅਧਿਕਾਰ ਖੇਤਰ ਨਹੀਂ ਹੈ, ਇਸ ਲਈ ਬਾਅਦ ਵਿੱਚ ਉਸ ‘ਤੇ ਕਾਨਕੋਰਡ ਡਿਸਟ੍ਰਿਕਟ ਕੋਰਟ ਵਿੱਚ ਬਾਲਗ ਵਜੋਂ ਕੇਸ ਚਲਾਇਆ ਜਾਵੇਗਾ। ਫਿਲਹਾਲ ਮੈਡੀਕਲ ਪ੍ਰੀਖਿਅਕ ਵੱਲੋਂ ਮੌਤ ਦੇ ਅਸਲ ਕਾਰਨਾਂ ਅਤੇ ਵਰਤੇ ਗਏ ਹਥਿਆਰ ਦੀ ਪੁਸ਼ਟੀ ਕਰਨ ਲਈ ਜਾਂਚ ਜਾਰੀ ਹੈ।















