Join WhatsApp

Join Now

Punjab News: ਥਾਣੇ ਦੀ ਹਵਾਲਾਤ ‘ਚ ਬੰਦ ਕੁੜੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ! ਪੰਜਾਬ ਪੁਲਿਸ ‘ਤੇ ਉੱਠੇ ਸਵਾਲ- ਮੈਜਿਸਟ੍ਰੇਟੀ ਜਾਂਚ ਦੇ ਹੁਕਮ

On: ਅਗਸਤ 10, 2026 2:01 ਬਾਃ ਦੁਃ

 

Punjab News: ਥਾਣੇ ਦੀ ਹਵਾਲਾਤ ‘ਚ ਬੰਦ ਕੁੜੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ! ਪੰਜਾਬ ਪੁਲਿਸ ‘ਤੇ ਉੱਠੇ ਸਵਾਲ- ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਥਾਣੇ ਦੇ ਬਾਥਰੂਮ ‘ਚ ਚੁੰਨੀ ਨਾਲ ਫਾਹਾ ਲੈਣ ਦਾ ਦਾਅਵਾ; ਪਰਿਵਾਰ ਬੋਲਿਆ- “ਸਾਡੀ ਧੀ ਖ਼ੁਦਕੁਸ਼ੀ ਨਹੀਂ ਕਰ ਸਕਦੀ, ਹੋਇਆ ਧੱਕਾ”

ਭਿੱਖੀਵਿੰਡ / ਤਰਨ ਤਾਰਨ, 10 ਅਗਸਤ 2026- ਸਰਹੱਦੀ ਖੇਤਰ ਦੇ ਪਿੰਡ ਕਲਸੀਆਂ ਕਲਾਂ ਵਿੱਚ ਬੀਤੇ ਦਿਨੀਂ ਹੋਏ ਚਰਚਿਤ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ 20 ਸਾਲਾ ਮੁਟਿਆਰ ਰਾਜਬੀਰ ਕੌਰ ਦੀ ਐਤਵਾਰ ਦੀ ਰਾਤ ਥਾਣਾ ਭਿੱਖੀਵਿੰਡ ਦੇ ਬਾਥਰੂਮ ਵਿੱਚ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਦਾ ਦਾਅਵਾ ਹੈ ਕਿ ਲੜਕੀ ਨੇ ਬਾਥਰੂਮ ਵਿੱਚ ਆਪਣੀ ਚੁੰਨੀ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ ਹੈ। ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰ ਨੇ ਪੁਲੀਸ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਉੱਚ ਪੱਧਰੀ ਇਨਸਾਫ਼ ਦੀ ਮੰਗ ਕੀਤੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਕਲਸੀਆਂ ਕਲਾਂ ਵਿੱਚ ਬੀਤੇ ਦਿਨੀਂ ਚੋਰੀ ਦੇ ਸ਼ੱਕ ਨੂੰ ਲੈ ਕੇ ਕੁੱਝ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੌਰਾਨ ਇੱਕ 70 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਕੁੱਲ ਨੌਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿੱਚ 20 ਸਾਲਾ ਰਾਜਬੀਰ ਕੌਰ ਦਾ ਨਾਂ ਵੀ ਸ਼ਾਮਲ ਸੀ। ਪੁਲੀਸ ਵੱਲੋਂ ਰਾਜਬੀਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਪਿਛਲੇ ਚਾਰ ਦਿਨਾਂ ਤੋਂ ਪੁਲੀਸ ਹਿਰਾਸਤ (ਥਾਣੇ) ਵਿੱਚ ਰੱਖਿਆ ਗਿਆ ਸੀ।

ਪੁਲੀਸ ਅਧਿਕਾਰੀਆਂ ਮੁਤਾਬਿਕ ਐਤਵਾਰ ਸਵੇਰੇ ਰਾਜਬੀਰ ਕੌਰ ਨੇ ਡਿਊਟੀ ’ਤੇ ਤਾਇਨਾਤ ਮਹਿਲਾ ਕਾਂਸਟੇਬਲ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ ਸੀ। ਮਹਿਲਾ ਕਾਂਸਟੇਬਲ ਦੀ ਦੇਖ-ਰੇਖ ਹੇਠ ਉਸ ਨੂੰ ਬਾਥਰੂਮ ਭੇਜਿਆ ਗਿਆ। ਬਾਥਰੂਮ ਵਿੱਚ ਜਾਣ ਤੋਂ ਬਾਅਦ ਜਦੋਂ ਰਾਜਬੀਰ ਕੌਰ ਕਾਫ਼ੀ ਸਮੇਂ ਤੱਕ ਬਾਹਰ ਨਾ ਆਈ ਤਾਂ ਮਹਿਲਾ ਕਾਂਸਟੇਬਲ ਨੇ ਸ਼ੱਕ ਪੈਣ ‘ਤੇ ਅੰਦਰ ਜਾ ਕੇ ਦੇਖਿਆ। ਅੰਦਰ ਰਾਜਬੀਰ ਕੌਰ ਨੇ ਆਪਣੀ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ। ਪੁਲੀਸ ਮੁਲਾਜ਼ਮਾਂ ਵੱਲੋਂ ਉਸ ਨੂੰ ਤੁਰੰਤ ਹੇਠਾਂ ਉਤਾਰ ਕੇ ਨੇੜਲੇ ਸਰਕਾਰੀ ਹਸਪਤਾਲ ਸੁਰਸਿੰਘ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹਿਰਾਸਤੀ ਮੌਤ (Custodial Death) ਦਾ ਮਾਮਲਾ ਹੋਣ ਕਾਰਨ ਪੁਲੀਸ ਵੱਲੋਂ ਘਟਨਾ ਦੀ ਤੁਰੰਤ ਜਾਣਕਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਸੈਸ਼ਨ ਜੱਜ ਨੇ ਮਾਮਲੇ ਦੀ ਨਿਰਪੱਖ ਮੈਜਿਸਟ੍ਰੇਟ ਜਾਂਚ ਲਾਜ਼ਮੀ ਕਰਦਿਆਂ ਜੇ.ਐੱਮ.ਆਈ.ਸੀ. (JMIC) ਪੱਟੀ, ਸਿਮਰਜੀਤ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਇਸ ਦੌਰਾਨ ਮ੍ਰਿਤਕਾ ਰਾਜਬੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਦੀ ਭੂਮਿਕਾ ‘ਤੇ ਗੰਭੀਰ ਸਵਾਲ ਚੁੱਕੇ ਹਨ।

ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਕਦੇ ਵੀ ਖ਼ੁਦਕੁਸ਼ੀ ਵਰਗਾ ਕਦਮ ਨਹੀਂ ਚੁੱਕ ਸਕਦੀ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਹਿਰਾਸਤ ਦੌਰਾਨ ਉਸ ਨਾਲ ਕੁੱਝ ਗ਼ਲਤ ਹੋਇਆ ਹੈ, ਜਿਸ ਨੂੰ ਛੁਪਾਉਣ ਲਈ ਖ਼ੁਦਕੁਸ਼ੀ ਦਾ ਰੂਪ ਦਿੱਤਾ ਜਾ ਰਹਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੀ ਧੀ ਨੂੰ ਇਨਸਾਫ਼ ਮਿਲ ਸਕੇ।

ਦੂਜੇ ਪਾਸੇ, ਥਾਣਾ ਭਿੱਖੀਵਿੰਡ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਪਰਿਵਾਰਕ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਜਬੀਰ ਕੌਰ ਨੇ ਆਮ ਵਾਂਗ ਬਾਥਰੂਮ ਜਾਣ ਦੀ ਗੱਲ ਕਹੀ ਸੀ ਅਤੇ ਪੁਲੀਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਖ਼ੌਫ਼ਨਾਕ ਕਦਮ ਚੁੱਕ ਲਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲੀਸ ਵੱਲੋਂ ਲੜਕੀ ਨਾਲ ਕੋਈ ਧੱਕੇਸ਼ਾਹੀ ਜਾਂ ਕਿਸੇ ਕਿਸਮ ਦਾ ਟਾਰਚਰ ਨਹੀਂ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਮੈਜਿਸਟ੍ਰੇਟ ਜਾਂਚ ਦੌਰਾਨ ਦੂਧ ਦਾ ਦੂਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਸਾਰੇ ਤੱਥ ਸਾਹਮਣੇ ਆ ਜਾਣਗੇ।

 

Leave a Comment