ਜ਼ਹਿਰੀਲੀ ਸ਼ਰਾਬ ਨੇ ਮਚਾਇਆ ਕਹਿਰ: 11 ਲੋਕਾਂ ਦੀ ਮੌਤ, 10 ਤੋਂ ਵੱਧ ਦੀ ਹਾਲਤ ਨਾਜ਼ੁਕ
ਸਾਗਰ (ਮੱਧ ਪ੍ਰਦੇਸ਼), 7 ਸਤੰਬਰ 2026: ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਬੰਡਾ ਇਲਾਕੇ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ 10 ਤੋਂ ਵੱਧ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਬੀਤੀ ਰਾਤ ਸ਼ਰਾਬ ਪੀਣ ਤੋਂ ਬਾਅਦ ਕਈ ਲੋਕਾਂ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਕਈ ਮਰੀਜ਼ਾਂ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ, ਜ਼ਿਲ੍ਹਾ ਕਲੈਕਟਰ ਸਮੇਤ ਉੱਚ ਅਧਿਕਾਰੀ ਸਿਵਲ ਹਸਪਤਾਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਸ਼ੱਕੀ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਮਾਮਲੇ ਸਬੰਧੀ ਜਲਦ ਤੋਂ ਜਲਦ ਰਿਪੋਰਟ ਮੰਗੀ ਗਈ ਹੈ।
ਕਲੈਕਟਰ ਪ੍ਰਤਿਭਾ ਪਾਲ ਮੁਤਾਬਕ ਮ੍ਰਿਤਕ ਪਾਟਨ, ਗੂਗਰਾ, ਚੌਕਾ ਅਤੇ ਮਗਰਧਾ ਇਲਾਕਿਆਂ ਦੇ ਵਸਨੀਕ ਦੱਸੇ ਜਾ ਰਹੇ ਹਨ। ਬੀਤੀ ਰਾਤ ਬੜਾ ਸਿਵਲ ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਤੋਂ ਬਾਅਦ ਇੱਕ ਮਰੀਜ਼ ਇਲਾਜ ਲਈ ਪਹੁੰਚਣ ਲੱਗੇ। ਮਰੀਜ਼ਾਂ ਦੀ ਗਿਣਤੀ ਵਧਣ ’ਤੇ ਡਾਕਟਰਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਐਸਪੀ ਅਨੁਰਾਗ ਸੁਜਾਨੀਆ ਅਤੇ ਹੋਰ ਅਧਿਕਾਰੀ ਹਸਪਤਾਲ ਪਹੁੰਚੇ। ਉਸ ਸਮੇਂ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਹੋਰ ਮਰੀਜ਼ਾਂ ਦਾ ਇਲਾਜ ਜਾਰੀ ਸੀ।
ਪ੍ਰਸ਼ਾਸਨ ਮੁਤਾਬਕ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜੀ ਸੀ। ਮਰੀਜ਼ਾਂ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਕਾਰਨ ਸ਼ਰਾਬ ਨੂੰ ਮੌਤਾਂ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੌਤਾਂ ਦੇ ਅਸਲ ਕਾਰਨ ਦੀ ਪੁਸ਼ਟੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ਕਲੈਕਟਰ ਨੇ ਦੱਸਿਆ ਕਿ ਨੌਰਾਜ ਅਤੇ ਗੂਗਰਾ ਇਲਾਕਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਪ੍ਰਸ਼ਾਸਨ ਨੇ ਉਨ੍ਹਾਂ ਪਿੰਡਾਂ ਵਿੱਚ ਟੀਮਾਂ ਭੇਜ ਦਿੱਤੀਆਂ ਹਨ, ਜਿੱਥੋਂ ਪ੍ਰਭਾਵਿਤ ਲੋਕ ਹਸਪਤਾਲ ਪਹੁੰਚੇ ਹਨ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਚਾਰੇ ਪਿੰਡਾਂ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਉੱਥੇ ਪਹੁੰਚਣ ਵਾਲੀ ਸ਼ਰਾਬ ਦੀਆਂ ਖੇਪਾਂ ਨੂੰ ਜ਼ਬਤ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਲੋਕਾਂ ਨੂੰ ਫਿਲਹਾਲ ਸ਼ਰਾਬ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮਾਮਲੇ ਦਾ ਜਾਇਜ਼ਾ ਲੈਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਤਰਵੀਰ ਸਿੰਘ ਵੀ ਸਿਵਲ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਤੋਂ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਉਸ ਸ਼ਰਾਬ ਦੇ ਸੈਂਪਲ ਵੀ ਕਬਜ਼ੇ ਵਿੱਚ ਲਏ ਹਨ, ਜਿਸ ਨੂੰ ਪੀਣ ਤੋਂ ਬਾਅਦ ਲੋਕਾਂ ਦੀ ਸਿਹਤ ਵਿਗੜਨ ਦੀ ਗੱਲ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਵੀ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 13 ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਗੈਰ-ਕਾਨੂੰਨੀ ਸ਼ਰਾਬ ਵੇਚਣ ਦੇ ਦੋਸ਼ ਹੇਠ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗੁਜਰਾਤ ਵਿੱਚ ਸ਼ਰਾਬਬੰਦੀ ਲਾਗੂ ਹੋਣ ਦੇ ਬਾਵਜੂਦ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਦੀ ਵਿਕਰੀ ਦਾ ਮਾਮਲਾ ਸਾਹਮਣੇ ਆਇਆ ਸੀ।
















