Punjab Teacher Transfer News! ਅਧਿਆਪਕਾਂ ਦੇ ਤਬਾਦਲਿਆਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ; ਟਰਾਂਸਫਰ ਪ੍ਰਕਿਰਿਆ ਨੂੰ ਦਿੱਤੀ ਹਰੀ ਝੰਡੀ, ਪਰ 1 ਅਕਤੂਬਰ ਤੱਕ ਰਹਿਣਗੇ ਮੁਲਤਵੀ
ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਕੰਮਲ ਹੋਣ ਤੱਕ ਕਰਮਚਾਰੀਆਂ ਨੂੰ ਮੌਜੂਦਾ ਤਾਇਨਾਤੀ ਵਾਲੀ ਥਾਂ ‘ਤੇ ਹੀ ਕਰਨਾ ਹੋਵੇਗਾ ਕੰਮ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨਾਲ ਡੀ.ਟੀ.ਐੱਫ. (DTF) ਦੇ ਵਫ਼ਦ ਦੀ ਮੁਲਾਕਾਤ ਤੋਂ ਬਾਅਦ ਮਿਲੀ ਰਾਹਤ
ਸੂਬੇ ‘ਚ ਤਾਇਨਾਤ 24,500 ਬੀ.ਐੱਲ.ਓਜ਼ (BLOs) ਵਿੱਚੋਂ ਕਰੀਬ 16,500 ਅਧਿਆਪਕ; ਬਦਲੀਆਂ ਦੇ ਅਮਲ ਨੂੰ ਲੈ ਕੇ ਬਣਿਆ ਸਸਪੈਂਸ ਖ਼ਤਮ
ਚੰਡੀਗੜ੍ਹ, 26 ਜੂਨ 2026-
Punjab Teacher Transfer News! ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਮੁਹਿੰਮ ਵਿੱਚ ਤਾਇਨਾਤ ਅਧਿਆਪਕਾਂ ਦੇ ਤਬਾਦਲਿਆਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਇੱਕ ਅਹਿਮ ਅਤੇ ਸਪੱਸ਼ਟ ਫੈਸਲਾ ਸੁਣਾਇਆ ਹੈ। ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਜਿਨ੍ਹਾਂ ਅਧਿਆਪਕਾਂ ਦੇ ਤਬਾਦਲੇ ਹੋ ਚੁੱਕੇ ਹਨ, ਉਨ੍ਹਾਂ ਦੇ ਤਬਾਦਲੇ ਵਿਸ਼ੇਸ਼ ਸੁਧਾਈ (SIR) ਦਾ ਅਮਲ ਮੁਕੰਮਲ ਹੋਣ ਤੱਕ ਮੁਲਤਵੀ (Postpone) ਰੱਖੇ ਜਾਣਗੇ।
ਹਾਲਾਂਕਿ, ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਸਿੱਖਿਆ ਵਿਭਾਗ ਨੂੰ ਲੰਬਿਤ (Pending) ਅਤੇ ਭਵਿੱਖੀ ਤਬਾਦਲਿਆਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਆਗਿਆ ਦੇ ਦਿੱਤੀ ਹੈ। ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਬੰਧਿਤ ਕਰਮਚਾਰੀਆਂ ਨੂੰ 1 ਅਕਤੂਬਰ ਨੂੰ ਸੁਧਾਈ ਪ੍ਰਕਿਰਿਆ ਪੂਰੀ ਹੋਣ ਤੱਕ ਆਪਣੀ ਮੌਜੂਦਾ ਤਾਇਨਾਤੀ ਵਾਲੀ ਥਾਂ ’ਤੇ ਹੀ ਲਗਾਤਾਰ ਕੰਮ ਕਰਨਾ ਹੋਵੇਗਾ ਅਤੇ ਉਹ ਇਸ ਤੋਂ ਪਹਿਲਾਂ ਨਵੀਂ ਜਗ੍ਹਾ ਜੁਆਇਨ ਨਹੀਂ ਕਰ ਸਕਣਗੇ।
ਡੀ.ਟੀ.ਐੱਫ. (DTF) ਦੇ ਵਫ਼ਦ ਦੀ ਮੁਲਾਕਾਤ ਤੋਂ ਬਾਅਦ ਨਿਕਲਿਆ ਹੱਲ

ਵੇਰਵਿਆਂ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕੰਮ ‘ਤੇ ਕਰੀਬ 24,500 ਬੂਥ ਲੈਵਲ ਅਫ਼ਸਰ (BLO) ਤਾਇਨਾਤ ਹਨ, ਜਿਨ੍ਹਾਂ ਵਿੱਚੋਂ ਕਰੀਬ 16,500 ਅਧਿਆਪਕ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ (DTF) ਪੰਜਾਬ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ (CEO) ਅਨੰਦਿਤਾ ਮਿੱਤਰਾ ਨਾਲ ਮੁਲਾਕਾਤ ਕੀਤੀ ਅਤੇ ਬੀ.ਐੱਲ.ਓਜ਼ ਤੇ ਸੁਪਰਵਾਈਜ਼ਰਾਂ ਨਾਲ ਸਬੰਧਿਤ ਮੁੱਖ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਡੀ.ਟੀ.ਐੱਫ. ਨੇ ਆਗੂਆਂ ਨੇ ਤਰਕ ਦਿੱਤਾ ਕਿ ਸਿੱਖਿਆ ਵਿਭਾਗ ਦੀ ਤਬਾਦਲਾ ਨੀਤੀ ਤਹਿਤ ਪੰਜਾਬ ਵਿੱਚ ਅਧਿਆਪਕਾਂ ਦੇ ਤਬਾਦਲੇ ਸਾਲ ਵਿੱਚ ਸਿਰਫ਼ ਇੱਕ ਵਾਰ ਹੁੰਦੇ ਹਨ, ਇਸ ਲਈ ਇਨ੍ਹਾਂ ਤਬਾਦਲਿਆਂ ਨੂੰ ਪੂਰੀ ਤਰ੍ਹਾਂ ਰੋਕਿਆ ਨਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਨੂੰ ਤਬਾਦਲੇ ਕਰਨ ਦੀ ਪ੍ਰਕਿਰਿਆ ਜਾਰੀ ਰੱਖਣ ਦਿੱਤੀ ਜਾਵੇ, ਪਰ ਉਨ੍ਹਾਂ ਦਾ ਜ਼ਮੀਨੀ ਅਮਲ 1 ਅਕਤੂਬਰ ਤੋਂ ਬਾਅਦ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਅਧਿਆਪਕ ਬੀ.ਐੱਲ.ਓਜ਼ ਵਜੋਂ ਡਿਊਟੀ ‘ਤੇ ਤਾਇਨਾਤ ਹੋਣ ਕਰਕੇ ਆਪਣੇ ਸਬੰਧਿਤ ਸਕੂਲਾਂ ਵਿੱਚੋਂ ਤਾਂ ਪਹਿਲਾਂ ਹੀ ਰਿਲੀਵ (ਫ਼ਾਰਗ) ਹੋ ਚੁੱਕੇ ਹਨ। ਅਧਿਆਪਕ ਜਥੇਬੰਦੀ ਦੀ ਇਸ ਵਾਜਿਬ ਮੰਗ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਇਹ ਵਿਸ਼ੇਸ਼ ਛੋਟ ਦੇ ਦਿੱਤੀ ਹੈ ਕਿ ਸਿੱਖਿਆ ਵਿਭਾਗ ਤਬਾਦਲਿਆਂ ਦੇ ਆਰਡਰ ਜਾਰੀ ਕਰ ਸਕਦਾ ਹੈ।
ਪਰ ਇਨ੍ਹਾਂ ‘ਤੇ ਅੰਤਿਮ ਅਮਲ 1 ਅਕਤੂਬਰ ਤੋਂ ਬਾਅਦ ਹੀ ਪ੍ਰਭਾਵਸ਼ਾਲੀ ਮੰਨਿਆ ਜਾਵੇਗਾ। ਚੋਣ ਕਮਿਸ਼ਨ ਦੇ ਇਸ ਫੈਸਲੇ ਨਾਲ ਜਿੱਥੇ ਸੁਧਾਈ ਦਾ ਕੰਮ ਬਿਨਾਂ ਕਿਸੇ ਰੁਕਾਵਟ ਤੋਂ ਚੱਲੇਗਾ, ਉੱਥੇ ਹੀ ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ।
















