Punjab News: ਆਵਾਰਾ ਪਸ਼ੂਆਂ ਨੂੰ ਬਚਾਉਂਦਿਆਂ ਮੋਟਰਸਾਈਕਲ ਤਿਲਕਿਆ; 17 ਸਾਲਾ ਨੌਜਵਾਨ ਦੀ ਮੌਤ
ਸਮਾਣਾ/ਘੱਗਾ, 25 ਜੂਨ 2026-

ਸਮਾਣਾ-ਪਾਤੜਾਂ ਮੁੱਖ ਸੜਕ ’ਤੇ ਪਿੰਡ ਘੱਗਾ ਨੇੜੇ ਆਵਾਰਾ ਪਸ਼ੂਆਂ ਕਾਰਨ ਇੱਕ ਹੋਰ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੜਕ ‘ਤੇ ਅਚਾਨਕ ਆਏ ਆਵਾਰਾ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਮੋਟਰਸਾਈਕਲ ਬੇਕਾਬੂ ਹੋ ਕੇ ਤਿਲਕ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਘੱਗਾ ਪੁਲੀਸ ਦੇ ਏ.ਐੱਸ.ਆਈ. (ASI) ਬੂਟਾ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਧਰਮਿੰਦਰ ਕੁਮਾਰ (17) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਵਾਸੀ ਘੱਗਾ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ, ਧਰਮਿੰਦਰ ਕੁਮਾਰ 30 ਅਗਸਤ ਦੀ ਸ਼ਾਮ ਨੂੰ ਘਰੋਂ ਰੋਟੀ ਖਾਣ ਤੋਂ ਬਾਅਦ ਆਪਣੇ ਦੋਸਤ ਲਵਪ੍ਰੀਤ ਦਾਸ ਨਾਲ ਉਸ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਜ਼ਾਰ ਗਿਆ ਸੀ।
ਜਦੋਂ ਉਹ ਦੋਵੇਂ ਪਿੰਡ ਘੱਗਾ ਦੇ ਪੈਟਰੋਲ ਪੰਪ ਨੇੜੇ ਪਹੁੰਚੇ, ਤਾਂ ਅਚਾਨਕ ਖੇਤਾਂ ’ਚੋਂ ਨਿਕਲ ਕੇ ਕੁਝ ਆਵਾਰਾ ਪਸ਼ੂ ਸੜਕ ’ਤੇ ਆ ਗਏ। ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲਵਪ੍ਰੀਤ ਦਾਸ ਨੇ ਮੋਟਰਸਾਈਕਲ ਦੀ ਬ੍ਰੇਕ ਮਾਰੀ, ਜਿਸ ਕਾਰਨ ਮੋਟਰਸਾਈਕਲ ਸੜਕ ‘ਤੇ ਬੁਰੀ ਤਰ੍ਹਾਂ ਤਿਲਕ ਗਿਆ ਅਤੇ ਦੋਵੇਂ ਨੌਜਵਾਨ ਸੜਕ ’ਤੇ ਜਾ ਡਿੱਗੇ।
ਸੜਕ ‘ਤੇ ਡਿੱਗਣ ਕਾਰਨ ਧਰਮਿੰਦਰ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖ਼ਲ ਕਰਵਾਇਆ ਗਿਆ। ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਸਿਵਲ ਹਸਪਤਾਲ ਵਿੱਚ ਧਰਮਿੰਦਰ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ-174 ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।















