Punjab News: 8ਵੀਂ ਦੇ ਵਿਦਿਆਰਥੀ ਨੂੰ ਬਲੈਕਮੇਲ ਕਰਕੇ 50 ਲੱਖ ਦਾ ਸੋਨਾ ਅਤੇ 10 ਲੱਖ ਦੀ ਨਕਦੀ ਲੁੱਟੀ; ਮਹਿਲਾ ਅਤੇ ਉਸਦੇ ਪੁੱਤ ਖ਼ਿਲਾਫ਼ FIR ਦਰਜ

On: ਅਪ੍ਰੈਲ 13, 2026 11:29 ਪੂਃ ਦੁਃ

 

Punjab News: 8ਵੀਂ ਦੇ ਵਿਦਿਆਰਥੀ ਨੂੰ ਬਲੈਕਮੇਲ ਕਰਕੇ 50 ਲੱਖ ਦਾ ਸੋਨਾ ਅਤੇ 10 ਲੱਖ ਦੀ ਨਕਦੀ ਲੁੱਟੀ; ਮਹਿਲਾ ਅਤੇ ਉਸਦੇ ਪੁੱਤ ਖ਼ਿਲਾਫ਼ FIR ਦਰਜ

ਦਸੂਹਾ, 13 ਅਪ੍ਰੈਲ 2026: ਦਸੂਹਾ ਦੇ ਮੁਹੱਲਾ ਧੋਬੀਆਂ ਦੇ ਰਹਿਣ ਵਾਲੇ ਵਿਦਿਆਰਥੀ ਦੇ ਘਰੋਂ ਰਹੱਸਮਈ ਹਾਲਾਤ ਵਿੱਚ 340 ਗ੍ਰਾਮ ਸੋਨਾ (ਜਿਸ ਦੀ ਕੀਮਤ ਲਗਭਗ 50 ਲੱਖ ਰੁਪਏ ਹੈ) ਅਤੇ 10 ਲੱਖ ਰੁਪਏ ਨਕਦ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਰ ਦੇ ਮਾਲਕ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦਾ 13 ਸਾਲਾ ਪੁੱਤਰ, ਜੋ 8ਵੀਂ ਜਮਾਤ ਵਿੱਚ ਪੜ੍ਹਦਾ ਹੈ, ਅਤੇ ਉਸਦੇ ਕੁਝ ਨਾਬਾਲਗ ਦੋਸਤਾਂ ਨੂੰ ਇੱਕ ਔਰਤ ਅਤੇ ਇੱਕ ਲੜਕੇ ਨੇ ਵਰਗਲਾ ਕੇ ਆਪਣੀ ਕਾਰ ਵਿੱਚ ਬਿਠਾ ਲਿਆ।

ਉੱਥੇ ਉਨ੍ਹਾਂ ਨੂੰ ਜ਼ਬਰਦਸਤੀ ਇਲੈਕਟ੍ਰਿਕ ਸਿਗਰਟ ਪਿਲਾ ਕੇ ਉਨ੍ਹਾਂ ਦੀ ਵੀਡੀਓ ਬਣਾ ਲਈ ਗਈ। ਇਸ ਤੋਂ ਬਾਅਦ ਮੁਲਜ਼ਮ ਬੱਚੇ ਨੂੰ ਵੀਡੀਓ ਵਾਇਰਲ ਕਰਨ ਦੇ ਨਾਂ ‘ਤੇ ਬਲੈਕਮੇਲ ਕਰਨ ਲੱਗੇ ਅਤੇ ਉਸ ਨੂੰ ਘਰੋਂ ਸੋਨਾ ਤੇ ਨਕਦੀ ਲਿਆਉਣ ਲਈ ਮਜਬੂਰ ਕੀਤਾ।

ਡਰ ਦੇ ਮਾਰੇ ਬੱਚਾ ਦਿੰਦਾ ਰਿਹਾ ਸੋਨਾ ਤੇ ਕੈਸ਼

ਪੀੜਤ ਪਿਤਾ ਨੇ ਦੱਸਿਆ ਕਿ ਡਰ ਦੇ ਮਾਰੇ ਉਨ੍ਹਾਂ ਦਾ ਲੜਕਾ ਹੌਲੀ-ਹੌਲੀ ਮੁਲਜ਼ਮਾਂ ਨੂੰ ਸੋਨੇ ਦੇ ਬਿਸਕੁਟ, ਗਹਿਣੇ ਅਤੇ ਨਕਦੀ ਦਿੰਦਾ ਰਿਹਾ। ਜਦੋਂ ਮੁਲਜ਼ਮਾਂ ਦੀਆਂ ਮੰਗਾਂ ਵਧ ਗਈਆਂ ਤਾਂ ਉਹ ਬੱਚੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।

ਬੱਚੇ ਦੀ ਪ੍ਰੇਸ਼ਾਨੀ ਦੇਖ ਕੇ ਜਦੋਂ ਪਰਿਵਾਰ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਸਾਰੀ ਹੱਡਬੀਤੀ ਸੁਣਾਈ। ਬੱਚੇ ਕੋਲੋਂ 300 ਗ੍ਰਾਮ ਸੋਨੇ ਦੇ 3 ਬਿਸਕੁਟ, 40 ਗ੍ਰਾਮ ਸੋਨੇ ਦੇ ਗਹਿਣੇ ਅਤੇ 10 ਲੱਖ ਰੁਪਏ ਲਏ ਗਏ ਹਨ।

ਡੀ.ਐਸ.ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਅਤੇ ਜਾਂਚ ਅਧਿਕਾਰੀ ਏ.ਐਸ.ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਹਿਲਾ, ਉਸ ਦੇ ਬੇਟੇ ਅਤੇ 2 ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

 

Join WhatsApp

Join Now

Leave a Comment