Punjab Weather Yellow Alert: ਜੂਨ ਦੇ ਅੱਧ ਵਿਚਾਲੇ ਸ਼ੁਰੂ ਹੋ ਸਕਦੀਆਂ ਨੇ ਪ੍ਰੀ-ਮਾਨਸੂਨ ਗਤੀਵਿਧੀਆਂ; ਕਈ ਜ਼ਿਲ੍ਹਿਆਂ ‘ਚ ਗਰਜ-ਚਮਕ ਨਾਲ ਮੀਂਹ ਦੇ ਆਸਾਰ- 11 ਜੂਨ ਤੋਂ ਨਵੀਂ ਪੱਛਮੀ ਗੜਬੜੀ (Western Disturbance) ਕਾਰਨ ਮੌਸਮ ਫਿਰ ਲਵੇਗਾ ਕਰਵਟ
ਚੰਡੀਗੜ੍ਹ, 8 ਜੂਨ 2026:
Punjab Weather Yellow Alert: ਪੰਜਾਬ ਵਿੱਚ ਗਰਮੀ ਤੋਂ ਰਾਹਤ ਅਤੇ ਮਾਨਸੂਨ ਦੀ ਉਡੀਕ ਕਰ ਰਹੇ ਲੋਕਾਂ ਲਈ ਮੌਸਮ ਵਿਭਾਗ ਵੱਲੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ ਜੇਕਰ ਮਾਨਸੂਨ ਦੀ ਮੌਜੂਦਾ ਰਫ਼ਤਾਰ ਬਣੀ ਰਹੀ ਅਤੇ ਹਾਲਾਤ ਅਨੁਕੂਲ ਰਹੇ, ਤਾਂ ਮਾਨਸੂਨ 20 ਤੋਂ 25 ਜੂਨ ਦੇ ਵਿਚਕਾਰ ਪੰਜਾਬ ਵਿੱਚ ਪ੍ਰਵੇਸ਼ ਕਰ ਸਕਦਾ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਆਮ ਨਾਲੋਂ 8 ਤੋਂ 10 ਫ਼ੀਸਦੀ ਤੱਕ ਘੱਟ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜੂਨ ਦੇ ਅੱਧ ਤੋਂ ਸੂਬੇ ਵਿੱਚ ਪ੍ਰੀ-ਮਾਨਸੂਨ ਗਤੀਵਿਧੀਆਂ ਸ਼ੁਰੂ ਹੋ ਸਕਦੀਆਂ ਹਨ, ਜਿਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਤੇਜ਼ ਮੀਂਹ ਪੈਣ ਦੇ ਆਸਾਰ ਹਨ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਬਾਰਿਸ਼ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਹੁਣ ਪਾਰਾ ਆਮ ਨਾਲੋਂ 3.4 ਡਿਗਰੀ ਹੇਠਾਂ ਪਹੁੰਚ ਗਿਆ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ‘ਯੈਲੋ ਅਲਰਟ’ ਜਾਰੀ
ਮੌਸਮ ਵਿਭਾਗ ਨੇ ਪੰਜਾਬ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 8 ਜੂਨ ਤੋਂ ਮੌਸਮ ਦੇ ਮੁੜ ਖ਼ੁਸ਼ਕ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਧੁੱਪ ਤਿੱਖੀ ਹੋ ਸਕਦੀ ਹੈ।
ਹਾਲਾਂਕਿ, ਇਹ ਰਾਹਤ ਜ਼ਿਆਦਾ ਦਿਨ ਨਹੀਂ ਰਹੇਗੀ ਕਿਉਂਕਿ 11 ਜੂਨ ਤੋਂ ਇੱਕ ਨਵੀਂ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਸਰਗਰਮ ਹੋ ਰਹੀ ਹੈ। ਇਸ ਕਾਰਨ ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੁੜ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ।















