Punjab News: ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਰਿਸ਼ਵਤ ਲੈਂਦਿਆਂ ਵੀਡੀਓ ਵਾਇਰਲ; SSP ਵੱਲੋਂ ਤੁਰੰਤ ਮੁਅੱਤਲ, ਵਿਭਾਗੀ ਜਾਂਚ ਸ਼ੁਰੂ- ਨੂਰਮਹਿਲ ਬਾਈਪਾਸ ‘ਤੇ ਤੈਨਾਤ ਮੁਲਾਜ਼ਮ ਟਰੱਕ ਡਰਾਈਵਰ ਤੋਂ ਪੈਸੇ ਲੈਂਦਾ ਕੈਮਰੇ ‘ਚ ਹੋਇਆ ਕੈਦ- ਟਰੱਕ ‘ਚ ਲੱਗੇ ਕੈਮਰੇ ਨੇ ਖੋਲ੍ਹੀ ਪੋਲ; ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਵਿਭਾਗ ‘ਚ ਮਚੀ ਹਲਚਲ
ਜਲੰਧਰ, 8 ਜੂਨ 2026:
Punjab News: ਪੰਜਾਬ ਪੁਲਿਸ ਦੇ ਅਕਸ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਨ ਵਾਲੀ ਇੱਕ ਵੀਡੀਓ ਜਲੰਧਰ ਦੇ ਨੂਰਮਹਿਲ ਬਾਈਪਾਸ ਤੋਂ ਸਾਹਮਣੇ ਆਈ ਹੈ। ਇੱਥੇ ਟ੍ਰੈਫਿਕ ਨਾਕੇ ‘ਤੇ ਤੈਨਾਤ ਇੱਕ ਪੁਲਿਸ ਮੁਲਾਜ਼ਮ ਕਥਿਤ ਤੌਰ ‘ਤੇ ਟਰੱਕ ਚਾਲਕ ਤੋਂ ਪੈਸੇ ਲੈਂਦਾ ਕੈਮਰੇ ਵਿੱਚ ਕੈਦ ਹੋ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਅਤੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਟ੍ਰੈਫਿਕ ਨਾਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮ ਇੱਕ ਟਰੱਕ ਨੂੰ ਰੋਕਦਾ ਹੈ ਅਤੇ ਚਾਲਕ ਤੋਂ ਦਸਤਾਵੇਜ਼ ਦਿਖਾਉਣ ਲਈ ਕਹਿੰਦਾ ਹੈ। ਇਸੇ ਦੌਰਾਨ ਚਾਲਕ ਪੁਲਿਸ ਮੁਲਾਜ਼ਮ ਨੂੰ ਕੁਝ ਪੈਸੇ ਦਿੰਦਾ ਨਜ਼ਰ ਆਉਂਦਾ ਹੈ।
ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮ ਬੈਰੀਕੇਡ ਹਟਾ ਕੇ ਟਰੱਕ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ। ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਟਰੱਕ ਵਿੱਚ ਲੱਗੇ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ। ਬਾਅਦ ਵਿੱਚ ਟਰੱਕ ਚਾਲਕ ਨੇ ਇਹ ਵੀਡੀਓ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਸਬੰਧਤ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਪੁਲਿਸ ਲਾਈਨ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਇਹ ਜਾਂਚ ਲਖਵਿੰਦਰ ਸਿੰਘ, ਉਪ ਪੁਲਿਸ ਕਪਤਾਨ (ਡੀਟੈਕਟਿਵ), ਜਲੰਧਰ ਦਿਹਾਤੀ ਨੂੰ ਸੌਂਪੀ ਗਈ ਹੈ।
ਜਾਂਚ ਦੌਰਾਨ ਵਾਇਰਲ ਵੀਡੀਓ ਨਾਲ ਸਬੰਧਤ ਸਾਰੇ ਤੱਥਾਂ ਅਤੇ ਹਾਲਾਤਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


















