ਸਿੱਖਿਆ ਖੇਤਰ ‘ਚ ਇਤਿਹਾਸਕ ਮੱਲ: ਕੇਰਲਾ ਨੂੰ ਪਛਾੜ ਕੇ ਪੰਜਾਬ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਆਇਆ – ਸੀਐੱਮ ਭਗਵੰਤ ਮਾਨ
ਸਿੱਖਿਆ ਖੇਤਰ ਵਿੱਚ ਪੰਜਾਬ ਨੇ ਰਚਿਆ ਇਤਿਹਾਸ, ਕੇਰਲਾ ਨੂੰ ਪਛਾੜ ਕੇ ਦੇਸ਼ ਵਿੱਚੋਂ ਹਾਸਲ ਕੀਤਾ ਪਹਿਲਾ ਸਥਾਨ: ਮੁੱਖ ਮੰਤਰੀ ਭਗਵੰਤ ਮਾਨ
ਮੋਹਾਲੀ/ਚੰਡੀਗੜ੍ਹ, 3 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿਖੇ ਇੱਕ ਸਮਾਗਮ ਦੌਰਾਨ ਨਵ-ਨਿਯੁਕਤ ਨੌਜਵਾਨਾਂ ਅਤੇ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਸੂਬੇ ਵਿੱਚ ਹੋਏ ਵੱਡੇ ਸੁਧਾਰਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਭਰ ਵਿੱਚੋਂ 27ਵੇਂ ਨੰਬਰ ਤੋਂ ਛਾਲ ਮਾਰ ਕੇ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਮਾਮਲੇ ਵਿੱਚ ਕੇਰਲਾ ਵਰਗੇ ਮੋਹਰੀ ਸੂਬੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ। ਸਕੂਲੀ ਸਿੱਖਿਆ ਵਿੱਚ ਆਏ ਇਸ ਇਨਕਲਾਬੀ ਬਦਲਾਅ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਯੋਜਨਾਬੱਧ ਨੀਤੀਆਂ ਅਤੇ ਇਮਾਨਦਾਰ ਨੀਅਤ ਦਾ ਨਤੀਜਾ ਹੈ। ਸਰਕਾਰ ਨੇ ਸਕੂਲਾਂ ਦਾ ਪੂਰੀ ਤਰ੍ਹਾਂ ਕਾਇਆ-ਕਲਪ ਕੀਤਾ ਹੈ। ਨਵੀਂ ਮਾਸਟਰ ਕੈਡਰ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਲਈ ਸਿੰਗਾਪੁਰ ਅਤੇ ਫਿਨਲੈਂਡ ਵਰਗੇ ਦੇਸ਼ਾਂ ਵਿੱਚ ਭੇਜਿਆ ਗਿਆ।
ਇਸ ਤੋਂ ਇਲਾਵਾ, ਅਧਿਆਪਕਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੰਮ ਲੈਣ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਸਕੂਲਾਂ ਵਿੱਚ ਗ਼ੈਰ-ਅਧਿਆਪਨ ਅਮਲਾ (ਨੌਨ-ਟੀਚਿੰਗ ਸਟਾਫ਼) ਤਾਇਨਾਤ ਕੀਤਾ ਗਿਆ ਹੈ। ਸਕੂਲਾਂ ਵਿੱਚ ਆਧੁਨਿਕ ਪ੍ਰਯੋਗਸ਼ਾਲਾਵਾਂ (ਲੈਬਾਂ) ਅਤੇ ਸਮਾਰਟ ਕਲਾਸ-ਰੂਮ ਤਿਆਰ ਕੀਤੇ ਗਏ ਹਨ, ਜਿਸ ਦੇ ਸਿੱਟੇ ਵਜੋਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ।
















