1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
SIR ਦੇ ਨਾਮ ਉਪੱਰ ਲੱਖਾਂ ਵੋਟਰਾਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰ ਦੇਣਾ ਲੋਕਤੰਤਰ ਦੀ ਹੱਤਿਆ ਹੈ: ਆਗੂ
ਫਾਜ਼ਿਲਕਾ
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ ਵਿੱਖੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਸਿਆਸੀ ਕਾਰਕੁੰਨਾਂ ਤੇ ਹਵਾਲਾਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਾਲਜ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਮਤਾ ਲਾਧੂਕਾ ਅਤੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਰਤਨਪੁਰਾ, ਮੀਤ ਪ੍ਰਧਾਨ ਜਸਵਿੰਦਰ ਲਾਧੂਕਾ ਨੇ ਕਿਹਾ ਕਿ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਹੁਣ ਤਕ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਇਨ੍ਹਾਂ ਸਮਾਂ ਬੀਤ ਜਾਣ ਦੇ ਬਾਅਦ ਵੀ ਹੁਣ ਤਕ ਪੀੜਤਾਂ ਦੇ ਪਰਿਵਾਰਾਂ ਨੂੰ 42 ਸਾਲ ਬਾਅਦ ਵੀ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਜਦ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਾਰ ਵਾਰ ਕਾਂਗਰਸ ਨੂੰ ਸਿੱਖਾਂ ਦਾ ਦੋਸ਼ੀ ਐਲਾਨਿਆ ਜਾਂਦਾ ਹੈ ਪਰ ਅੱਜ ਭਾਜਪਾ ਵੀ ਬਿਲਕੁੱਲ ਉਸੇ ਲੀਹ ਤੇ ਚੱਲ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸਿਰਫ਼ 1984 ਹੀ ਨਹੀਂ ਇਸ ਤੋਂ ਬਾਅਦ ਗੁਜਰਾਤ ਦੇ ਦੰਗੇ, ਬਿਹਾਰ ਦੇ ਦੰਗੇ ਅਤੇ ਫਿਰ ਦਿੱਲੀ ਦੇ ਦੰਗੇ ਲਗਾਤਾਰ ਜਾਰੀ ਰਹੇ ਹਨ ਅਤੇ ਲਗਾਤਾਰ ਲੋਕ ਪੱਖੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਤਹਿਤ ਹੀ ਦਿੱਲੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਵੀ 6 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਈਆ ਹੈ ਤੇ ਸੁਪਰੀਮ ਕੋਰਟ ਉਮਰ ਖਾਲਿਦ ਦਾ ਕੋਈ ਦੋਸ਼ ਵੀ ਸਾਬਤ ਨਹੀਂ ਕਰ ਸਕੀ।
ਕੇਂਦਰ ਸਰਕਾਰ ਵੱਲੋਂ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਵਿਦਿਆਰਥੀਆਂ ਦੇ ਉੱਪਰ ਝੂਠੇ ਕੇਸ ਦਰਜ ਕਰਕੇ ਅਤੇ ਦੇਸ਼ ਧ੍ਰੋਹ ਤੇ ਯੂ ਏ ਪੀ ਏ (U.A.P.A)ਵਰਗੀਆਂ ਸੰਗੀਨ ਧਾਰਾਵਾਂ ਲਾ ਕੇ ਓਹਨਾਂ ਨੂੰ ਜੇਲ੍ਹਾਂ ਵਿੱਚ ਬਿਨਾਂ ਕਿਸੇ ਜੁਰਮ ਤੋਂ ਡੱਕਿਆ ਜਾ ਰਿਹਾ ਹੈ। ਇਹ ਦੇਸ਼ ਦੀ ਜਮਹੂਰੀਅਤ ਦਾ ਬਹੁਤ ਵੱਡਾ ਘਾਣ ਹੈ। ਕੇਂਦਰ ਸਰਕਾਰ ਲਗਾਤਾਰ ਵੱਧ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਆਪਣੀ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤੇ ਜਾ ਰਹੇ ਹਨ।
ਇਸ ਦੇ ਨਾਲ ਹੀ SIR ਦੇ ਨਾਮ ਉਪੱਰ ਲੱਖਾਂ ਵੋਟਰਾਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰ ਕੇ ਓਹਨਾਂ ਤੋਂ ਵੋਟ ਪਾਉਣ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ। ਜਿਸ ਖ਼ਿਲਾਫ਼ ਦੇਸ ਦੇ ਨੌਜਵਾਨ, ਵਿਦਿਆਰਥੀ ਸੰਘਰਸ਼ ਕਰ ਰਹੇ ਹਨ। ਪਰ ਕੇਂਦਰ ਸਰਕਰ ਓਹਨਾਂ ਦੀ ਗੱਲ ਸੁਣਨ ਦੀ ਬਜਾਏ ਓਹਨਾ ਨੌਜਵਾਨਾਂ ਵਿਦਿਆਰਥੀਆਂ ਉਪੱਰ ਜਬਰ ਢਾਹ ਰਹੀ ਹੈ। ਜੋਂ ਕਿ ਸਿੱਧਾ ਹੀ ਦੇਸ਼ ਦੇ ਲੋਕ ਤੰਤਰ ਦੀ ਹੱਤਿਆ ਹੈ।
ਅੰਤ ਆਗੂਆਂ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਅਤੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ।ਇਸ ਮੌਕੇ ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਸਾਜਨ ਸਿੰਘ, ਰਮਨਦੀਪ ਸਿੰਘ, ਗੈਵੀ, ਮਨਪ੍ਰੀਤ ਸਿੰਘ, ਸੁਨੀਲ ਸਿੰਘ, ਵਕੀਲ, ਰਮਨਦੀਪ ਕੌਰ, ਸੋਨੀਆ ਰਾਣੀ, ਸਰਬਜੀਤ ਕੌਰ, ਨੀਸ਼ੂ, ਕ੍ਰਿਸ਼ਨਾ,ਰਮਨ ਅਤੇ ਹੋਰ ਵੀ ਵਿਦਿਆਰਥੀ ਹਾਜ਼ਰ ਸਨ।
















